ਪੰਜਾਬ ਦੀ ਧੀ ਸਿਫ਼ਤ ਕੌਰ ਨੇ ਵਿਸ਼ਵ ਕੱਪ 'ਚ ਗੱਡੇ ਝੰਡੇ, Gold 'ਤੇ ਲਾਇਆ ਨਿਸ਼ਾਨਾ

Saturday, Apr 05, 2025 - 12:52 PM (IST)

ਪੰਜਾਬ ਦੀ ਧੀ ਸਿਫ਼ਤ ਕੌਰ ਨੇ ਵਿਸ਼ਵ ਕੱਪ 'ਚ ਗੱਡੇ ਝੰਡੇ, Gold 'ਤੇ ਲਾਇਆ ਨਿਸ਼ਾਨਾ

ਨਵੀਂ ਦਿੱਲੀ- ਭਾਰਤੀ ਨਿਸ਼ਾਨੇਬਾਜ਼ ਸਿਫਤ ਕੌਰ ਸਮਰਾ ਨੇ ਅਰਜਨਟੀਨਾ ਦੇ ਬਿਊਨਸ ਆਇਰਸ ਵਿੱਚ ਚੱਲ ਰਹੇ ਐਫ ਸ਼ੂਟਿੰਗ ਵਿਸ਼ਵ ਕੱਪ ਵਿੱਚ ਮਹਿਲਾਵਾਂ ਦੀ 50 ਮੀਟਰ ਰਾਈਫਲ 3 ਪੋਜੀਸ਼ਨ (3P) ਦੇ ਫਾਈਨਲ ਵਿੱਚ ਪਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਸੋਨ ਤਗਮਾ ਜਿੱਤਿਆ। ਇਹ ISSF ਵਿਸ਼ਵ ਕੱਪ ਵਿੱਚ ਉਸਦਾ ਪਹਿਲਾ ਵਿਅਕਤੀਗਤ ਸੋਨ ਤਗਮਾ ਹੈ। ਫਰੀਦਕੋਟ ਦੀ 23 ਸਾਲਾ ਸਿਫਤ ਨੇ ਸ਼ੁੱਕਰਵਾਰ ਦੇਰ ਰਾਤ ਟੀਰੋ ਫੈਡਰਲ ਅਰਜਨਟੀਨੋ ਡੀ ਬਿਊਨਸ ਆਇਰਸ ਸ਼ੂਟਿੰਗ ਰੇਂਜ ਵਿੱਚ ਸੀਜ਼ਨ ਦੇ ਪਹਿਲੇ ਵਿਸ਼ਵ ਕੱਪ ਵਿੱਚ ਭਾਰਤ ਨੂੰ ਆਪਣਾ ਪਹਿਲਾ ਸੋਨ ਤਗਮਾ ਦਿਵਾਇਆ। 

ਇਹ ਵੀ ਪੜ੍ਹੋ : 50 ਰੁਪਏ ਲਾ ਕੇ ਜਿੱਤ ਲਏ 3 ਕਰੋੜ! ਰਾਤੋ-ਰਾਤ ਪਲਟ ਗਈ ਕਿਸਮਤ

ਵਿਸ਼ਵ ਰਿਕਾਰਡ ਧਾਰਕ ਸਿਫਤ ਨੀਲਿੰਜ ਪੋਜ਼ੀਸ਼ਨ ਵਿਚ (ਗੋਡਿਆਂ ਭਾਰ) 15 ਸ਼ਾਟ ਲਗਾਉਣ ਤੋਂ ਬਾਅਦ ਜਰਮਨੀ ਦੀ ਅਨੀਤਾ ਮੈਂਗੋਲਡ ਤੋਂ 7.2 ਅੰਕ ਪਿੱਛੇ ਸੀ। ਹਾਲਾਂਕਿ, ਉਸਨੇ ਫਿਰ ਪ੍ਰੋਨ ਅਤੇ ਸਟੈਂਡਿੰਗ ਪੋਜੀਸ਼ਨਾਂ ਵਿੱਚ ਇੱਕ ਸੁਪਨਮਈ ਵਾਪਸੀ ਕੀਤੀ ਅਤੇ ਪਹਿਲਾ ਸਥਾਨ ਹਾਸਲ ਕੀਤਾ। ਸਿਫਤ 45-ਸ਼ਾਟ ਫਾਈਨਲ ਤੋਂ ਬਾਅਦ 458.6 ਅੰਕਾਂ ਨਾਲ ਪਹਿਲੇ ਸਥਾਨ 'ਤੇ ਰਹੀ, ਜਦੋਂ ਕਿ ਮੈਂਗੋਲਡ 455.3 ਅੰਕਾਂ ਨਾਲ 3.3 ਅੰਕ ਪਿੱਛੇ ਰਗੀ। ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਤਮਗਾ ਜੇਤੂ ਕਜ਼ਾਕਿਸਤਾਨ ਦੀ ਅਰੀਨਾ ਅਲਤੁਖੋਵਾ 44ਵੇਂ ਸ਼ਾਟ ਤੋਂ ਬਾਅਦ 445.9 ਦੇ ਸਕੋਰ ਨਾਲ ਬਾਹਰ ਹੋਣ ਤੋਂ ਬਾਅਦ ਤੀਜੇ ਸਥਾਨ 'ਤੇ ਰਹੀ।

ਭਾਰਤ ਮੁਕਾਬਲੇ ਦੇ ਪਹਿਲੇ ਦਿਨ ਕੋਈ ਤਗਮਾ ਜਿੱਤਣ ਵਿੱਚ ਅਸਫਲ ਰਿਹਾ ਸੀ ਪਰ ਹੁਣ ਇਸਦੇ ਨਾਮ ਇੱਕ ਸੋਨ ਅਤੇ ਇੱਕ ਕਾਂਸੀ ਦਾ ਤਗਮਾ ਹੈ ਅਤੇ ਉਹ ਤਗਮਾ ਸੂਚੀ ਵਿੱਚ ਦੂਜੇ ਸਥਾਨ 'ਤੇ ਹੈ। ਭਾਰਤ ਲਈ ਕਾਂਸੀ ਦਾ ਤਗਮਾ ਚੈਨ ਸਿੰਘ ਨੇ ਪੁਰਸ਼ਾਂ ਦੇ 3P ਵਿੱਚ ਜਿੱਤਿਆ। ਚੀਨ ਇੱਕ ਸੋਨਾ ਅਤੇ ਇੱਕ ਚਾਂਦੀ ਦੇ ਤਗਮੇ ਨਾਲ ਸੂਚੀ ਵਿੱਚ ਸਿਖਰ 'ਤੇ ਹੈ। ਸਿਫਤ ਨੇ ਕੁਆਲੀਫਾਇੰਗ ਵਿੱਚ 590 ਦੇ ਸਕੋਰ ਨਾਲ ਪਹਿਲਾ ਸਥਾਨ ਪ੍ਰਾਪਤ ਕਰਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਸੀ। ਸਵਿਟਜ਼ਰਲੈਂਡ ਦੀ ਮੌਜੂਦਾ ਓਲੰਪਿਕ ਚੈਂਪੀਅਨ ਚਿਆਰਾ ਲਿਓਨ ਅਤੇ ਸਾਬਕਾ ਓਲੰਪਿਕ ਚੈਂਪੀਅਨ ਨੀਨਾ ਕ੍ਰਿਸਟਨ ਚੋਟੀ ਦੇ ਅੱਠਾਂ ਵਿੱਚ ਜਗ੍ਹਾ ਬਣਾਉਣ ਵਿੱਚ ਅਸਫਲ ਰਹੀਆਂ। ਕਜ਼ਾਕਿਸਤਾਨ ਦੀ ਅਲੈਗਜ਼ੈਂਡਰੀਆ ਲੇ ਅਤੇ ਅਮਰੀਕਾ ਦੀ ਮੈਰੀ ਟਕਰ ਵਰਗੀਆਂ ਓਲੰਪਿਕ ਤਗਮਾ ਜੇਤੂ ਵੀ ਕੁਆਲੀਫਾਇੰਗ ਰੁਕਾਵਟ ਨੂੰ ਪਾਰ ਕਰਨ ਵਿੱਚ ਅਸਫਲ ਰਹੀਆਂ। 

ਇਹ ਵੀ ਪੜ੍ਹੋ : IPL ਦੇ 10 ਸਭ ਤੋਂ ਅਮੀਰ ਕੋਚ ਤੇ ਉਨ੍ਹਾਂ ਦੀ ਨੈੱਟ ਵਰਥ, ਰਿਕੀ ਪੋਂਟਿੰਗ ਦੀ ਕਮਾਈ ਜਾਣ ਉੱਡ ਜਾਣਗੇ ਹੋਸ਼

ਪੁਰਸ਼ਾਂ ਅਤੇ ਔਰਤਾਂ ਦੇ ਸਕੀਟ ਮੁਕਾਬਲਿਆਂ ਵਿੱਚ ਕੁਆਲੀਫਿਕੇਸ਼ਨ ਦੇ ਚਾਰ ਦੌਰ ਖੇਡੇ ਗਏ ਜਿਸ ਵਿੱਚ ਪੈਰਿਸ ਓਲੰਪੀਅਨ ਰਾਈਜ਼ਾ ਢਿੱਲੋਂ ਨੇ ਭਾਰਤੀ ਖਿਡਾਰੀਆਂ ਦੀ ਅਗਵਾਈ ਕੀਤੀ। ਇਸ ਮੁਕਾਬਲੇ ਦਾ ਅਜੇ ਇੱਕ ਹੋਰ ਦੌਰ ਖੇਡਿਆ ਜਾਣਾ ਬਾਕੀ ਹੈ ਜਿਸ ਤੋਂ ਬਾਅਦ ਫਾਈਨਲ ਦਾ ਐਲਾਨ ਕੀਤਾ ਜਾਵੇਗਾ। ਰਾਇਜ਼ਾ ਕ੍ਰਮਵਾਰ 25, 22, 24 ਅਤੇ 23 ਦੌਰਾਂ ਤੋਂ ਬਾਅਦ 94 ਅੰਕਾਂ ਨਾਲ ਛੇਵੇਂ ਸਥਾਨ 'ਤੇ ਹੈ, ਜੋ ਕਿ ਆਖਰੀ ਕੁਆਲੀਫਾਇੰਗ ਸਥਾਨ ਹੈ। ਗਨੇਮਤ ਸੇਖੋਂ 92 ਅੰਕਾਂ ਨਾਲ 11ਵੇਂ ਜਦਕਿ ਦਰਸ਼ਨਾ ਰਾਠੌਰ (89) 18ਵੇਂ ਸਥਾਨ 'ਤੇ ਹਨ। ਪੁਰਸ਼ਾਂ ਦੀ ਸਕੀਟ ਵਿੱਚ, ਭਵਤੇਘ ਗਿੱਲ ਨੇ 94 ਅੰਕ ਪ੍ਰਾਪਤ ਕੀਤੇ ਅਤੇ ਉਹ 18ਵੇਂ ਸਥਾਨ 'ਤੇ ਹੈ। ਉਨ੍ਹਾਂ ਤੋਂ ਇਲਾਵਾ ਅਨੰਤ ਜੀਤ ਸਿੰਘ ਨਾਰੂਕਾ ਨੇ 93 ਅਤੇ ਗੁਰਜੋਤ ਖੰਗੂੜਾ ਨੇ 91 ਅੰਕ ਬਣਾਏ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tarsem Singh

Content Editor

Related News