ਮਿਨਰਵਾ ਨੇ ਰੀਅਲ ਕਸ਼ਮੀਰ ਖਿਲਾਫ ਮੈਚ ਖੇਡਣ ਲਈ ਸ਼੍ਰੀਨਗਰ ਜਾਣ ਤੋਂ ਕੀਤਾ ਮਨ੍ਹਾ
Sunday, Feb 17, 2019 - 09:42 AM (IST)

ਨਵੀਂ ਦਿੱਲੀ— ਸਾਬਕਾ ਚੈਂਪੀਅਨ ਮਿਨਰਵਾ ਪੰਜਾਬ ਐੱਫ.ਸੀ. ਨੇ ਸ਼ਨੀਵਾਰ ਨੂੰ ਰੀਅਲ ਕਸ਼ਮੀਰ ਐੱਫ.ਸੀ.ਦੇ ਖਿਲਾਫ ਆਈ. ਲੀਗ ਦਾ ਮੈਚ ਗੁਆ ਦਿੱਤਾ ਜਦੋਂ ਸਰਬ ਭਾਰਤੀ ਫੁੱਟਬਾਲ ਮਹਾਸੰਘ ਨੇ ਪੁਲਵਾਮਾ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਸ਼੍ਰੀਨਗਰ 'ਚ ਹੋਣ ਵਾਲਾ ਮੈਚ ਕਿਤੇ ਹੋਰ ਤਬਦੀਲ ਕਰਨ ਤੋਂ ਇਨਕਾਰ ਕਰ ਦਿੱਤਾ। ਮੈਚ ਐਤਵਾਰ ਨੂੰ ਹੋਣਾ ਸੀ ਪਰ ਮਿਨਰਵਾ ਨੇ ਕਿਹਾ ਕਿ ਵਿਦੇਸ਼ੀ ਖਿਡਾਰੀਆਂ ਨੂੰ ਉਨ੍ਹਾਂ ਦੇ ਦੇਸ਼ਾਂ ਦੇ ਦੂਤਘਰਾਂ ਨੇ ਨਹੀਂ ਖੇਡਣ ਦੀ ਸਲਾਹ ਦਿੱਤੀ ਹੈ।
ਪੰਜਾਬ ਦੇ ਇਸ ਕਲੱਬ ਨੇ ਏ.ਆਈ.ਐੱਫ.ਐੱਫ. ਨੂੰ ਲਿਖੀ ਚਿੱਠੀ 'ਚ ਕਿਹਾ ਕਿ ਸਾਨੂੰ ਇਹ ਦਸਦੇ ਹੋਏ ਦੁਖ ਹੋ ਰਿਹਾ ਹੈ ਕਿ ਅਸੀਂ ਉੱਥੇ ਇਨ੍ਹਾਂ ਹਾਲਾਤਾਂ 'ਚ ਜਾਣ ਦਾ ਜੋਖਮ ਨਹੀਂ ਲੈਣਾ ਚਾਹੁੰਦੇ। ਮਿਨਵਰਾ ਪੰਜਾਬ ਨੇ ਕਿਹਾ ਕਿ ਉਸ ਨੇ ਵੀਰਵਾਰ ਨੂੰ ਸੀ.ਆਰ.ਪੀ.ਐੱਫ. ਦੇ ਕਾਫਿਲੇ 'ਤੇ ਹੋਏ ਹਮਲੇ ਦੇ ਬਾਅਦ ਏ.ਆਈ.ਐੱਫ.ਐੱਫ. ਤੋਂ ਸੁਰੱਖਿਆ ਦਾ ਭਰੋਸਾ ਮੰਗਿਆ ਸੀ ਜੋ ਉਨ੍ਹਾਂ ਨੂੰ ਨਹੀਂ ਮਿਲਿਆ। ਕਲੱਬ ਨੇ ਕਿਹਾ ਕਿ ਜੇਕਰ ਸੀ.ਆਰ.ਪੀ.ਐੱਫ. ਦਾ ਕਾਫਿਲਾ ਹੀ ਉੱਥੇ ਸੁਰੱਖਿਅਤ ਨਹੀਂ ਹੈ ਤਾਂ ਸਾਡੇ 'ਤੇ ਤਾਂ ਆਸਾਨੀ ਨਾਲ ਹਮਲਾ ਹੋ ਸਕਦਾ ਹੈ। ਸਾਡੇ ਵਿਦੇਸ਼ੀ ਖਿਡਾਰੀਆਂ ਨੂੰ ਉਨ੍ਹਾਂ ਦੇ ਦੂਤਘਰਾਂ ਤੋਂ ਪਹਿਲਾਂ ਹੀ ਸਲਾਹ ਜਾਰੀ ਹੋ ਚੁੱਕੀ ਹੈ ਕਿ ਉਹ ਅਗਲੀ ਸੂਚਨਾ ਤਕ ਸ਼੍ਰੀਨਗਰ ਨਾ ਜਾਣ।