ਸੁਨੀਲ ਜਾਖੜ ਨੇ ਮਾਈਨਿੰਗ ਨੀਤੀ ਨੂੰ ਲੈ ਕੇ ਘੇਰੀ ''ਆਪ'' ਸਰਕਾਰ
Thursday, Mar 12, 2026 - 03:29 PM (IST)
ਚੰਡੀਗੜ੍ਹ (ਅੰਕੁਰ ਤਾਂਗੜੀ): ਪੰਜਾਬ ਦੀ ਰੇਤ-ਬਜਰੀ ਮਾਈਨਿੰਗ ਨੀਤੀ ਨੂੰ ਲੈ ਕੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ 'ਆਪ' ਸਰਕਾਰ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਰੇਤ-ਬਜਰੀ ਮਾਈਨਿੰਗ ਤੋਂ ਲਗਭਗ 20 ਹਜ਼ਾਰ ਕਰੋੜ ਰੁਪਏ ਇਕੱਠੇ ਕੀਤੇ ਜਾਣਗੇ, ਪਰ ਹੁਣ ਤੱਕ ਸਰਕਾਰ ਦੇ ਆਪਣੇ ਅੰਕੜਿਆਂ ਮੁਤਾਬਕ ਕੇਵਲ ਕਰੀਬ 500 ਕਰੋੜ ਰੁਪਏ ਹੀ ਇਕੱਠੇ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ।
ਜਾਖੜ ਨੇ ਕਿਹਾ ਕਿ ਸਰਕਾਰੀ ਰਿਪੋਰਟ ਅਨੁਸਾਰ ਕਾਨੂੰਨੀ ਮਾਈਨਿੰਗ ਸਾਈਟਾਂ ਤੋਂ ਰਾਇਲਟੀ ਵਜੋਂ ਕਰੀਬ 21.70 ਕਰੋੜ ਰੁਪਏ ਹੀ ਆਏ ਹਨ, ਜਦਕਿ ਗੈਰ-ਕਾਨੂੰਨੀ ਮਾਈਨਿੰਗ ‘ਤੇ ਲਗੇ ਜੁਰਮਾਨਿਆਂ ਤੋਂ ਕਰੀਬ 79 ਕਰੋੜ ਰੁਪਏ ਪ੍ਰਾਪਤ ਹੋਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜੇ ਇਹ ਅੰਕੜੇ ਸਹੀ ਹਨ ਤਾਂ ਇਸ ਦਾ ਮਤਲਬ ਹੈ ਕਿ ਵੱਡੇ ਪੱਧਰ ‘ਤੇ ਗੈਰ-ਕਾਨੂੰਨੀ ਮਾਈਨਿੰਗ ਹੋ ਰਹੀ ਹੈ ਅਤੇ ਸਰਕਾਰ ਸਿਰਫ਼ “ਖਾਨਾ-ਪੂਰਤੀ” ਕਰ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕੁਝ ਖਾਤਿਆਂ ਵਿਚ “Other Mining Receipts” ਦੇ ਨਾਂ ‘ਤੇ ਲਗਭਗ 89 ਕਰੋੜ ਰੁਪਏ ਦਰਜ ਹਨ, ਪਰ ਇਹ ਸਪਸ਼ਟ ਨਹੀਂ ਕਿ ਇਹ ਰਕਮ ਕਿੱਥੋਂ ਆਈ। ਜਾਖੜ ਨੇ ਕਿਹਾ ਕਿ ਇਸ ਨਾਲ ਮਾਈਨਿੰਗ ਪ੍ਰਬੰਧਨ ‘ਤੇ ਗੰਭੀਰ ਸਵਾਲ ਖੜੇ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਮਾਮਲੇ ‘ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਵੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਕਈ ਮਾਮਲਿਆਂ ਵਿਚ ਭਾਰੀ ਜੁਰਮਾਨੇ ਲਗਾਏ ਗਏ ਹਨ। ਜਾਖੜ ਨੇ ਮੰਗ ਕੀਤੀ ਕਿ ਪੰਜਾਬ ਵਿਚ ਮਾਈਨਿੰਗ ਦੇ ਸਾਰੇ ਅੰਕੜੇ ਜਨਤਾ ਸਾਹਮਣੇ ਲਿਆਂਦੇ ਜਾਣ ਅਤੇ ਇਸ ਮਸਲੇ ‘ਤੇ ਵਿਧਾਨ ਸਭਾ ਵਿਚ ਵਿਸਥਾਰ ਨਾਲ ਚਰਚਾ ਹੋਵੇ। ਉਨ੍ਹਾਂ ਕਿਹਾ ਕਿ ਜੇ ਮਾਮਲੇ ਦੀ ਢੰਗ ਨਾਲ ਜਾਂਚ ਹੋਵੇ ਤਾਂ ਸੱਚਾਈ ਸਾਹਮਣੇ ਆਵੇਗੀ ਅਤੇ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇਗਾ ਕਿ ਰੇਤ-ਬਜਰੀ ਮਾਈਨਿੰਗ ਦੇ ਨਾਂ ‘ਤੇ ਕੀ ਹੋ ਰਿਹਾ ਹੈ।
