ਮਿਊਨਿਖ ਪੈਰਾ ਸ਼ੂਟਿੰਗ ਵਿਸ਼ਵ ਕੱਪ: 10 ਤਮਗੇ ਜਿੱਤ ਕੇ ਭਾਰਤ ਨੇ ਕੀਤਾ ਸਰਵੋਤਮ ਪ੍ਰਦਰਸ਼ਨ

Thursday, Jul 21, 2022 - 05:22 PM (IST)

ਮਿਊਨਿਖ (ਏਜੰਸੀ) : ਪੈਰਾਲੰਪਿਕ ਤਮਗਾ ਜੇਤੂ ਸਿੰਘਰਾਜ ਅਧਾਨਾ ਨੇ ਇੱਥੇ ਪੈਰਾ ਸ਼ੂਟਿੰਗ ਵਿਸ਼ਵ ਕੱਪ ਦੇ ਆਖ਼ਰੀ ਦਿਨ 2 ਸੋਨ ਤਮਗੇ ਜਿੱਤੇ, ਜਿਸ ਨਾਲ ਭਾਰਤ ਨੇ ਇਸ ਟੂਰਨਾਮੈਂਟ ਵਿੱਚ ਕੁੱਲ 10 ਤਮਗੇ ਜਿੱਤ ਕੇ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ। ਸਿੰਘਰਾਜ ਦੇ 2 ਤਮਗਿਆਂ ਨਾਲ ਭਾਰਤ ਨੂੰ ਸੂਚੀ ਵਿਚ ਸਿਖ਼ਰ 'ਤੇ ਪਹੁੰਚ ਗਿਆ, ਜੋ ਦੇਸ਼ ਦਾ ਇਸ ਟੂਰਨਾਮੈਂਟ ਵਿਚ 2017 ਵਿੱਚ ਪਹਿਲੀ ਵਾਰ ਹਿੱਸਾ ਲੈਣ ਦੇ ਬਾਅਦ ਸਰਵੋਤਮ ਪ੍ਰਦਰਸ਼ਨ ਹੈ। ਭਾਰਤ ਨੇ 6 ਸੋਨ, ਤਿੰਨ ਚਾਂਦੀ ਅਤੇ ਇੱਕ ਕਾਂਸੀ ਦਾ ਤਗਮਾ ਜਿੱਤਿਆ।

ਮੁਕਾਬਲੇ ਦੇ ਆਖ਼ਰੀ ਦਿਨ ਟੋਕੀਓ ਪੈਰਾਲੰਪਿਕ ਚਾਂਦੀ ਤਮਗਾ ਜੇਤੂ ਸਿੰਘਰਾਜ ਨੇ 224.1 ਦੇ ਅੰਕ ਨਾਲ ਸੋਨ ਤਗਮਾ ਜਿੱਤਿਆ। ਯੂਕ੍ਰੇਨ ਦੇ ਓਲੇਕਸੀ ਡੇਨਿਸਿਯੂਕ (216.2 ਅੰਕ) ਨੇ ਚਾਂਦੀ ਅਤੇ ਕੋਰੀਆ ਦੇ ਜਿਓਂਗਦੂ ਜੋ (193.9 ਅੰਕ) ਨੇ ਕਾਂਸੀ ਦਾ ਤਮਗਾ ਜਿੱਤਿਆ। ਵਿਅਕਤੀਗਤ ਮੁਕਾਬਲੇ ਤੋਂ ਪਹਿਲਾਂ, ਸਿੰਘਰਾਜ ਨੇ ਹਮਵਤਨ ਦੀਪੇਂਦਰ ਸਿੰਘ ਅਤੇ ਮਨੀਸ਼ ਨਰਵਾਲ ਦੇ ਨਾਲ ਮਿਲ ਕੇ ਟੀਮ ਮੁਕਾਬਲੇ ਦਾ ਸੋਨ ਤਗਮਾ ਜਿੱਤਿਆ। ਵਿਅਕਤੀਗਤ ਸੋਨ ਵੀ ਸਿੰਘਰਾਜ ਦਾ ਪੀ4 ਮੁਕਾਬਲੇ ਵਿੱਚ ਪਹਿਲਾ ਸੋਨ ਤਮਗਾ ਹੈ, ਜਿਸ ਵਿੱਚ ਉਹ ਪਹਿਲਾਂ ਵੀ ਕਈ ਚਾਂਦੀ ਅਤੇ ਕਾਂਸੀ ਦੇ ਤਮਗੇ ਜਿੱਤ ਚੁੱਕੇ ਹਨ।

ਸਿੰਘਰਾਜ ਨੇ ਬਿਆਨ 'ਚ ਕਿਹਾ, 'ਮੈਂ ਖੁਸ਼ ਹਾਂ ਕਿ ਆਖ਼ਰਕਾਰ ਮੈਂ ਇਸ ਮੁਕਾਬਲੇ 'ਚ ਸੋਨ ਤਮਗਾ ਜਿੱਤਣ 'ਚ ਕਾਮਯਾਬ ਰਿਹਾ। ਮੈਂ ਫਰਾਂਸ ਵਿੱਚ ਚਾਟੀਯੂਰੋਕਸ 2022 ਵਿੱਚ ਸੋਨ ਤਮਗਾ ਜਿੱਤਣਾ ਚਾਹੁੰਦਾ ਸੀ ਪਰ ਤਕਨੀਕੀ ਖਾਮੀਆਂ ਕਾਰਨ ਅਜਿਹਾ ਨਹੀਂ ਕਰ ਸਕਿਆ। ਮੈਨੂੰ ਖੁਸ਼ੀ ਹੈ ਕਿ ਮਿਊਨਿਖ ਵਿਚ ਯੋਜਨਾ ਅਨੁਸਾਰ ਖੇਡ ਸਕਿਆ। ਮੈਂ ਆਪਣੀ ਸਫ਼ਲਤਾ ਲਈ ਆਪਣੇ ਕੋਚਾਂ ਦਾ ਧੰਨਵਾਦ ਕਰਨਾ ਚਾਹਾਂਗਾ।' ਭਾਰਤੀ ਪੈਰਾ ਸ਼ੂਟਿੰਗ ਟੀਮ ਹੁਣ ਨਵੰਬਰ ਵਿੱਚ ਸੰਯੁਕਤ ਅਰਬ ਅਮੀਰਾਤ ਵਿੱਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਹਿੱਸਾ ਲਵੇਗੀ।
 


cherry

Content Editor

Related News