ਕਤਰ ਨੂੰ ਵਰਲਡ ਕੱਪ ਮੇਜ਼ਬਾਨੀ ਦੇਣ ਲਈ ਅਧਿਕਾਰੀਆਂ ਨੇ ਲਈ ਸੀ ਰਿਸ਼ਵਤ
Tuesday, Apr 07, 2020 - 06:54 PM (IST)

ਸਪੋਰਟਸ ਡੈਸਕ : ਖਤਰਨਾਕ ਕੋਰੋਨਾ ਵਇਰਸ ਕਾਰਨ ਦੁਨੀਆ ਭਰ ਵਿਚ ਸਾਰੀਆਂ ਖੇਡ ਪ੍ਰਤੀਯੋਗਿਤਾਵਾਂ ਠੱਪ ਹੋ ਜਾਣ ਤੋਂ ਵਿਚਾਲੇ ਅਮਰੀਕਾ ਦੀ ਇਕ ਅਦਾਲਤ ਨੇ ਜਨਤਕ ਤੌਰ ’ਤੇ ਕਿਹਾ ਕਿ ਕਤਰ ਨੂੰ 2022 ਵਰਲਡ ਕੱਪ ਫੁੱਟਬਾਲ ਟੂਰਨਾਮੈਂਟ ਦੀ ਮੇਜ਼ਬਾਨੀ ਦੇਣ ਲਈ ਕਈ ਅਧਿਕਾਰੀਆਂ ਨੇ ਰਿਸ਼ਵਤ ਲਈ ਸੀ। ਅਮਰੀਕਾ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਕਿਹਾ ਕਿ ਬ੍ਰਾਜ਼ੀਲ ਫੁੱਟਬਾਲ ਕਨਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਰਿਕਾਡਰ ਟੇਕਸੇਰਾ, ਦੱਖਣੀ ਅਮਰੀਕੀ ਫੁੱਟਬਾਲ ਦੇ ਸਾਬਕਾ ਮੁਖੀ ਬਾਸ ਨਿਕੋਲਸ ਲਿਯੋਜ ਅਤੇ ਜੂਲਿਓ ਗ੍ਰੋਂਡੋਨਾ ਸਣੇ ਕਈ ਅਧਿਕਾਰੀਆਂ ਨੇ 2010 ਵਿਚ ਫੀਫਾ ਦੀ ਕਾਰਜਕਾਰੀ ਬੈਠਕ ਵਿਚ ਕਤਰ ਦੀ ਦਾਅਵੇਦਾਰੀ ਦੇ ਪੱਖ ਵਿਚ ਵੋਟ ਪਾਉਣ ਲਈ ਰਿਸ਼ਵਤ ਲਈ ਸੀ।
ਬਰੁਕਲਿਨ ਦੀ ਜ਼ਿਲਾ ਅਦਾਲਤ ਵਿਚ ਪੇਸ਼ ਕੀਤੇ ਗਏ ਕਾਗਜ਼ਾਂ ਵਿਚ ਹਾਲਾਂਕਿ ਇਹ ਨਹੀਂ ਦੱਸਿਆ ਗਿਆ ਕਿ ਇਹ ਧਨ ਕਿੱਥੋਂ ਆਇਆ ਸੀ। ਫੀਫਾ ਨੇ ਨਵੰਬਰ ਵਿਚ ਟੈਕਸੇਰਾ ’ਤੇ ਲੱਖਾਂ ਡਾਲਰ ਦੀ ਰਿਸ਼ਵਤ ਲੈਣ ਨੂੰ ਲੈ ਕੇ ਹਮੇਸ਼ਾ ਲਈ ਪਾਬੰਦੀ ਲਗਾ ਦਿੱਤੀ ਸੀ। ਟੈਕਸੇਰਾ ’ਤੇ ਦੋਸ਼ ਲੱਗਾ ਸੀ ਕਿ ਉਸ ਨੇ 2006 ਤੋਂ 2012 ਤੋਂ ਦੱਖਣੀ ਅਮਰੀਕਾ ਦੀ ਵੱਖ ਵੱਖ ਪ੍ਰਤੀਯੋਗਿਤਾਵਾਂ ਦੇ ਵਪਾਰਕ ਕਰਾਰ ਦੇਣ ਲਈ ਲੱਖਾਂ ਦੀ ਰਿਸ਼ਵਤ ਲਈ ਸੀ। ਉਨ੍ਹਾਂ ’ਤੇ 10 ਲੱਖ ਸਵਿਸ ਫ੍ਰੈਂਕਸ ਦਾ ਵੀ ਜੁਰਮਾਨਾ ਲਗਾਇਆ ਗਿਆ ਸੀ। ਹਾਲਾਂਕਿ ਟੈਕਸੇਰਾ ਨੇ ਹਾਲ ਹੀ ’ਚ ਦਿੱਤੀ ਇੰਟਰਵਿਊ ਵਿਚ ਖੁਦ ਦੇ ਨਿਰਦੋਸ਼ ਹੋਣ ਦਾ ਦਾਅਵਾ ਵੀ ਕੀਤਾ ਸੀ। ਦੱਖਣੀ ਅਮਰੀਕੀ ਫੁੱਟਬਾਲ ਕਨਫੈਡਰੇਸ਼ਨ ਦੇ ਸਾਬਕਾ ਮੁਖੀ ਲਿਓਜ ਦਾ ਪਿਛਲੇ ਸਾਲ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ ਜਦਕਿ 35 ਸਾਲਾਂ ਤਕ ਅਰਜਨਟੀਨਾ ਫੁੱਟਬਾਲ ਕਨਫੈਡਰੇਸ਼ਨ ਦੀ ਅਗਵਾਈ ਕਰਨ ਵਾਲੇ ਗ੍ਰੋਂਡੋਨਾ ਦੀ 2014 ਵਿਚ ਬੀਮਾਰੀ ਕਾਰਨ ਮੌਤ ਹੋ ਗਈ ਸੀ।