ਪੰਜਾਬ ਦੇ ਗੱਭਰੂ ਨੇ ਤੋੜਿਆ 100 ਮੀਟਰ ਦੌੜ ਦਾ ਕੌਮੀ ਰਿਕਾਰਡ
Friday, Mar 28, 2025 - 10:56 PM (IST)

ਟਾਡਾ ਉੜਮੜ, (ਵਰਿੰਦਰ ਪੰਡਿਤ)- ਵਿਧਾਨ ਸਭਾ ਹਲਕਾ ਟਾਂਡਾ ਉੜਮੜ ਦੇ ਗੜਦੀਵਾਲਾ ਪੁਲਸ ਸਟੇਸ਼ਨ ਵਿੱਚ ਤਾਇਨਾਤ ਪਿੰਡ ਪਤਿਆਲਾ (ਭੋਗਪੁਰ ) ਵਾਸੀ ਏਐੱਸਆਈ ਕਮਲਜੀਤ ਸਿੰਘ ਤੇ ਮਾਤਾ ਰੁਪਿੰਦਰ ਕੌਰ ਦੇ ਹੋਣਹਾਰ ਪੁੱਤਰ ਪੰਜਾਬ ਦੇ ਗੱਭਰੂ ਗੁਰਿੰਦਰ ਵੀਰ ਸਿੰਘ ਨੇ ਸ਼ੁੱਕਰਵਾਰ ਨੂੰ ਕਰਨਾਟਕਾ ਅਥਲੈਟਿਕ ਐਸੋਸੀਏਸ਼ਨ ਵੱਲੋਂ ਕੈਂਗੇਰੀ ਬੰਗਲੌਰ ਵਿਖੇ ਕਰਵਾਈ ਗਈ ਇੰਡੀਅਨ ਗਰੈਂਡ ਪ੍ਰਿਕਸ 1-2025 ਵਿੱਚ ਵੱਡੀ ਉਪਲੱਬਧੀ ਹਾਸਲ ਕਰਦੇ ਹੋਏ ਦੇਸ਼ ਦਾ ਸਭ ਤੋਂ ਤੇਜ਼ ਦੜਾਕ ਹੋਣ ਦਾ ਮਾਣ ਹਾਸਲ ਕੀਤਾ ਹੈ।
ਗੁਰਿੰਦਰ ਵੀਰ ਸਿੰਘ ਨੇ 10. 20 ਸੈਕਿੰਡ ਵਿੱਚ 100 ਮੀਟਰ ਦੌੜ ਪੂਰੀ ਕਰਕੇ ਨੈਸ਼ਨਲ ਰਿਕਾਰਡ ਆਪਣੇ ਨਾਮ ਕੀਤਾ ਹੈ। ਇਸ ਤੋਂ ਪਹਿਲਾਂ ਦਾ ਨੈਸ਼ਨਲ ਰਿਕਾਰਡ 10.23 ਸੈਕੰਡ ਦਾ ਸੀ। ਇੰਡੀਅਨ ਨੇਵੀ ਵਿੱਚ ਨੌਕਰੀ ਕਰਨ ਵਾਲਾ ਗੁਰਿੰਦਰ ਵੀਰ ਸਿੰਘ ਅੱਜ ਰਿਲਾਇੰਸ ਵੱਲੋਂ ਟਰੈਕ ਵਿੱਚ ਉਤਰਿਆ ਸੀ, ਜਿਸਨੇ ਆਪਣੇ 2021 ਵਰੇ ਵਿੱਚ ਦਿੱਤੇ 10.27 ਸੈਕੰਡ ਦੇ ਸਮੇਂ ਤੋਂ ਵੱਡੀ ਛਲਾਂਗ ਮਾਰਦੇ ਹੋਏ ਅੱਜ ਕੌਮੀ ਰਿਕਾਰਡ ਬਣਾਇਆ ਹੈ।
ਗੁਰਿੰਦਰ ਵੀਰ ਸਿੰਘ ਨੇ ਆਪਣੀ ਇਸ ਸਫਲਤਾ ਲਈ ਆਪਣੇ ਮਾਤਾ-ਪਿਤਾ ਦਾ ਅਸ਼ੀਰਵਾਦ ਅਤੇ ਕੋਚ ਹੈਪੀ ਦਾ ਮਾਰਗ ਦਰਸ਼ਨ ਦੱਸਿਆ ਹੈ। ਉਸ ਨੇ ਦੱਸਿਆ ਕਿ ਉਹ ਹੁਣ ਏਸ਼ੀਅਨ ਖੇਡਾਂ ਲਈ ਤਿਆਰੀ ਕਰਦੇ ਹੋਏ ਸਖਤ ਮਿਹਨਤ ਕਰੇਗਾ। ਗੁਰਿੰਦਰ ਵੀਰ ਇਸ ਤੋਂ ਪਹਿਲਾਂ ਵੀ ਕੋਮਾਂਤਰੀ ਪੱਧਰ ਤੇ ਦੇਸ਼ ਲਈ ਮੈਡਲ ਜਿੱਤ ਚੁੱਕਿਆ ਹੈ।
ਗੁਰਿੰਦਰ ਵੀਰ ਦੀ ਇਸ ਸਫਲਤਾ ਤੋਂ ਬਾਅਦ ਟਾਂਡਾ ਦੇ ਖੇਡ ਪ੍ਰੇਮੀਆਂ ਨੇ ਉਸਨੂੰ ਸ਼ੁਭਕਾਮਨਾਵਾ ਦਿੱਤੀਆਂ ਹਨ, ਜਿਨਾਂ ਵਿੱਚ ਟਾਂਡਾ ਸਪੋਰਟਸ ਕਲੱਬ ਦੇ ਪ੍ਰਧਾਨ ਗੁਰਸੇਵਕ ਮਾਰਸ਼ਲ, ਕੋਚ ਕੁਲਵੰਤ ਸਿੰਘ, ਕੋਚ ਬ੍ਰਿਜਮੋਨ ਸ਼ਰਮਾ, ਕਮਲਦੀਪ ਸਿੰਘ, ਤਜਿੰਦਰ ਸਿੰਘ ਢਿੱਲੋ ਅਤੇ ਇੰਸਪੈਕਟਰ ਸੁਖਵਿੰਦਰ ਸਿੰਘ ਸ਼ਾਮਿਲ ਹਨ।