ਵਿਰਾਟ ਕੋਹਲੀ ਕੋਲ ਹੈ ਭਾਰਤੀ ਕ੍ਰਿਕਟ ਇਤਿਹਾਸ ਦੀ ਸਭ ਤੋਂ ਬੈਸਟ ਟੀਮ: ਅੰਸ਼ੁਮਨ ਗਾਇਕਵਾੜ
Tuesday, Jul 14, 2020 - 02:15 PM (IST)
ਸਪੋਰਟਸ ਡੈਸਕ– ਸਾਬਕਾ ਭਾਰਤੀ ਕ੍ਰਿਕਟਰ ਅਤੇ ਦੋ ਵਾਰ ਨੈਸ਼ਨਲ ਟੀਮ ਦੇ ਕੋਚ ਰਹਿ ਚੁੱਕੇ ਅੰਸ਼ੁਮਨ ਗਾਇਕਵਾੜ ਨੇ ਕਿਹਾ ਕਿ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਕੋਲ ਭਾਰਤੀ ਕ੍ਰਿਕਟ ਦੇ ਇਤਿਹਾਸ ਦੀ ਸਭ ਤੋਂ ਚੰਗੀ ਟੀਮ ਹੈ। ਉਨ੍ਹਾਂ ਕਿਹਾ ਕਿ ਇਸ ਟੀਮ ’ਚ ਸੰਤੁਲਨ ਹੈ ਅਤੇ ਵਿਸ਼ਵ ਪਧਰੀ ਖਿਡਾਰੀ ਇਸ ਦਾ ਹਿੱਸਾ ਹਨ।
ਇਕ ਇੰਟਰਵਿਊ ਦੌਰਾਨ ਗਾਇਕਵਾੜ ਨੇ ਕਿਹਾ ਕਿ ਹਾਲੀਆ ਸਮੇਂ ਦੇ ਨਤੀਜਿਆਂ ਨੂੰ ਛੱਡ ਦਈਏ ਤਾਂ ਕੋਹਲੀ ਦੀ ਕਪਤਾਨੀ ’ਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਮੇਰੇ ਕੋਲੋਂ ਪੁੱਛੋ ਤਾਂ ਕੋਹਲੀ ਕੋਲ ਭਾਰਤੀ ਕ੍ਰਿਕਟ ਇਤਿਹਾਸ ਦੀ ਸਭ ਤੋਂ ਚੰਗੀ ਟੀਮ ਹੈ। ਗੇਂਦਬਾਜ਼ੀ, ਬੱਲੇਬਾਜ਼ੀ ਅਤੇ ਸੰਤੁਲਨ ਸਭ ਸ਼ਾਨਦਾਰ ਹੈ। ਹੁਣ ਤਕ ਸਾਡੇ ਕੋਲ ਤੇਜ਼ ਗੇਂਦਬਾਜ਼ ਨਹੀਂ ਹੁੰਦੇ ਸਨ। ਸਾਡੇ ਕੋਲ ਕਰਸਨ (ਘਾਵਰੀ), ਰੋਜਰ ਬਿਨੀ, ਕਪਿਲ ਦੇਵ ਵਰਗੇ ਗੇਂਦਬਾਜ਼ ਸਨ ਪਰ ਉਹ ਤੁਹਾਨੂੰ ਹਰ ਵਾਰ ਮੈਚ ਨਹੀਂ ਜਿਤਵਾ ਸਕਦੇ ਸਨ। ਅੱਜ ਤੁਹਾਡੇ ਕੋਲ ਚੰਗੀ ਪੇਸ ਹੈ ਅਤੇ ਉਹ ਤੁਹਾਡੇ ਲਈ ਮੈਚ ਜਿੱਤ ਰਹੇ ਹਨ।
ਕੋਹਲੀ ਦੀ ਕਪਤਾਨੀ ’ਤੇ ਗੱਲ ਕਰਦੇ ਹੋਏ ਸਾਬਕਾ ਕੋਚ ਨੇ ਕਿਹਾ ਕਿ ਇਹ ਸਮੇਂ ਦੀ ਗੱਲ ਹੈ। ਸਚਿਨ ਤੇਂਦੁਲਕਰ ਦੇ ਕਪਤਾਨੀ ਛੱਡਣ ’ਤੇ ਮੈਂ ਉਸ ਨੂੰ ਕਿਹਾ ਸੀ ਕਿ ਜਦੋਂ ਉਹ 110 ਫੀਸਦੀ ਦੇ ਰਹੇ ਹਨ ਤਾਂ ਬਾਕੀ ਖਿਡਾਰੀ ਅਜਿਹਾ ਕਿਉਂ ਨਹੀਂ ਕਰ ਸਕਦੇ। ਗਾਇਕਵਾੜ ਨੇ ਕਿਹਾ ਕਿ ਇਕ ਕਪਤਾਨ ਦੇ ਤੌਰ ’ਤੇ ਸਾਨੂੰ ਸਮਝਣਾ ਚਾਹੀਦਾ ਹੈ ਕਿ ਹਰ ਖਿਡਾਰੀ ਅਲੱਗ ਹੁੰਦਾ ਹੈ। ਤੁਸੀਂ 110 ਫੀਸਦੀ ਦੇ ਸਕਦੇ ਹੋ ਪਰ ਦੂਜੇ ਖਿਡਾਰੀ 90-95 ਫੀਸਦੀ ਦੇ ਦੇ ਸਕਦੇ ਹਨ। ਉਸ ਨੂੰ 100 ਫੀਸਦੀ ਤਕ ਕਿਵੇਂ ਲੈ ਕੇ ਆਉਣਾ ਹੈ, ਇਸ ’ਤੇ ਕੰਮ ਕਰਨ ਦੀ ਲੋੜ ਹੁੰਦੀ ਹੈ।