ਆਸਟਰੇਲੀਆਈ ਜੱਜ ਨੇ ਬਹਾਲ ਕੀਤਾ ਨੋਵਾਕ ਜੋਕੋਵਿਚ ਦਾ ਵੀਜ਼ਾ

Monday, Jan 10, 2022 - 04:13 PM (IST)

ਆਸਟਰੇਲੀਆਈ ਜੱਜ ਨੇ ਬਹਾਲ ਕੀਤਾ ਨੋਵਾਕ ਜੋਕੋਵਿਚ ਦਾ ਵੀਜ਼ਾ

ਮੈਲਬੋਰਨ- ਆਸਟਰੇਲੀਆ ਦੇ ਇਕ ਜੱਜ ਨੇ ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਦਾ ਵੀਜ਼ਾ ਬਹਾਲ ਕਰ ਦਿੱਤਾ ਹੈ ਜੋ ਕੋਰੋਨਾ ਟੀਕਾ ਨਹੀਂ ਲਗਾਉਣ ਕਾਰਨ ਪਿਛਲੇ ਹਫ਼ਤੇ ਉਨ੍ਹਾਂ ਦੇ ਇੱਥੇ ਪਹੁੰਚਦੇ ਹੀ ਰੱਦ ਕਰ ਦਿੱਤਾ ਗਿਆ ਸੀ। ਸਰਕਟ ਕੋਰਟ ਦੇ ਜੱਜ ਐਂਥੋਨੀ ਕੇਲੀ ਨੇ ਸਰਕਾਰ ਨੂੰ ਹੁਕਮ ਦਿੱਤਾ ਕਿ ਫ਼ੈਸਲੇ ਦੇ 30 ਮਿੰਟ ਦੇ ਅੰਦਰ ਜੋਕੋਵਿਚ ਨੂੰ ਮੈਲਬੋਰਨ ਦੇ ਹੋਟਲ ਦੇ ਇਕਾਂਤਵਾਸ ਤੋਂ ਬਾਹਰ ਕੀਤਾ ਜਾਵੇ। 

ਇਹ ਵੀ ਪੜ੍ਹੋ : ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੇ 300 ਵਿਕਟਾਂ ਲੈਣ ਦੇ ਨਾਲ ਬਣਾਇਆ ਇਹ ਵੱਡਾ ਰਿਕਾਰਡ

ਸਰਕਾਰੀ ਵਕੀਲ ਕ੍ਰਿਸਟੋਫਰ ਟ੍ਰਾਨ ਨੇ ਜੱਜ ਨੂੰ ਦੱਸਿਆ ਕਿ ਇਮੀਗ੍ਰੇਸ਼ਨ, ਨਾਗਰਿਕਤਾ ਤੇ ਬਹੁ ਸੱਭਿਆਚਾਰਕ ਵਿਭਾਗ ਦੇ ਮੰਤਰੀ ਐਲੇਕਸ ਹਾਕੇ ਤੈਅ ਕਰਨਗੇ ਕਿ ਵੀਜ਼ਾ ਰੱਦ ਕਰਨ ਲਈ ਉਨ੍ਹਾਂ ਨੂੰ ਨਿੱਜੀ ਅਧਿਕਾਰ ਦਾ ਇਸਤੇਮਾਲ ਕਰਨਾ ਹੈ ਜਾਂ ਨਹੀਂ। ਇਸ ਦਾ ਮਤਲਬ ਇਹ ਹੈ ਕਿ ਜੋਕੋਵਿਚ ਨੂੰ ਫਿਰ ਤੋਂ ਜਲਾਵਤਨ ਝੱਲਣਾ ਪੈ ਸਕਦਾ ਹੈ ਤੇ ਉਹ 17 ਜਨਵਰੀ ਤੋਂ ਸ਼ੁਰੂ ਹੋ ਰਹੇ ਆਸਟਰੇਲੀਆਈ ਓਪਨ ਤੋਂ ਬਾਹਰ ਹੋ ਸਕਦੇ ਹਨ। ਜੋਕੋਵਿਚ ਨੇ ਆਪਣੇ ਜਲਾਵਤਨ ਤੇ ਵੀਜ਼ਾ ਰੱਦ ਕੀਤੇ ਜਾਣ ਨੂੰ ਆਸਟਰੇਲੀਆ ਦੇ ਫੈਡਰਲ ਸਰਕਟ ਤੇ ਫੈਮਿਲੀ ਕੋਰਟ 'ਚ ਚੁਣੌਤੀ ਦਿੱਤੀ ਸੀ।

ਇਹ ਵੀ ਪੜ੍ਹੋ : ਪੰਤ 'ਤੇ ਤਲਖ਼ ਹੋਏ ਮਦਨ ਲਾਲ, ਕਿਹਾ- ਉਸ ਨੂੰ ਸੋਚਣ ਲਈ ਪਲੇਇੰਗ-11 ਤੋਂ ਬਾਹਰ ਕਰੋ

ਆਸਟਰੇਲੀਆ ਸਰਕਾਰ ਨੇ ਬੁੱਧਵਾਰ ਨੂੰ ਮੈਲਬੋਰਨ ਪੁੱਜਦੇ ਹੀ ਉਨ੍ਹਾਂ ਦਾ ਵੀਜ਼ਾ ਰੱਦ ਕਰ ਦਿੱਤਾ ਸੀ ਕਿਉਂਕਿ ਕੋਰੋਨਾ ਟੀਕਾਕਰਨ ਨਿਯਮਾਂ 'ਚ ਮੈਡੀਕਲ ਛੂਟ ਪ੍ਰਾਪਤ ਕਰਨ ਲਈ ਉਹ ਮਾਪਦੰਡਾਂ 'ਤੇ ਖ਼ਰੇ ਨਹੀਂ ਉਤਰੇ ਸਨ। ਜੋਕੋਵਿਚ ਨੇ ਕਿਹਾ ਕਿ ਉਨ੍ਹਾਂ ਨੂੰ ਟੀਕਾਕਰਨ ਦਾ ਸਬੂਤ ਦੇਣ ਦੀ ਲੋੜ ਨਹੀਂ ਹੈ ਕਿਉਂਕਿ ਉਨ੍ਹਾਂ ਕੋਲ ਸਬੂਤ ਹਨ ਕਿ ਉਹ ਪਿਛਲੇ ਮਹੀਨੇ ਕੋਰੋਨਾ ਇਨਫੈਕਸ਼ਨ ਦਾ ਸ਼ਿਕਾਰ ਹੋਏ ਸਨ। ਅਦਾਲਤ 'ਚ ਪੇਸ਼ ਜੋਕੋਵਿਚ ਦੇ ਦਸਤਾਵੇਜ਼ਾਂ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਟੀਕਾ ਨਹੀਂ ਲਗਵਾਇਆ ਹੈ। ਆਸਟਰੇਲੀਆ ਦੇ ਚਿਕਿਤਸਾ ਵਿਭਾਗ ਨੇ 6 ਮਹੀਨਿਆਂ ਦੇ ਅੰਦਰ ਕੋਰੋਨਾ ਇਨਫੈਕਸ਼ਨ ਦੇ ਸ਼ਿਕਾਰ ਲੋਕਾਂ ਨੂੰ ਟੀਕਾਕਰਨ 'ਚ ਅਸਥਾਈ ਛੂਟ ਦਿੱਤੀ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News