ਸੁਨੀਲ ਨਾਰਾਇਣ ਨੂੰ IPL ਨੇ ਦਿੱਤੀ ਕਲੀਨ ਚਿੱਟ
Sunday, Oct 18, 2020 - 08:18 PM (IST)
ਦੁਬਈ– ਕੋਲਕਾਤਾ ਨਾਈਟ ਰਾਈਡਰਜ਼ ਨੇ ਕੈਰੇਬੀਆਈ ਸਪਿਨਰ ਸੁਨੀਲ ਨਾਰਾਇਣ ਵਿਰੁੱਧ ਆਈ. ਪੀ. ਐੱਲ. ਵਿਚ ਸ਼ੱਕੀ ਗੇਂਦਬਾਜ਼ੀ ਐਕਸ਼ਨ ਦੀ ਸ਼ਿਕਾਇਤ 'ਤੇ ਆਈ. ਪੀ. ਐੱਲ. ਦੀ ਸ਼ੱਕੀ ਗੇਂਦਬਾਜ਼ੀ ਐਕਸ਼ਨ ਕਮੇਟੀ ਨੇ ਉਸ ਨੂੰ ਕਲੀਨ ਚਿੱਟ ਦੇ ਦਿੱਤੀ ਹੈ।
ਆਈ. ਪੀ. ਐੱਲ. ਨੇ ਐਤਵਾਰ ਨੂੰ ਬਿਆਨ ਜਾਰੀ ਕਰਕੇ ਇਸਦੀ ਜਾਣਕਾਰੀ ਦਿੱਤੀ। ਨਾਰਾਇਣ ਦੀ ਮੈਦਾਨੀ ਅੰਪਾਇਰਾਂ ਨੇ ਕਿੰਗਜ਼ ਇਲੈਵਨ ਪੰਜਾਬ ਵਿਰੁੱਧ ਮੈਚ ਤੋਂ ਬਾਅਦ ਸ਼ੱਕੀ ਗੇਂਦਬਾਜ਼ੀ ਐਕਸ਼ਨ ਦੀ ਸ਼ਿਕਾਇਤ ਕੀਤੀ ਸੀ। ਆਈ. ਪੀ. ਐੱਲ. ਦੀ ਸ਼ੱਕੀ ਗੇਂਦਬਾਜ਼ੀ ਐਕਸ਼ਨ ਦੀ ਨੀਤੀ ਦੇ ਅਨੁਸਾਰ ਨਾਰਾਇਣ ਨੂੰ ਚੇਤਾਵਨੀ ਸੂਚੀ ਵਿਚ ਰੱਖਿਆ ਗਿਆ ਸੀ ਤੇ ਉਸ ਨੂੰ ਟੂਰਨਾਮੈਂਟ ਵਿਚ ਗੇਂਦਬਾਜ਼ੀ ਜਾਰੀ ਰੱਖਣ ਦੀ ਮਨਜ਼ੂਰੀ ਸੀ ਪਰ ਉਸਦੀ ਇਸ ਮਾਮਲੇ ਵਿਚ ਇਕ ਹੋਰ ਸ਼ਿਕਾਇਤ ਹੋਣ 'ਤੇ ਉਸ ਨੂੰ ਗੇਂਦਬਾਜ਼ੀ ਕਰਨ ਤੋਂ ਤਦ ਤਕ ਲਈ ਸਸਪੈਂਡ ਕਰ ਦਿੱਤਾ ਜਾਂਦਾ।
ਕੋਲਕਾਤਾ ਨੇ ਇਸ ਨੂੰ ਦੇਖਦੇ ਹੋਏ ਜ਼ੋਖਿਮ ਨਹੀਂ ਲਿਆ ਤੇ ਉਸ ਨੂੰ ਪਿਛਲੇ ਕੁਝ ਮੁਕਾਬਲਿਆਂ ਵਿਚੋਂ ਬਾਹਰ ਰੱਖਿਆ। ਕਮੇਟੀ ਨੇ ਨਾਰਾਇਣ ਦੀ ਗੇਂਦਬਾਜ਼ੀ ਫੁਟੇਜ ਦੀ ਜਾਂਚ ਕੀਤੀ, ਜਿਸ ਵਿਚ ਪਾਇਆ ਗਿਆ ਕਿ ਉਸਦੀ ਕੂਹਣੀ ਸੀਮਾ ਦੇ ਦਾਇਰੇ ਵਿਚ ਹੀ ਮੁੜੀ ਸੀ। ਨਾਰਾਇਣ ਨੂੰ ਕਲੀਨ ਚਿੱਟ ਮਿਲਣ ਨਾਲ ਕੋਲਕਾਤਾ ਨੇ ਸੁੱਖ ਦਾ ਸਾਹ ਲਿਆ ਹੈ।
ਨਾਰਾਇਣ ਇਸ ਤੋਂ ਪਹਿਲਾਂ 2014 ਵਿਚ ਵੀ ਆਪਣੇ ਗੇਂਦਬਾਜ਼ੀ ਐਕਸ਼ਨ ਨੂੰ ਲੈ ਕੇ ਪ੍ਰੇਸ਼ਾਨੀ ਵਿਚ ਫਸ ਚੁੱਕਾ ਹੈ। ਉਸਦੇ ਵਿਰੁੱਧ 2014 ਚੈਂਪੀਅਨਸ ਲੀਗ ਵਿਚ ਰਿਪੋਰਟ ਦਰਜ ਕੀਤੀ ਗਈ ਸੀ, ਜਿਸ ਕਾਰਣ ਉਹ 2015 ਵਿਸ਼ਵ ਕੱਪ ਨਹੀਂ ਖੇਡ ਸਕਿਆ ਸੀ। ਨਾਰਾਇਣ ਦੇ ਗੇਂਦਬਾਜ਼ੀ ਐਕਸ਼ਨ ਦੀ 2015 ਆਈ. ਪੀ. ਐੱਲ. ਦੌਰਾਨ ਵੀ ਸ਼ਿਕਾਇਤ ਕੀਤੀ ਗਈ ਸੀ ਤੇ ਉਸ ਨੂੰ ਉਸ ਸਾਲ ਗੇਂਦਬਾਜ਼ੀ ਕਰਨ ਤੋਂ ਸਸਪੈਂਡ ਕਰ ਦਿੱਤਾ ਸੀ। ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਨੇ ਅਪ੍ਰੈਲ 2016 ਵਿਚ ਉਸਦੇ ਐਕਸ਼ਨ ਨੂੰ ਕਲੀਨ ਚਿੱਟ ਦਿੱਤੀ ਸੀ ਪਰ ਉਸ ਨੂੰ ਉਸ ਸਾਲ ਭਾਰਤ ਵਿਚ ਹੋਏ ਟੀ-20 ਵਿਸ਼ਵ ਕੱਪ ਵਿਚੋਂ ਬਾਹਰ ਹੋਣਾ ਪਿਆ ਸੀ।