ਮੁੰਬਈ ਨੇ ਨਿਰੰਤਰਤਾ ਦੇ ਕਾਰਣ ਜਿੱਤਿਆ ਖਿਤਾਬ, ਪ੍ਰਯੋਗਾਂ ਨੇ ਚੇਨਈ ਨੂੰ ਡੁਬੋਇਆ

11/25/2020 2:27:28 AM

ਨਵੀਂ ਦਿੱਲੀ– ਟੀਮ ਲਾਈਨਅਪ ਵਿਚ ਨਿਰੰਤਰਤਾ ਦੇ ਕਾਰਣ ਮੁੰਬਈ ਇੰਡੀਅਨਜ਼ ਨੇ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ ਤੇ ਆਸਾਨੀ ਨਾਲ ਆਪਣੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਖਿਤਾਬ ਦਾ ਬਚਾਅ ਕਰ ਲਿਆ ਜਦਕਿ ਸਾਬਕਾ ਉਪ ਜੇਤੂ ਚੇਨਈ ਸੁਪਰ ਕਿੰਗਜ਼ ਇਸ ਵਾਰ ਪ੍ਰਯੋਗਾਂ ਦੇ ਕਾਰਣ ਅਸਫਲ ਰਹੀ ਤੇ ਪਲੇਅ ਆਫ ਵਿਚ ਵੀ ਨਹੀਂ ਪਹੁੰਚ ਸਕੀ।
ਗਲੋਫੈਂਸ ਦੇ ਕ੍ਰਿਕ ਡੇਟਾ ਮੈਟ੍ਰਿਕਸ ਵ੍ਹਾਈਟ ਪੇਪਰ ਨੇ ਆਈ. ਪੀ. ਐੱਲ. ਦੇ ਆਪਣੇ ਮੁਲਾਂਕਣ ਦੇ ਆਧਾਰ 'ਤੇ ਦੱਸਿਆ ਕਿ ਆਈ. ਪੀ. ਐੱਲ. ਦੇ 13ਵੇਂ ਸੈਸ਼ਨ ਦਾ ਪਹਿਲਾ ਮੈਚ ਖੇਡਣ ਵਾਲੀਆਂ ਦੋ ਟੀਮਾਂ ਮੁੰਬਈ ਇੰਡੀਅਨਜ਼ ਤੇ ਚੇਨਈ ਸੁਪਰ ਕਿੰਗਜ਼ ਨੂੰ ਕੀ ਚੀਜ਼ਾਂ ਵੱਖ ਬਣਾਉਂਦੀਆਂ ਹਨ। ਮੁੰਬਈ ਤੇ ਚੇਨਈ ਨੇ ਆਈ. ਪੀ. ਐੱਲ. 2020 ਦੀ ਸ਼ੁਰੂਆਤ ਵਿਚ 2 ਚੋਟੀ ਦੀਆਂ ਟੀਮਾਂ ਦੇ ਤੌਰ 'ਤੇ ਕੀਤੀ ਸੀ। ਇਕ ਨੇ ਮੌਜੂਦਾ ਜੇਤੂ ਦੇ ਤੌਰ 'ਤੇ ਅਤੇ ਇਕ ਨੇ ਉਪ ਜੇਤੂ ਦੇ ਤੌਰ 'ਤੇ ਪਰ ਮੁੰਬਈ ਨੇ ਉਸ 'ਤੇ ਲੱਗੀਆਂ ਉਮੀਦਾਂ ਨੂੰ ਪੂਰਾ ਕੀਤਾ ਪਰ ਚੇਨਈ ਇਸ ਵਾਰ ਫਾਡੀ ਸਾਬਤ ਹੋਈ।
ਕ੍ਰਿਕ ਡੇਟਾ ਮੈਟ੍ਰਿਕਸ ਨੇ ਆਈ. ਪੀ. ਐੱਲ. ਵਿਚ ਸੁੱਟੀਆਂ ਗਈਆਂ 14,007 ਲੀਗਲ ਗੇਂਦਾਂ ਦਾ ਵਿਸ਼ਲੇਸ਼ਣ ਕੀਤਾ ਹੈ। ਹਰ ਗੇਂਦ ਨੂੰ ਗਲੋਫੈਂਸ ਦੇ ਕਾਪੀਰਾਇਟ ਵਾਲੇ ਟੂਲ ਨਾਲ 40 ਪੈਮਾਨਿਆਂ 'ਤੇ ਮਾਪਿਆ ਗਿਆ ਹੈ। ਆਈ. ਪੀ. ਐੱਲ. 2020 'ਤੇ ਵ੍ਹਾਈਟ ਪੇਪਰ ਦੀ ਸਟੱਡੀ ਨੂੰ 5 ਲੱਖ 60 ਹਜ਼ਾਰ 280 ਵੱਖ-ਵੱਖ ਮੈਟ੍ਰਿਕਸ 'ਤੇ ਮਾਪਿਆ ਗਿਆ।
560,280 ਦੀ ਮੁੱਢਲੀ ਸਟੱਡੀ ਤੋਂ ਬਾਅਦ ਜੋ ਕਰਵ ਮਿਲਿਆ, ਉਸ ਵਿਚ ਮੁੰਬਈ ਇੰਡੀਅਨਜ਼ ਸਭ ਤੋਂ ਅੱਗੇ ਹੈ। ਰੋਮਾਂਚਕ ਗੱਲ ਇਹ ਹੈ ਕਿ ਇਸ ਵਿਚ ਪਿਛਲੇ ਸਾਲ ਦੀ ਉਪ ਜੇਤੂ ਹੇਠਾਂ ਡਿੱਗਦੀ ਦਿਸੀ ਹੈ। ਨੰਬਰ-3 ਅਤੇ ਨੰਬਰ-5 ਦੇ ਬੱਲੇਬਾਜ਼ੀ ਕ੍ਰਮ 'ਤੇ ਨਿਰੰਤਰਤਾ ਫੈਸਲਾਕੁੰਨ ਪਹਿਲੂ ਬਣਿਆ ਹੈ। ਮੁੰਬਈ ਇੰਡੀਅਨਜ਼ ਲਈ ਨੰਬਰ-3 'ਤੇ ਸੂਰਯਕੁਮਾਰ ਯਾਦਵ ਬੱਲੇਬਾਜ਼ ਕਰ ਰਿਹਾ ਸੀ। ਚੌਥੇ ਤੇ 5ਵੇਂ ਨੰਬਰ 'ਤੇ ਉਹ ਤਿੰਨ ਬਦਲ ਦੇ ਨਾਲ ਗਈ। ਉਥੇ ਹੀ ਸੀ. ਐੱਸ. ਕੇ. ਕੋਲ ਸੁਰੇਸ਼ ਰੈਨਾ ਦੀ ਗੈਰ-ਮੌਜੂਦਗੀ ਵਿਚ ਕਦੇ ਵੀ ਤੈਅ ਬੱਲੇਬਾਜ਼ੀ ਕ੍ਰਮ ਨਹੀਂ ਦਿਸਿਆ।
ਮੁੰਬਈ ਨੇ ਤੀਜੇ ਨੰਬਰ 'ਤੇ ਸੂਰਯਕੁਮਾਰ ਨੂੰ ਹੀ ਖਿਡਾਇਆ ਪਰ ਸੀ. ਐੱਸ. ਕੇ. ਲਗਾਤਾਰ ਇਸ ਕ੍ਰਮ 'ਤੇ ਬਦਲਾਅ ਕਰਦੀ ਰਹੀ। ਫਾਫ ਡੂ ਪਲੇਸਿਸ ਤੇ ਸ਼ੇਨ ਵਾਟਸਨ ਨੇ ਇਸ ਨੰਬਰ 'ਤੇ 3-3 ਪਾਰੀਆਂ ਖੇਡੀਆਂ । ਜਦੋਂ ਅੰਬਾਤੀ ਰਾਇਡੂ ਇਸ ਨੰਬਰ 'ਤੇ ਆਇਆ, ਚੇਨਈ ਲਈ ਟੂਰਨਾਮੈਂਟ ਖਤਮ ਹੋ ਗਿਆ ਸੀ। ਇਸੇ ਤਰ੍ਹਾਂ ਮੁੰਬਈ ਨੇ ਨੰਬਰ-4 'ਤੇ 3 ਬਦਲ ਅਜ਼ਮਾਏ ਜਿਹੜੇ ਜ਼ਿਆਦਾਤਰ ਮੈਚਾਂ ਦੀ ਸਥਿਤੀ ਦੇ ਹਿਸਾਬ ਨਾਲ ਸਨ। ਉਥੇ ਹੀ ਸੀ. ਐੱਸ. ਕੇ. ਨੇ 12 ਪਾਰੀਆਂ ਵਿਚ 6 ਵੱਖ-ਵੱਖ ਖਿਡਾਰੀ ਇੱਥੇ ਅਜ਼ਮਾਏ। ਇੱਥੇ ਦੋਵੇਂ ਟੀਮਾਂ ਵਿਚਾਲੇ ਫਰਕ ਇਸ ਗੱਲ ਤੋਂ ਦੇਖਿਆ ਜਾ ਸਕਦਾ ਹੈ ਕਿ ਮੁੰਬਈ ਨੇ ਨੰਬਰ-4 'ਤੇ 144.22 ਦੀ ਸਟ੍ਰਾਈਕ ਰੇਟ ਨਾਲ 437 ਦੌੜਾਂ ਬਣਾਈਆਂ। ਉਥੇ ਹੀ ਚੇਨਈ ਨੇ 118.81 ਦੀ ਸਟ੍ਰਾਈਕ ਰੇਟ ਨਾਲ 259 ਦੌੜਾਂ ਬਣਾਈਆਂ।
ਇਕ ਵਾਰ ਫਿਰ ਨੰਬਰ-5 'ਤੇ ਮੁੰਬਈ ਦੇ 3 ਵੱਖ-ਵੱਖ ਬੱਲੇਬਾਜ਼ਾਂ ਨੇ 131.29 ਦੀ ਸਟ੍ਰਾਈਕ ਰੇਟ ਨਾਲ 193 ਦੌੜਾਂ ਬਣਾਈਆਂ। ਉਥੇ ਹੀ ਸੀ. ਐੱਸ. ਕੇ. ਨੇ ਨੰਬਰ-5 'ਤੇ 11 ਪਾਰੀਆਂ ਵਿਚ 6 ਵੱਖ-ਵੱਖ ਬੱਲੇਬਾਜ਼ਾਂ ਨੂੰ ਅਜ਼ਮਾਇਆ ਪਰ ਪਾਰੀ ਨੂੰ ਬਚਾਉਣ ਦੇ ਦਬਾਅ ਵਿਚ ਇੱਥੇ ਰਨ ਰੇਟ ਡਿੱਗਦੀ ਗਈ। ਮਜ਼ਬੂਤ ਤੇ ਨਿਰੰਤਰ ਬੱਲੇਬਾਜ਼ੀ ਨਾਲ ਮੁੰਬਈ ਦੇ ਗੇਂਦਬਾਜ਼ਾਂ ਨੂੰ ਵੀ ਫਾਇਦਾ ਹੋਇਆ। ਉਸਦੇ ਜਸਪ੍ਰੀਤ ਬੁਮਰਾਹ ਤੇ ਟ੍ਰੇਂਟ ਬੋਲਟ ਨੇ ਕ੍ਰਮਵਾਰ 29 ਤੇ 27 ਵਿਕਟਾਂ ਹਾਸਲ ਕੀਤੀਆਂ। ਉਥੇ ਹੀ ਸੀ. ਐੱਸ. ਕੇ. ਦੇ ਦੀਪਕ ਚਾਹਰ ਤੇ ਸੈਮ ਕਿਊਰਨ 13 ਤੇ 12 ਵਿਕਟਾਂ ਲੈ ਸਕੇ।


Gurdeep Singh

Content Editor

Related News