ਪੁਲਸ ਨੇ ਚੱਕ ਲਿਆ ਭਾਨਾ ਸਿੱਧੂ, ਭਗਵੰਤ ਮਾਨ ਖ਼ਿਲਾਫ਼ ਦੇਣ ਚੱਲਾ ਸੀ ਧਰਨਾ
Tuesday, Feb 24, 2026 - 02:09 PM (IST)
ਮਾਨਸਾ (ਵੈੱਬ ਡੈਸਕ): ਅੱਜ ਵੱਖ-ਵੱਖ ਜਥੇਬੰਦੀਆਂ ਵੱਲੋਂ ਬੇਅਦਬੀਆਂ ਦੇ ਇਨਸਾਫ਼ ਨੂੰ ਲੈ ਕੇ ਵੱਡਾ ਇਕੱਠ ਕਰ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਰੋਸ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਹੀ ਪੁਲਸ ਵੱਲੋਂ ਵੱਖ-ਵੱਖ ਆਗੂਆਂ ਨੂੰ ਰਾਹ ਵਿਚੋਂ ਰੋਕ-ਰੋਕ ਕੇ ਹਿਰਾਸਤ ਵਿਚ ਲਿਆ ਜਾ ਰਿਹਾ ਹੈ।
ਇਸੇ ਲੜੀ ਤਹਿਤ ਪੁਲਸ ਵੱਲੋਂ ਭਾਨਾ ਸਿੱਧੂ ਤੇ ਉਸ ਦੇ ਸਾਥੀਆਂ ਨੂੰ ਰਾਹ ਵਿਚ ਰੋਕ ਕੇ ਹਿਰਾਸਤ ਵਿਚ ਲੈ ਲਿਆ ਹੈ। ਜਦੋਂ ਪੁਲਸ ਵੱਲੋਂ ਭਾਨੇ ਸਿੱਧੂ ਦੀ ਗੱਡੀ ਨੂੰ ਰੋਕਿਆ ਗਿਆ ਤਾਂ ਉਸ ਨੇ ਗੱਡੀ ਵਿਚੋਂ ਉਤਰਨ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਭਾਨਾ ਸਿੱਧੂ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ 'ਆਪ' ਸਰਕਾਰ 'ਤੇ ਧੱਕੇਸ਼ਾਹੀ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਵੋਟਾਂ ਵੇਲੇ 24 ਘੰਟਿਆਂ ਵਿਚ ਬੇਅਦਬੀ ਦਾ ਇਨਸਾਫ਼ ਦੇਣ ਦਾ ਵਾਅਦਾ ਕੀਤਾ ਸੀ, ਪਰ ਚਾਰ ਸਾਲ ਸੱਤਾ ਹੰਡਾਉਣ ਤੋਂ ਬਾਅਦ ਵੀ ਉਹ ਆਪਣਾ ਵਾਅਦਾ ਪੂਰਾ ਨਹੀਂ ਕਰ ਸਕੇ।
ਇਸ ਦੇ ਵਿਰੋਧ ਵਿਚ ਉਹ ਸਮਾਣੇ ਵਿਖੇ ਰੋਸ ਪ੍ਰਦਰਸ਼ਨ ਕਰਨ ਲਈ ਜਾ ਰਹੇ ਸਨ, ਪਰ ਪੁਲਸ ਵੱਲੋਂ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਸਾਥੀਆਂ ਨੂੰ ਰਾਹ ਵਿਚ ਹੀ ਰੋਕ ਕੇ ਹਿਰਾਸਤ ਵਿਚ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਲਈ ਜਾ ਰਹੇ ਸਨ, ਜੋ ਕਿ ਉਨ੍ਹਾਂ ਦਾ ਹੱਕ ਵੀ ਹੈ ਤੇ ਇਸ ਵਿਚ ਕੁਝ ਗਲਤ ਨਹੀਂ ਹੈ, ਪਰ ਫ਼ਿਰ ਵੀ ਉਨ੍ਹਾਂ ਨੂੰ ਹਿਰਾਸਤ ਵਿਚ ਲਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਭਾਨੇ ਸਿੱਧੂ ਨੇ ਇਹ ਐਲਾਨ ਕੀਤਾ ਕਿ ਇਹ ਲੜਾਈ ਗ੍ਰਿਫ਼ਤਾਰੀਆਂ ਨਾਲ ਰੁਕੇਗੀ ਨਹੀਂ ਤੇ ਪੁਲਸ ਉਸ ਨੂੰ ਜਿੱਥੇ ਵੀ ਲੈ ਕੇ ਜਾਵੇਗੀ, ਉਹ ਉੱਥੇ ਹੀ ਧਰਨਾ ਲਗਾ ਕੇ ਬੈਠ ਜਾਣਗੇ।
