ਇਟਲੀ ਕੱਬਡੀ ਕੱਪ ''ਚੋ ਵੈਰੋਨਾ ਦੀ ਟੀਮ ਨੂੰ ਹਰਾ ਕੇ ਬੈਰਗਾਮੋ ਦੀ ਟੀਮ ਜਿੱਤੀ ਪਹਿਲਾ ਇਨਾਮ

Wednesday, Jun 19, 2024 - 03:52 PM (IST)

ਇਟਲੀ ਕੱਬਡੀ ਕੱਪ ''ਚੋ ਵੈਰੋਨਾ ਦੀ ਟੀਮ ਨੂੰ ਹਰਾ ਕੇ ਬੈਰਗਾਮੋ ਦੀ ਟੀਮ ਜਿੱਤੀ ਪਹਿਲਾ ਇਨਾਮ

ਮਿਲਾਨ (ਸਾਬੀ ਚੀਨੀਆ)- ਸ਼ਹੀਦ ਬਾਬਾ ਦੀਪ ਸਿੰਘ ਜੀ ਸਪੋਰਟਸ ਕਲੱਬ ਵੈਰੋਨਾ-ਵਿਚੈਂਸਾ ਵੱਲੋਂ ਵੈਰੋਨਾ ਨੇੜੇ ਕਰਵਾਇਆ ਗਿਆ "ਕਬੱਡੀ ਕੱਪ" ਬੈਰਗਾਮੋ ਦੀ ਟੀਮ ਨੇ ਪਹਿਲੇ ਸਥਾਨ ਤੇ ਰਹਿ ਕੇ ਜਿੱਤ ਲਿਆ। ਇਸ ਦੇ ਨਾਲ ਹੀ ਸ਼ਹੀਦ ਬਾਬਾ ਦੀਪ ਸਿੰਘ ਜੀ ਸਪੋਰਟਸ ਕਲੱਬ ਵੈਰੋਨਾ-ਵਿਚੈਂਸਾ ਦੀ ਟੀਮ ਦੂਜੇ ਸਥਾਨ ਤੇ ਰਹੀ। ਇਸ ਖੇਡ ਮੇਲੇ ਵਿੱਚ ਇਟਲੀ ਭਰ ਤੋਂ ਪ੍ਰਮੁੱਖ ਟੀਮਾਂ ਪਹੁੰਚੀਆਂ ਸਨ। ਸਾਰੇ ਹੀ ਮੁਕਾਬਲੇ ਬਹੁਤ ਹੀ ਫਸਵੇਂ ਤੇ ਦਿਲਚਸਪ ਸਨ।

ਖੇਡ ਮੇਲੇ ਦੌਰਾਨ ਵੈਰੋਨਾ-ਵਿਚੈਂਸਾ ਕਲੱਬ ਵੱਲੋਂ ਖੇਡੇ ਅਮਰੀਕਾ ਦੀ ਧਰਤੀ ਤੋਂ ਪਹੁੰਚੇ ਪ੍ਰਸਿੱਧ ਰੇਡਰ ਜਾਏਰੋ ਚਾਵੇਜ ਨੂੰ ਚੰਗੀ ਖੇਡ ਸਦਕਾ ਖੇਡ ਮੇਲੇ ਦਾ ਬੈਸਟ ਰੇਡਰ ਐਲਾਨਿਆ ਗਿਆ। ਜਦੋਂ ਕਿ ਜੈਪਾਲ ਲਸਾੜਾ ਅਤੇ ਬੂਟਾ ਸੋਹਲ ਜਗੀਰ ਸਰਬੋਤਮ ਜਾਫੀ ਐਲਾਨੇ ਗਏ। 
ਇਸੇ ਪ੍ਰਕਾਰ ਬੈਰਗਾਮੋ ਕਲੱਬ ਦੇ ਧੜੱਲੇਦਾਰ ਧਾਵੀ ਗੱਬਰ ਧਨੌਰੀ ਦੀ ਪਾਏਦਾਰ ਖੇਡ ਦੀ ਵੀ ਦਰਸ਼ਕਾਂ ਦੁਆਰਾ ਚੌਖੀ ਸ਼ਾਲਾਘਾ ਕੀਤੀ ਗਈ। ਜੇਤੂ ਟੀਮਾਂ ਨੂੰ ਨਕਦ ਇਨਾਮ ਅਤੇ ਸ਼ਾਨਦਾਰ ਟ੍ਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ। ਸ਼ਹੀਦ ਬਾਬਾ ਦੀਪ ਸਿੰਘ ਜੀ ਸਪੋਰਟਸ ਕਲੱਬ ਵੈਰੋਨਾ-ਵਿਚੈਂਸਾ ਵੱਲੋਂ ਕਰਵਾਇਆ ਗਿਆ ਇਹ ਖੇਡ ਮੇਲਾ ਅਮਿੱਟ ਛਾਪ ਛੱਡਦਾ ਹੋਇਆ ਸੰਪੰਨ ਹੋਇਆ।
 


author

Aarti dhillon

Content Editor

Related News