ਖੇਡ ਜਗਤ ਨੂੰ ਮਿਲ ਗਿਆ ਫਲਾਇੰਗ ਸਿੱਖ-2! ਗੁਰਿੰਦਰਵੀਰ ਸਿੰਘ ਨੇ ਗੱਡੇ ਸਫਲਤਾ ਦੇ ਝੰਡੇ
Monday, Mar 31, 2025 - 03:10 PM (IST)

ਸਪੋਰਟਸ ਡੈਸਕ- ਦੁਨੀਆ ਅਰਬਾਂ ਲੋਕਾਂ ਨਾਲ ਭਰੀ ਪਈ ਹੈ ਪਰ ਉਨ੍ਹਾਂ 'ਚੋਂ ਬਹੁਤ ਘੱਟ ਲੋਕ ਹੁੰਦੇ ਹਨ ਜੋ ਆਪਣੇ ਹੁਨਰ ਨਾਲ ਆਪਣਾ ਤੇ ਆਪਣੇ ਇਲਾਕੇ ਦਾ ਨਾਂ ਇਤਿਹਾਸ 'ਚ ਦਰਜ ਕਰਾ ਦਿੰਦੇ ਹਨ। ਅਜਿਹਾ ਹੀ ਇਕ 24 ਸਾਲਾ ਧਾਕੜ ਦੌੜਾਕ ਗੁਰਿੰਦਰਵੀਰ ਸਿੰਘ ਹੈ ਜਿਸ ਨੇ ਭੋਗਪੁਰ ਸ਼ਹਿਰ ਦੇ ਇੱਕ ਅਣਜਾਣ ਪਿੰਡ ਪਤਿਆਲ ਦਾ ਤੇ ਆਪਣਾ ਨਾਂ ਭਾਰਤੀ ਖੇਡ ਇਤਿਹਾਸ 'ਚ ਅਮਰ ਬਣਾ ਦਿੱਤਾ ਹੈ ਕਿਉਂਕਿ ਗੁਰਿੰਦਰਵੀਰ ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਤੇਜ਼ ਦੌੜਾਕ ਬਣ ਗਿਆ ਹੈ। ਬੰਗਲੁਰੂ ਵਿਖੇ ਇੰਡੀਅਨ ਗ੍ਰਾਂ ਪ੍ਰੀ 1 ਦੌਰਾਨ 10.20 ਸਕਿੰਟਾਂ ਵਿੱਚ 100 ਮੀਟਰ ਦੌੜ ਪੂਰੀ ਕਰਕੇ ਇੱਕ ਨਵਾਂ ਰਾਸ਼ਟਰੀ ਰਿਕਾਰਡ ਬਣਾਉਣ ਦੇ ਉਸਦੇ ਕਾਰਨਾਮੇ ਨੇ ਉਸਨੂੰ ਰਾਤੋ-ਰਾਤ 'ਫਲਾਇੰਗ ਸਿੱਖ-2' ਬਣਾ ਦਿੱਤਾ ਹੈ। ਇਸ ਰਿਕਾਰਡ ਬਣਾਉਂਦੇ ਹੀ ਗੁਰਿੰਦਰਵੀਰ ਸਿੰਘ ਨੇ ਏਸ਼ੀਅਨ ਚੈਂਪੀਅਨਸ਼ਿਪ ਲਈ ਵੀ ਕੁਆਲੀਫਾਈ ਕਰ ਲਿਆ ਹੈ।
24 ਸਾਲ ਦੇ ਤੇਜ਼-ਤਰਾਰ ਗੁਰਿੰਦਰਵੀਰ ਸਿੰਘ ਨੇ ਦੌੜਾਕ ਮਣੀਕਾਂਤ ਹੋਬਲੀਧਰ ਵੱਲੋਂ ਬਣਾਏ ਗਏ 10.23 ਸੈਕਿੰਡ ਦੇ ਪਿਛਲੇ ਕੌਮੀ ਰਿਕਾਰਡ ਨੂੰ ਤੋੜ ਦਿੱਤਾ ਹੈ। ਗੁਰਿੰਦਰਵੀਰ ਸਿੰਘ ਦਾ ਪਿਛਲਾ ਨਿੱਜੀ ਸਭ ਤੋਂ ਚੰਗਾ ਪ੍ਰਦਰਸ਼ਨ 10.27 ਸੈਂਕਿੰਡ ਸੀ। ਜੋ ਉਨ੍ਹਾਂ ਨੇ ਸਾਲ 2021 ਵਿੱਚ ਹਾਸਲ ਕੀਤਾ ਸੀ।
ਗੁਰਿੰਦਰਵੀਰ ਸਿੰਘ ਨੇ ਅਥਲੈਕਿਟਸ ਉਦੋਂ ਸ਼ੁਰੂ ਕੀਤੀ, ਜਦੋਂ ਉਹ ਛੇਵੀਂ ਜਮਾਤ ਵਿੱਚ ਪੜ੍ਹਦੇ ਸਨ। ਗੁਰਿੰਦਰਵੀਰ ਸਿੰਘ ਨੂੰ ਅਥਲੈਟਿਸ ਵੱਲ ਲਾਉਣ ਵਾਲੇ ਉਨ੍ਹਾਂ ਦੇ ਪਿਤਾ ਹੀ ਸਨ, ਜੋ ਪੰਜਾਬ ਪੁਲਿਸ ਵਿੱਚ ਅੱਜ-ਕੱਲ੍ਹ ਏਐੱਸਆਈ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਗੁਰਿੰਦਰਵੀਰ ਸਿੰਘ ਦੇ ਪਿਤਾ ਕਮਲਜੀਤ ਸਿੰਘ ਖੁਦ ਵੀ ਵਾਲੀਵਾਲ ਦੇ ਖਿਡਾਰੀ ਰਹਿ ਚੁੱਕੇ ਸਨ। ਜਦੋਂ ਗੁਰਿੰਦਰਵੀਰ ਸਿੰਘ ਨੌਵੀਂ ਜਮਾਤ ਵਿੱਚ ਆਇਆ ਤਾਂ ਉਸ ਨੇ ਸਰਵਣ ਸਿੰਘ ਕੋਚ ਕੋਲ ਗੁਰ ਲੈਣੇ ਸ਼ੁਰੂ ਕੀਤੇ। ਨੌਵੀਂ ਜਮਾਤ ਕਰਨ ਮਗਰੋਂ ਗੁਰਿੰਦਰਵੀਰ ਸਿੰਘ ਜਲੰਧਰ ਗਿਆ ਜਿੱਥੇ ਕੋਚ ਸਰਬਜੀਤ ਸਿੰਘ ਹੈਪੀ ਕੋਲ ਕੋਚਿੰਗ ਲੈਣੀ ਸ਼ੁਰੂ ਕੀਤੀ। ਸਰਬਜੀਤ ਸਿੰਘ ਹੈਪੀ ਕੋਲ ਕੋਚਿੰਗ ਲੈਣ ਬਾਅਦ ਗੁਰਿੰਦਰਵੀਰ ਸਿੰਘ ਦੀ ਜ਼ਿੰਦਗੀ ਬਦਲ ਗਈ। ਉਨ੍ਹਾਂ ਦੇ ਅੰਡਰ ਕੋਚਿੰਗ ਲੈਣ ਮਗਰੋਂ ਗੁਰਿੰਦਰਵੀਰ ਸਿੰਘ ਨੇ ਕਈ ਟੂਰਨਾਮੈਂਟਾਂ ਵਿੱਚ ਮੈਡਲ ਹਾਸਿਲ ਕੀਤੇ।
ਇਹ ਵੀ ਪੜ੍ਹੋ : IPL: ਧਾਕੜ ਆਲਰਾਊਂਡਰ ਹੋਇਆ ਫਿੱਟ, ਟੀਮ ਲਈ ਲਾਏਗਾ ਵਿਕਟਾਂ ਤੇ ਦੌੜਾਂ ਦੀ ਝੜੀ
ਕੋਚ ਸਰਬਜੀਤ ਸਿੰਘ ਹੈਪੀ ਮੁਤਾਬਕ ਗੁਰਿੰਦਰਵੀਰ ਸਿੰਘ ਵਿੱਚ ਆਪਣੀ ਗੇਮ ਪ੍ਰਤੀ ਲਗਨ ਬਹੁਤ ਸੀ। ਉਹ ਮਿਹਨਤ ਕਰਨ ਵਿੱਚ ਕਾਫ਼ੀ ਵਿਸ਼ਵਾਸ ਰੱਖਦਾ ਹੈ।
ਗੁਰਿੰਦਰਜੀਤ ਸਿੰਘ ਨੇ ਅੰਡਰ-18 ਅਥਲੈਟਿਕਸ ਵਿੱਚ ਹਿੱਸਾ ਲੈਂਦਿਆਂ ਨੈਸ਼ਨਲ ਰਿਕਾਰਡ ਬਣਾਇਆ। ਇਸ ਤੋਂ ਬਾਅਦ ਅੰਡਰ-19 ਏਸ਼ੀਆਈ ਖੇਡਾਂ ਵਿੱਚੋਂ ਗੋਲਡ ਮੈਡਲ ਜਿੱਤਿਆ। ਅੰਡਰ-20 ਵਿੱਚ ਗੁਰਿੰਦਰਵੀਰ ਸਿੰਘ ਨੇ 10.35 ਸੈਕਿੰਡ ਵਿੱਚ 100 ਮੀਟਰ ਦੌੜ ਪੂਰੀ ਕਰਕੇ ਨੈਸ਼ਨਲ ਰਿਕਾਰਡ ਬਣਾਇਆ। ਯੂਥ ਏਸ਼ੀਆ, ਜੂਨੀਅਰ ਏਸ਼ੀਆ, ਜੂਨੀਅਰ ਸੈਫ, ਯੂਰੋ ਏਸ਼ੀਆ ਵਿਚੋਂ ਗੋਲਡ ਮੈਡਲ ਜਿੱਤੇ।
ਸੈਫ ਸੀਨੀਅਰ ਗੇਮਾਂ ਵਿੱਚ ਰਿਲੇਅ ਦੌੜ ਦੌਰਾਨ ਸਿਲਵਰ ਮੈਡਲ ਜਿੱਤਿਆ।
ਕੋਚ ਸਰਬਜੀਤ ਸਿੰਘ ਦੱਸਦੇ ਹਨ ਕਿ ਜਿਸ ਸਾਲ ਕੋਰੋਨਾ ਨੇ ਦਸਤਕ ਦਿੱਤੀ ਸੀ, ਉਸ ਸਮੇਂ ਸਾਨੂੰ ਕਾਫ਼ੀ ਚਿੰਤਾ ਹੋ ਗਈ ਸੀ ਕਿ ਪ੍ਰੈਕਟਿਸ ਕਿਸ ਤਰ੍ਹਾਂ ਜਾਰੀ ਰੱਖੀ ਜਾਵੇਗੀ। ਸਰਬਜੀਤ ਸਿੰਘ ਦੱਸਦੇ ਹਨ ਕਿ ਉਨ੍ਹਾਂ ਮੁਸ਼ਕਲ ਹਾਲਾਤ ਵਿੱਚ ਵੀ ਗੁਰਿੰਦਰਵੀਰ ਸਿੰਘ ਨੇ ਟ੍ਰੇਨਿੰਗ ਜਾਰੀ ਰੱਖੀ।
ਫਿਰ ਕਰੋਨਾ ਤੋਂ ਬਾਅਦ 2021 ਵਿੱਚ ਪਟਿਆਲਾ ਵਿਖੇ ਹੋਈ ਮੀਟ ਵਿੱਚ ਗੁਰਿੰਦਰਵੀਰ ਸਿੰਘ ਨੇ 100 ਮੀਟਰ ਦੌੜ 10.27 ਸੈਕਿੰਡ ਵਿੱਚ ਪੂਰੀ ਕੀਤੀ।
ਸਰਬਜੀਤ ਸਿੰਘ ਦੱਸਦੇ ਹਨ ਕਿ ਉਦੋਂ ਵੀ 1 ਮਾਈਕਰੋ ਸੈਕਿੰਡ ਤੋਂ ਰਿਕਾਰਡ ਟੁੱਟਣੋ ਰਹਿ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8