ਗੁਲਵੀਰ ਸਿੰਘ ਨੇ 10 ਹਜ਼ਾਰ ਮੀਟਰ ’ਚ ਆਪਣਾ ਰਾਸ਼ਟਰੀ ਰਿਕਾਰਡ ਤੋੜਿਆ
Monday, Mar 31, 2025 - 05:38 PM (IST)

ਨਵੀਂ ਦਿੱਲੀ– ਭਾਰਤ ਦੇ ਲੰਬੀ ਦੂਰੀ ਦੇ ਦੌੜਾਕ ਗੁਲਵੀਰ ਸਿੰਘ ਨੇ ਅਮਰੀਕਾ ਵਿਚ ਵਿਸ਼ਵ ਐਥਲੈਟਿਕਸ ਕਾਂਟੀਨੈਂਟਲ ਟੂਰ ਦੇ ਟੂਰਨਾਮੈਂਟ ਦਿ ਟੈੱਨ ਪ੍ਰਤੀਯੋਗਿਤਾ ਵਿਚ 10 ਹਜ਼ਾਰ ਮੀਟਰ ਦੌੜ ਵਿਚ 27 ਮਿੰਟ 00.22 ਸੈਕੰਡ ਦਾ ਸਮਾਂ ਲੈ ਕੇ ਆਪਣਾ ਰਾਸ਼ਟਰੀ ਰਿਕਾਰਡ ਤੋੜਿਆ।
ਹਾਂਗਝਾਊ ਏਸ਼ੀਆਈ ਖੇਡਾਂ ਦੇ ਕਾਂਸੀ ਤਮਗਾ ਜੇਤੂ ਗੁਲਵੀਰ ਸਿੰਘ ਦਾ ਪਿਛਲਾ ਰਾਸ਼ਟਰੀ ਰਿਕਾਰਡ 27 ਮਿੰਟ 14.88 ਸੈਕੰਡ ਦਾ ਸੀ, ਜਿਸ ਨੂੰ ਉਸ ਨੇ ਪਿਛਲੇ ਸਾਲ ਨਵੰਬਰ ਵਿਚ ਜਾਪਾਨ ਦੇ ਹਾਚਿਓਜੀ ਵਿਚ ਬਣਾਇਆ ਸੀ। ਬੈਂਕਾਕ ਵਿਚ 2023 ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਕਾਂਸੀ ਤਮਗਾ ਜਿੱਤਣ ਵਾਲੇ 26 ਸਾਲਾ ਗੁਲਵੀਰ ਨੇ ਪਿਛਲੇ ਸਾਲ ਦੋ ਵਾਰ ਰਾਸ਼ਟਰੀ ਰਿਕਾਰਡ ਵਿਚ ਸੁਧਾਰ ਕੀਤਾ। ਉਸ ਨੇ ਜਾਪਾਨ ਵਿਚ ਇਸ ਨੂੰ ਬਿਹਤਰ ਕਰਨ ਤੋਂ ਪਹਿਲਾਂ ਮਾਰਚ ਵਿਚ ਕੈਲੀਫੋਰਨੀਆ ਦੇ ਸੈਨ ਜੁਆਨ ਕੈਪੀਸਟ੍ਰਾਨੋ ਵਿਚ 27 ਮਿੰਟ 41.81 ਸੈਕੰਡ ਦਾ ਸਮਾਂ ਲਿਆ ਸੀ।
ਭਾਰਤੀ ਐਥਲੈਟਿਕਸ ਸੰਘ (ਏ. ਐੱਫ. ਆਈ.) ਨੇ ਸੋਸ਼ਲ ਮੀਡੀਆ ਪੋਸਟ ’ਤੇ ਕਿਹਾ,‘‘ਗੁਲਵੀਰ ਸਿੰਘ ਨੇ 27 ਮਿੰਟ 00.22 ਸੈਕੰਡ ਦਾ ਸਮਾਂ ਲੈ ਕੇ 10 ਹਜ਼ਾਰ ਮੀਟਰ ਦੇ ਆਪਣੇ ਰਾਸ਼ਟਰੀ ਰਿਕਾਰਡ ਵਿਚ ਸੁਧਾਰ ਕੀਤਾ। ਉਹ ਸ਼ਨੀਵਾਰ ਨੂੰ ਅਮਰੀਕਾ ਵਿਚ ਦਿ ਟੈੱਨ ਪ੍ਰਤੀਯੋਗਿਤਾ ਵਿਚ ਛੇਵੇਂ ਸਥਾਨ ’ਤੇ ਰਿਹਾ।’’
ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਗੁਲਵੀਰ ਨੇ ਪਿਛਲੇ ਸਾਲ 13 ਮਿੰਟ 11.82 ਸੈਕੰਡ ਦੇ ਸਮੇਂ ਨਾਲ 5000 ਮੀਟਰ ਵਿਚ ਵੀ ਰਾਸ਼ਟਰੀ ਰਿਕਾਰਡ ਬਣਾਇਆ ਸੀ।