ਗਲਤ ਫੈਸਲੇ ਲੈਣ ਕਾਰਨ ਪਾਕਿਸਤਾਨ ਨੂੰ ਮਿਲੀ ਹਾਰ

06/11/2024 2:24:46 PM

ਨਿਊਯਾਰਕ, (ਯੂ. ਐੱਨ. ਆਈ.)- ਪਾਕਿਸਤਾਨ ਟੀਮ ਦੇ ਕੋਚ ਗੈਰੀ ਕਰਸਟਨ ਨੇ ਕਿਹਾ ਕਿ ਸਾਨੂੰ ਗਲਤ ਫੈਸਲੇ ਲੈਣ ਕਾਰਨ ਭਾਰਤ ਕੋਲੋਂ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਖਿਲਾਫ ਮੈਚ ਹਾਰਨ ਤੋਂ ਬਾਅਦ ਕਰਸਟਨ ਨੇ ਕਿਹਾ ਕਿ ਸ਼ਾਇਦ ਅਸੀਂ ਸਹੀ ਫੈਸਲੇ ਨਹੀਂ ਲਏ। ਅਸੀਂ ਖੇਡ ਦੇ ਮਹੱਤਵਪੂਰਨ ਪੜ੍ਹਾਵਾਂ ’ਚ ਗਲਤ ਫੈਸਲੇ ਲਏ ਅਤੇ ਅੰਤਰਰਾਸ਼ਟਰੀ ਕ੍ਰਿਕਟ ’ਚ ਤੁਹਾਡੇ ’ਤੇ ਇਹ ਚੀਜ਼ਾਂ ਭਾਰੂ ਪੈਂਦੀਆਂ ਹਨ। ਰਿਜ਼ਵਾਨ ਨੇ ਸਾਡੇ ਲਈ ਚੰਗਾ ਪ੍ਰਦਰਸ਼ਨ ਕੀਤਾ। ਵਿਕਟ ਬੱਲੇਬਾਜ਼ੀ ਲਈ ਆਸਾਨ ਨਹੀਂ ਸੀ, ਇਸ ਦੇ ਬਾਵਜੂਦ ਅਸੀਂ ਟੀਚੇ ਨੂੰ ਚੰਗੀ ਤਰ੍ਹਾਂ ਮੈਨੇਜ ਕੀਤਾ ਸੀ ਪਰ ਅਖੀਰ ’ਚ ਇਹ ਮੈਚ ਸਾਡੇ ਹੱਥੋਂ ਨਿਕਲ ਗਿਆ।

ਉਸ ਨੇ ਕਿਹਾ ਕਿ ਇਹ ਹਾਰ ਪੱਕੇ ਤੌਰ ’ਤੇ ਨਿਰਾਸ਼ਾਜਨਕ ਹੈ। ਮੈਨੂੰ ਲੱਗਦਾ ਸੀ ਕਿ 120 ਦਾ ਟੀਚਾ ਵਿਸ਼ੇਸ਼ ਤੌਰ ’ਤੇ ਭਾਰਤ ਦੇ ਸਾਹਮਣੇ ਹਾਸਲ ਕਰਨਾ ਇਨਾ ਆਸਾਨ ਨਹੀਂ ਰਹਿਣ ਵਾਲਾ ਹੈ ਲੇਕਿਨ ਮੈਨੂੰ ਲੱਗਦਾ ਹੈ ਕਿ ਜਦੋਂ ਅਸੀਂ 2 ਵਿਕਟਾਂ ’ਤੇ 72 ਦੌੜਾਂ ਬਣਾ ਲਈਆਂ ਸਨ ਅਤੇ ਆਖਰੀ 6 ਜਾਂ 7 ਓਵਰ ਬਚੇ ਹੋਏ ਸਨ, ਉਦੋਂ ਤੱਕ ਖੇਡ ਸਾਡੇ ਕੰਟਰੋਲ ਵਿਚ ਸੀ। ਇਸ ਤਰ੍ਹਾਂ ਦੀ ਸਥਿਤੀ ’ਚ ਜਿੱਤ ਹਾਸਲ ਨਾ ਕਰ ਸਕਣਾ ਨਿਰਾਸ਼ਾਜਨਕ ਹੈ। ਉਸ ਨੇ ਕਿਹਾ ਕਿ ਅਸੀਂ ਆਰਾਮ ਨਾਲ ਖੇਡਣ ਦੀ ਸੋਚ ਰਹੇ ਸੀ। ਪਹਿਲੇ 6 ਓਵਰਾਂ ’ਚ 40-45 ਦੌੜਾਂ ਬਣਾਉਣੀਆਂ ਚਾਹੁੰਦੇ ਸੀ ਪਰ ਅਸੀਂ ਇਸ ਨੂੰ ਅਮਲੀ ਜਾਮਾ ਨਹੀਂ ਪਹਿਨਾ ਸਕੇ ਅਤੇ ਪਹਿਲੇ 10 ਓਵਰਾਂ ਤੋਂ ਬਾਅਦ ਅਸੀਂ ਇਸ ਤਰ੍ਹਾਂ ਦੀ ਗਲਤੀ ਇਕ ਵਾਰ ਫਿਰ ਦੋਹਰਾਈ।

ਪਾਕਿਸਤਾਨੀ ਟੀਮ ਦੇ ਕਪਤਾਨ ਬਾਬਰ ਆਜ਼ਮ ਨੇ ਕਿਹਾ ਕਿ ਬੱਲੇਬਾਜ਼ੀ ’ਚ ਅਸੀਂ ਦੌੜਾਂ ਅਤੇ ਗੇਂਦ ਦੇ ਹਿਸਾਬ ਨਾਲ ਬੱਲੇਬਾਜ਼ੀ ਕਰ ਰਹੇ ਸੀ ਪਰ ਮਾੜੀ ਕਿਸਮਤ ਨਾਲ ਅਚਾਨਕ ਅਸੀਂ ਲਗਾਤਾਰ ਵਿਕਟਾਂ ਗੁਆ ਦਿੱਤੀਆਂ ਅਤੇ ਕਾਫੀ ਡਾਟ ਗੇਂਦਾਂ ਵੀ ਖੇਡੀਆਂ। ਸਾਡੀ ਰਣਨੀਤੀ ਸਪੱਸ਼ਟ ਸੀ। 5 ਜਾਂ 6 ਦੌੜਾਂ ਪ੍ਰਤੀ ਓਵਰ ਬਣਾਉਣੇ ਹਨ, ਸਟ੍ਰਾਈਕ ਰੋਟੇਟ ਕਰਨੀ ਹੈ। ਬਾਊਂਡਰੀ ਹਾਸਲ ਕਰਨ ਤੋਂ ਬਾਅਦ ਜ਼ਿਆਦਾ ਉਤਸਾਹਿਤ ਨਹੀਂ ਹੋਣਾ ਹੈ ਪਰ ਗੇਮ ਦੇ ਉਸ ਪੜਾਅ ’ਚ ਅਸੀਂ ਕਾਫੀ ਡਾਟ ਗੇਂਦਾਂ ਖੇਡ ਲਈਆਂ ਅਤੇ ਅਸੀਂ ਲਗਾਤਾਰ 2-3 ਵਿਕਟਾਂ ਵੀ ਗੁਆ ਦਿੱਤੀਆਂ।

ਕਰਸਟਨ ਨੇ ਕਿਹਾ ਕਿ ਸਾਡੇ ਕੋਲ ਇਸ ਟੂਰਨਾਮੈਂਟ ’ਚ ਵਾਪਸੀ ਕਰਨ ਲਈ ਅਜੇ ਵੀ ਮੌਕਾ ਹੈ। ਅਸੀਂ ਅਜੇ ਵੀ ਇਸ ਉਮੀਦ ’ਚ ਹਾਂ ਕਿ ਚੀਜ਼ਾਂ ਸਾਡੇ ਪੱਖ ’ਚ ਜਾਣਗੀਆਂ। ਇਸ ਦੇ ਲਈ ਸਾਨੂੰ ਹੁਣ ਦੀ ਤੁਲਨਾ ਵਿਚ ਕਾਫੀ ਬਿਹਤਰ ਕ੍ਰਿਕਟ ਖੇਡਣੀ ਹੋਵੇਗੀ। ਇਹ ਮੈਚ ਸਾਡੇ ਕੰਟਰੋਲ ’ਚ ਸੀ। ਹਰ ਕੋਈ ਇਸ ਹਾਰ ਦਾ ਜ਼ਿੰਮੇਵਾਰ ਹੈ ਅਤੇ ਅਸੀਂ ਇਸ ਦੀ ਜ਼ਿੰਮੇਵਾਰੀ ਲੈਂਦੇ ਹਾਂ। ਅਜੇ ਮੈਨੂੰ 12 ਦਿਨ ਹੀ ਹੋਏ ਹਨ। ਇਸ ਲਈ ਅਜੇ ਤਾਂ ਮੈਨੂੰ ਇਨ੍ਹਾਂ ਖਿਡਾਰੀਆਂ ਨੂੰ ਸਮਝਣਾ ਹੈ ਕਿ ਉਹ ਕੀ ਚਾਹੁੰਦੇ ਹਨ।

ਅਗਲੇ ਆਉਣ ਵਾਲੇ ਮੁਕਾਬਲਿਆਂ ’ਤੇ ਪਾਕਿਸਤਾਨ ਦੀ ਸਭ ਤੋਂ ਵੱਡੀ ਚਿੰਤਾ ਉਸ ਦੇ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਹੈ, ਜਿਸ ’ਚ ਫਖਰ ਜਮਾਂ, ਇਮਾਦ ਵਸੀਮ, ਸ਼ਾਦਾਬ ਖਾਨ ਅਤੇ ਇਫਤਿਖਾਰ ਅਹਿਮਦ ਨੇ ਭਾਰਤ ਖਿਲਾਫ ਢਿੱਲੀ ਸ਼ਾਟ ਖੇਡ ਕੇ ਆਪਣੀ ਪ੍ਰੇਸ਼ਾਨੀ ਵਧਾਈ। ਇਸ ਮੈਚ ’ਚ ਮੁਹੰਮਦ ਰਿਜ਼ਵਾਨ ਨੇ 44 ਗੇਂਦਾਂ ਖੇਡ ਕੇ 31 ਦੌੜਾਂ ਬਣਾਈਆਂ, ਜਦਕਿ ਵਸੀਮ ਨੇ 15 ਦੌੜਾਂ ਬਣਾਉਣ ਲਈ 23 ਗੇਂਦਾਂ ਖੇਡੀਆਂ।

ਐਤਵਾਰ ਪਾਕਿਸਤਾਨ ਲਈ ਚੰਗੀ ਚੀਜ਼ ਉਸ ਦੀ ਗੇਂਦਬਾਜ਼ੀ ਦਾ ਪ੍ਰਦਰਸ਼ਨ ਰਿਹਾ, ਜਿਸ ’ਚ ਨਸੀਮ ਸ਼ਾਹ ਨੇ 21 ਦੌੜਾਂ ਦੇ ਕੇ ਤਿੰਨ, ਜਦਕਿ ਮੁਹੰਮਦ ਆਮਿਰ ਨੇ 23 ਦੌੜਾਂ ਦੇ ਕੇ 2 ਵਿਕਟਾਂ ਲਈਆਂ ਪਰ ਬਚੇ ਹੋਏ 2 ਮੈਚਾਂ ’ਚ ਉਸ ਦੇ ਮੁੱਖ ਤੇਜ਼ ਗੇਂਦਬਾਜ਼ ਸ਼ਾਹੀਨ ਨੂੰ ਹੋਰ ਜ਼ਿਆਦਾ ਜ਼ਿੰਮੇਵਾਰ ਨਾਲ ਗੇਂਦਬਾਜ਼ੀ ਕਰਨੀ ਹੋਵੇਗੀ।
 


Tarsem Singh

Content Editor

Related News