ਉਲਾਨਬਟੋਰ ਕੱਪ ਦੇ ਕੁਆਰਟਰਫਾਈਨਲ ''ਚ ਹਾਰ ਕੇ ਬਾਹਰ ਹੋਈ ਮੈਰੀਕਾਮ

06/23/2017 6:12:07 PM

ਨਵੀਂ ਦਿੱਲੀ— ਭਾਰਤ ਦੀ ਸਟਾਰ ਮੁੱਕੇਬਾਜ਼ ਐੱਮ.ਸੀ. ਮੈਰੀਕਾਮ (51 ਕਿਲੋਗ੍ਰਾਮ) ਦੀ ਵਾਪਸੀ ਨਿਰਾਸ਼ਾਜਨਕ ਤਰੀਕੇ ਨਾਲ ਖਤਮ ਹੋਈ ਅਤੇ ਉਹ ਮੰਗੋਲੀਆ ਦੇ ਉਲਾਨਬਟੋਰ 'ਚ ਚਲ ਰਹੇ ਉਲਾਨਬਟੋਰ ਕੱਪ ਦੇ ਕੁਆਰਟਰਫਾਈਨਲ 'ਚ ਹਾਰ ਕੇ ਬਾਹਰ ਹੋ ਗਈ ਜਦਕਿ ਅੰਕੁਸ਼ ਦਾਹੀਆ (60 ਕਿਲੋਗ੍ਰਾਮ) ਅੰਤਿਮ 4 'ਚ ਪਹੁੰਚ ਗਏ। ਇਕ ਸਾਲ ਬਾਅਦ ਵਾਪਸੀ ਕਰ ਰਹੀ ਮੈਰੀਕਾਮ ਕੁਆਰਟਰਫਾਈਨਲ 'ਚ ਕੋਰੀਆ ਦੀ ਚੋਲ ਮਿ ਬਾਂਗ ਤੋਂ ਹਾਰ ਗਈ। 

5 ਵਾਰ ਦੀ ਵਿਸ਼ਵ ਚੈਂਪੀਅਨ ਅਤੇ ਓਲੰਪਿਕ ਕਾਂਸੀ ਤਮਗਾ ਜੇਤੂ ਇਸ 34 ਸਾਲ ਦੀ ਮੁਕਾਬਲੇਬਾਜ਼ ਨੂੰ ਲੰਬੇ ਕੱਦ ਦੀ ਆਪਣੀ ਮੁਕਾਬਲੇਬਾਜ਼ ਦੇ ਖਿਲਾਫ ਕਾਫੀ ਪਰੇਸ਼ਾਨੀ ਹੋਈ ਅਤੇ ਉਨ੍ਹਾਂ ਨੂੰ ਇਕ ਵਾਰ ਬਹੁਤ ਝੁਕਣ ਦੇ ਲਈ ਚਿਤਾਵਨੀ ਵੀ ਦਿੱਤੀ ਗਈ। ਮੈਰੀਕਾਮ ਇਸ ਤੋਂ ਬਾਅਦ ਫਿਰ ਤੋਂ ਲਾਈਟ ਫਲਾਈਵੇਟ 48 ਕਿਲੋਗ੍ਰਾਮ ਵਰਗ 'ਚ ਹਿੱਸਾ ਲਵੇਗੀ ਅਤੇ ਨਵੰਬਰ 'ਚ ਹੋਣ ਵਾਲੀ ਏਸ਼ੀਆਈ ਚੈਂਪੀਅਨਸ਼ਿਪ ਅਤੇ ਅਗਲੇ ਸਾਲ ਹੋਣ ਵਾਲੇ ਰਾਸ਼ਟਰਮੰਡਲ ਖੇਡਾਂ 'ਤੇ ਧਿਆਨ ਲਗਾਵੇਗੀ। 

ਹਾਲਾਂਕਿ ਏਸ਼ੀਆਈ ਨੌਜਵਾਨ ਚਾਂਦੀ ਦਾ ਤਮਗਾਧਾਰੀ ਅੰਕੁਸ਼ ਦਹੀਆ ਅਤੇ ਪ੍ਰਿਅੰਕਾ ਚੌਧਰੀ (60 ਕਿਲੋਗ੍ਰਾਮ) ਨੇ ਕ੍ਰਮਵਾਰ ਪੁਰਸ਼ ਅਤੇ ਮਹਿਲਾ ਵਰਗ 'ਚ ਕੁਆਰਟਰਫਾਈਨਲ ਮੁਕਾਬਲੇ ਜਿੱਤ ਕੇ ਤਮਗੇ ਦੀ ਦੌੜ 'ਚ ਪ੍ਰਵੇਸ਼ ਕੀਤਾ। ਅੰਕੁਸ਼ ਨੇ ਮੰਗੋਲੀਆ ਦੇ ਦੁਲਗੁਨ ਓਯੁਨਚਿਮੇਗ ਨੂੰ ਹਰਾਇਆ ਜਦਕਿ ਪ੍ਰਿਯੰਕਾ ਨੇ ਰੂਸ ਦੀ ਐਲੇਕਸਾਂਦਰ ਓਰਡੀਨਾ 'ਤੇ ਜਿੱਤ ਦਰਜ ਕੀਤੀ। ਦੁਰਯੋਧਨ ਸਿੰਘ (69 ਕਿਲੋਗ੍ਰਾਮ) ਕੁਆਰਟਰਫਾਈਨਲ 'ਚ ਮੰਗੋਲੀਆ ਦੇ ਬਾਇਮਬਾ ਅਰਡੇਨ ਓਟਗੋਨਬਟਾਰ ਤੋਂ ਹਾਰ ਕੇ ਬਾਹਰ ਹੋ ਗਏ। ਮਹਿਲਾ ਵਰਗ 'ਚ ਕਲਾਵੰਤੀ (75 ਕਿਲੋਗ੍ਰਾਮ) ਵੀ ਰੂਸ ਦੀ ਲਿਊਬੋਵ ਲੁਸੁਪੋਵਾ ਤੋਂ ਹਾਰ ਗਈ।


Related News