''...ਤਾਂ ਉਸ ਨੂੰ ਪੰਜਾਬ ਦਾ ਵਿੱਤ ਮੰਤਰੀ ਬਣਾ ਦਿਓ'', ਸੁਨੀਲ ਜਾਖੜ ਨੇ ਬਿਜਲੀ ਨਿਗਮ ਦੇ ਅੰਕੜਿਆਂ ''ਤੇ ਚੁੱਕੇ ਸਵਾਲ
Tuesday, Mar 17, 2026 - 04:30 PM (IST)
ਚੰਡੀਗੜ੍ਹ (ਵੈੱਬ ਡੈਸਕ): ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਬਿਜਲੀ ਨਿਗਮ ਦੇ ਦਾਅਵਿਆਂ 'ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬਿਜਲੀ ਨਿਗਮ ਦੇ ਅੰਕੜਿਆਂ ਮੁਤਾਬਕ ਉਹ 28 ਨਵੰਬਰ 2025 ਨੂੰ 1713 ਕਰੋੜ ਰੁਪਏ ਦੇ ਘਾਟੇ ਵਿਚ ਸੀ ਤੇ 6 ਮਾਰਚ 2026 ਨੂੰ 7851 ਕਰੋੜ ਸਰਪਲਸ ਹੋ ਗਏ। ਜਾਖੜ ਨੇ ਤੰਜ ਕੱਸਦਿਆਂ ਇਸ ਨੂੰ 'ਕਾਲਾ ਜਾਦੂ' ਕਰਾਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਕੁਝ ਹਫ਼ਤਿਆਂ ਵਿਚ ਇਹ ਹਕੀਕੀ ਤੌਰ 'ਤੇ ਸੰਭਵ ਨਹੀਂ ਹੈ।
ਸੁਨੀਲ ਜਾਖੜ ਨੇ ਕਿਹਾ ਕਿ ਇਨ੍ਹਾਂ ਦੋਹਾਂ ਵਿਚੋਂ ਇਕ ਤੱਥ ਤਾਂ ਗਲਤ ਹੈ ਹੀ ਤੇ ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਵਾਬਦੇਹ ਹੋਣਾ ਪਵੇਗਾ। ਉਨ੍ਹਾਂ ਮੰਗ ਕੀਤੀ ਕਿ ਜੇਕਰ ਪਹਿਲਾਂ ਵਾਲਾ ਗਸਤ ਸੀ ਤਾਂ ਉਸ ਨੂੰ ਸਜ਼ਾ ਦਿੱਤੀ ਜਾਵੇ। ਇਸ ਦੇ ਨਾਲ ਹੀ ਜਾਖੜ ਨੇ ਤੰਜ ਕੱਸਦਿਆਂ ਕਿਹਾ ਕਿ ਜੇ ਨਵਾਂ ਤੱਥ ਸਹੀ ਹੈ ਤਾਂ ਅਜਿਹੇ ਕਾਲੇ ਜਾਦੂ ਦੇ ਜਾਣਕਾਰ ਨੂੰ ਵਿੱਤ ਮੰਤਰੀ ਬਣਾ ਦੇਣਾ ਚਾਹੀਦਾ ਹੈ, ਜੋ ਕਾਗਜ਼ਾਂ ਵਿਚ ਹੀ ਸਹੀ, ਪੰਜਾਬ ਸਰਕਾਰ ਦਾ ਖਜ਼ਾਨਾ ਤਾਂ ਭਰ ਦੇਵੇ।

ਸੁਨੀਲ ਜਾਖੜ ਨੇ ਟਵੀਟ ਕੀਤਾ, "ਬਿਜਲੀ ਨਿਗਮ ਦਾ ਦਾਅਵਾ, 28 ਨਵੰਬਰ 2025 ਨੂੰ 1713 ਕਰੋੜ ਦਾ ਘਾਟਾ, 6 ਮਾਰਚ 2026 ਨੂੰ 7851 ਕਰੋੜ ਸਰਪਲਸ। ਕੀ ਇਹ ਕਾਲਾ ਜਾਦੂ ਹੈ? ਸਿਰਫ ਕੁਝ ਹਫਤਿਆਂ ਵਿਚ ਹਕੀਕੀ ਤੌਰ ਤੇ ਤਾਂ ਇਹ ਸੰਭਵ ਨਹੀਂ। ਇਕ ਗੱਲ ਤਾਂ ਪੱਕੀ ਹੈ ਕਿ ਇੰਨ੍ਹਾਂ ਵਿਚੋਂ ਇਕ ਤੱਥ ਤਾਂ ਗਲਤ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਪ੍ਰਤੀ ਜਵਾਬਦੇਹ ਹੋਣਾ ਪਵੇਗਾ। ਜੇਕਰ ਪਹਿਲੇ ਵਾਲਾ ਗਲਤ ਸੀ ਤਾਂ ਉਸ ਨੂੰ ਸਜਾ ਦਿਓ, ਜੇ ਨਵਾਂ ਸਹੀ ਹੈ ਤਾਂ ਅਜਿਹੇ ਕਾਲੇ ਜਾਦੂ ਦੇ ਜਾਣਕਾਰ ਨੂੰ ਵਿੱਤ ਮੰਤਰੀ ਬਣਾ ਲੈਣਾ ਚਾਹੀਦਾ ਹੈ ਜੋ ਕਾਗਜਾਂ ਵਿਚ ਹੀ ਸਹੀ ਪੰਜਾਬ ਸਰਕਾਰ ਦਾ ਖ਼ਜ਼ਾਨਾ ਤਾਂ ਭਰ ਦੇਵੇਗਾ।
