ਧੋਨੀ ਦੇ ਕੌਮਾਂਤਰੀ ਕ੍ਰਿਕਟ 'ਚ 15 ਸਾਲ, ਤਿੰਨੇ ਫਾਰਮੈਟ 'ਚ ਭਾਰਤ ਨੂੰ ਬਣਾਇਆ ਚੈਂਪੀਅਨ

12/23/2019 4:16:25 PM

ਸਪੋਰਟਸ ਡੈਸਕ— ਟੀਮ ਇੰਡੀਆ ਨੂੰ 2-2 ਵਾਰ ਵਰਲਡ ਚੈਂਪੀਅਨ ਬਣਾਉਣ ਵਾਲੇ ਮਹਿੰਦਰ ਸਿੰਘ ਧੋਨੀ ਦੇ ਅੱਜ ਭਾਵ 23 ਦਸੰਬਰ 2019 ਨੂੰ ਕੌਮਾਂਤਰੀ ਕ੍ਰਿਕਟ 'ਚ 15 ਸਾਲ ਪੂਰੇ ਹੋ ਗਏ ਹਨ। ਇੰਨੇ ਲੰਬੇ ਸਫਰ ਦੇ ਦੌਰਾਨ ਉਨ੍ਹਾਂ ਨੇ ਭਾਰਤੀ ਟੀਮ ਨੂੰ ਨਵੀਆਂ ਉੱਚਾਈਆਂ 'ਤੇ ਪਹੁੰਚਾਇਆ। ਉਨ੍ਹਾਂ ਨੇ ਡੈਬਿਊ ਦੇ ਤਿੰਨ ਸਾਲ ਬਾਅਦ ਹੀ ਟੀਮ ਇੰਡੀਆ ਨੂੰ ਵਰਲਡ ਚੈਂਪੀਅਨ ਬਣਾ ਦਿੱਤਾ ਸੀ। ਉਨ੍ਹਾਂ ਦੀ ਅਗਵਾਈ 'ਚ ਟੀਮ ਇੰਡੀਆ ਨੇ ਪਹਿਲੀ ਵਾਰ ਟੈਸਟ ਰੈਂਕਿੰਗ 'ਚ ਨੰਬਰ ਇਕ ਦਾ ਮੁਕਾਮ ਹਾਸਲ ਕੀਤਾ ਸੀ। ਧੋਨੀ ਨੇ 2014 'ਚ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਵਨ-ਡੇ ਅਤੇ ਟੀ-20 'ਚ ਉਹ ਅਜੇ ਸਰਗਰਮ ਹਨ।
PunjabKesari
ਹਾਲਾਂਕਿ ਪਿਛਲੇ 6 ਮਹੀਨਿਆਂ ਤੋਂ ਉਹ ਕੌਮਾਂਤਰੀ ਕ੍ਰਿਕਟ ਤੋਂ ਦੂਰ ਹਨ। ਇਸ ਦੌਰਾਨ ਉਨ੍ਹਾਂ ਦੇ ਸੰਨਿਆਸ ਲੈਣ ਦੀ ਅਫਵਾਹਾਂ ਵੀ ਉੱਡੀਆਂ, ਪਰ ਭਾਰਤੀ ਕ੍ਰਿਕਟ ਟੀਮ ਦੇ ਚੋਣ ਕਮੇਟੀ ਦੇ ਪ੍ਰਮੁੱਖ ਐੱਮ. ਐੱਸ. ਕੇ. ਪ੍ਰਸਾਦ ਨੇ ਇਨ੍ਹਾਂ ਅਫਵਾਹਾਂ 'ਤੇ ਰੋਕ ਲਾ ਦਿੱਤੀ ਸੀ। ਧੋਨੀ ਨੇ ਖੁਦ ਹੀ ਕਿਹਾ ਕਿ ਜਨਵਰੀ ਤਕ ਇਸ ਸਬੰਧ 'ਚ ਉਨ੍ਹਾਂ ਨਾਲ ਕੋਈ ਸਵਾਲ ਨਾ ਕੀਤਾ ਜਾਵੇ। ਹੁਣ ਉਨ੍ਹਾਂ ਦੀ ਕੌਮਾਂਤਰੀ ਕ੍ਰਿਕਟ 'ਚ ਪਰਤਨ ਦੀ ਉਮੀਦ ਕੀਤੀ ਜਾ ਰਹੀ ਹੈ।
PunjabKesari
ਧੋਨੀ ਦੀ ਗਿਣਤੀ ਦੁਨੀਆ ਦੇ ਸਭ ਤੋਂ ਸਫਲ ਕਪਤਾਨਾਂ 'ਚ ਕੀਤੀ ਜਾਂਦੀ ਹੈ। ਉਹ ਆਪਣੀ ਅਗਵਾਈ 'ਚ ਆਈ. ਸੀ. ਸੀ. ਦੇ ਤਿੰਨਾਂ ਵੱਡੇ ਟੂਰਨਾਮੈਂਟਾਂ (ਵਨ-ਡੇ ਕੱਪ, ਟੀ-20 ਵਰਲਡ ਕੱਪ ਅਤੇ ਚੈਂਪੀਅਨਸ ਟਰਾਫੀ) 'ਚ ਟੀਮ ਨੂੰ ਚੈਂਪੀਅਨ ਬਣਾਉਣ ਵਾਲੇ ਇਕਲੌਤੇ ਕਪਤਾਨ ਹਨ। ਹਾਲਾਂਕਿ ਕੌਮਾਂਤਰੀ ਕ੍ਰਿਕਟ 'ਚ ਉਨ੍ਹਾਂ ਦਾ ਡੈਬਿਊ ਨਿਰਾਸ਼ਾਜਨਕ ਸੀ। ਧੋਨੀ ਨੇ 23 ਦਸੰਬਰ 2004 ਨੂੰ ਚਿਟਗਾਂਵ 'ਚ ਬੰਗਲਾਦੇਸ਼ ਖਿਲਾਫ ਵਨ-ਡੇ ਮੈਚ 'ਚ ਕੌਮਾਂਤਰੀ ਕ੍ਰਿਕਟ 'ਚ ਡੈਬਿਊ ਕੀਤਾ ਸੀ। ਉਸ ਮੈਚ 'ਚ ਉਹ ਬਿਨਾ ਖਾਤਾ ਖੋਲੇ ਹੀ ਪਵੇਲੀਅਨ ਪਰਤ ਗਏ। ਇੰਨਾ ਹੀ ਨਹੀਂ, ਉਹ ਉਸ ਸੀਰੀਜ਼ ਦੀਆਂ ਤਿੰਨ ਪਾਰੀਆਂ 'ਚ ਸਿਰਫ 19 ਦੌੜਾਂ ਹੀ ਬਣਾ ਸਕੇ ਸਨ। ਹਾਲਾਂਕਿ, ਟੀਮ ਇੰਡੀਆ ਦੇ ਉਸ ਸਮੇਂ ਦੇ ਕਪਤਾਨ ਸੌਰਵ ਗਾਂਗੁਲੀ ਉਨ੍ਹਾਂ ਦੇ ਹੁਨਰ ਨੂੰ ਪਛਾਣ ਚੁੱਕੇ ਸਨ। ਇਸੇ ਲਈ ਉਨ੍ਹਾਂ ਨੇ ਪਾਕਿਸਤਾਨ ਖਿਲਾਫ ਅਗਲੀ ਸੀਰੀਜ਼ ਦੇ ਲਈ ਧੋਨੀ ਦੀ ਚੋਣ ਕੀਤੀ।
PunjabKesari
ਧੋਨੀ ਵੀ ਗਾਂਗੁਲੀ ਦੇ ਭਰੋਸੇ 'ਤੇ ਖਰੇ ਉਤਰੇ। ਉਨ੍ਹਾਂ ਨੇ ਸੀਰੀਜ਼ ਦੇ ਦੂਜੇ ਵਨ-ਡੇ ਮੈਚ 'ਚ ਹੀ 148 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਬਾਅਦ ਤਾਂ ਧੋਨੀ ਕ੍ਰਿਕਟ ਦੀ ਦੁਨੀਆ 'ਚ ਛਾ ਗਏ ਅਤੇ ਇਤਿਹਾਸ ਰਚਦੇ ਗਏ। ਸਤੰਬਰ 2007 'ਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਟੀ-20 ਵਰਲਡ ਕੱਪ ਲਈ ਉਨ੍ਹਾਂ ਨੂੰ ਟੀਮ ਇੰਡੀਆ ਦੀ ਕਮਾਨ ਸੌਂਪੀ। ਉਸ ਸਮੇਂ ਕ੍ਰਿਕਟ ਦੇ ਮਾਹਰਾਂ ਨੇ ਧੋਨੀ ਦੇ ਹੁਨਰ ਨੂੰ ਘੱਟ ਸਮਝਿਆ ਸੀ ਪਰ ਉਨ੍ਹਾਂ ਨੇ ਸਾਰੇ ਕਯਾਸ ਅਤੇ ਰਿਕਾਰਡਸ ਨੂੰ ਬੌਣਾ ਦਸਦੇ ਹੋਏ ਟੀਮ ਇੰਡੀਆ ਨੂੰ ਚੈਂਪੀਅਨ ਬਣਾ ਦਿੱਤਾ। ਇੰਨਾ ਹੀ ਨਹੀਂ, ਧੋਨੀ ਦੀ ਅਗਵਾਈ 'ਚ ਹੀ ਟੀਮ ਇੰਡੀਆ ਨੇ 2011 'ਚ ਵਨ-ਡੇ ਵਰਲਡ ਕੱਪ ਜਿੱਤਿਆ। ਇਸ ਤੋਂ ਪਹਿਲਾਂ 1983 'ਚ ਕਪਿਲ ਦੇਵ ਦੀ ਅਗਵਾਈ 'ਚ ਟੀਮ ਇੰਡੀਆ ਨੇ ਪਹਿਲੀ ਵਾਰ ਵਨ-ਡੇ ਵਰਲਡ ਕੱਪ ਜਿੱਤਿਆ ਸੀ।


Tarsem Singh

Content Editor

Related News