‘ਮੀਡੀਆ ਦੀ ਜ਼ੁਬਾਨਬੰਦੀ ਦੀ ਬਜਾਏ ਨਸ਼ਿਆਂ ’ਤੇ ਦਿਖਾਉਂਦੇ ਫੁਰਤੀ ਤਾਂ ਬਿਹਤਰ ਹੁੰਦਾ ਪੰਜਾਬ’: ਸੁਨੀਲ ਜਾਖੜ
Tuesday, Mar 17, 2026 - 11:53 PM (IST)
ਚੰਡੀਗੜ੍ਹ : ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਕੇਸਰੀ ਗਰੁੱਪ ਵਿਰੁੱਧ ਕੀਤੀ ਗਈ ਸਰਕਾਰੀ ਕਾਰਵਾਈ ਦੀ ਸਖ਼ਤ ਨਿਖੇਦੀ ਕਰਦਿਆਂ ਭਗਵੰਤ ਮਾਨ ਸਰਕਾਰ ਨੂੰ ਲੰਮੇ ਹੱਥੀਂ ਲਿਆ ਹੈ। ਜਾਖੜ ਨੇ ਟਵੀਟ ਕਰਦਿਆਂ ਕਿਹਾ ਕਿ ਜਿੰਨੀ ਫੁਰਤੀ ਮਾਨ ਸਰਕਾਰ ਮੀਡੀਆ ਦੀ ਜ਼ੁਬਾਨ ਬੰਦ ਕਰਨ ਵਿੱਚ ਦਿਖਾ ਰਹੀ ਹੈ, ਜੇਕਰ ਇਹੀ ਤੇਜ਼ੀ ਨਸ਼ੇ ਅਤੇ ਗੈਂਗਸਟਰਵਾਦ ਦੇ ਖਿਲਾਫ ਦਿਖਾਈ ਹੁੰਦੀ ਤਾਂ ਅੱਜ ਪੰਜਾਬ ਦੀ ਸਥਿਤੀ ਬਹੁਤ ਬਿਹਤਰ ਅਤੇ ਸੁਰੱਖਿਅਤ ਹੁੰਦੀ।

ਜਾਖੜ ਨੇ ਦੋਸ਼ ਲਾਇਆ ਕਿ ਪੰਜਾਬ ਕੇਸਰੀ ਗਰੁੱਪ ਦੇ ਵਪਾਰਕ ਸੰਸਥਾਨ ਨੂੰ ਉਪਰਲੀ ਅਦਾਲਤ ਵਿੱਚ ਜਾਣ ਲਈ ਸਮਾਂ ਤੱਕ ਨਾ ਦੇਣਾ ਇਸ ਸਰਕਾਰ ਦੀ ਦਮਨਕਾਰੀ ਸੋਚ ਦਾ ਪ੍ਰਤੀਕ ਹੈ। ਉਨ੍ਹਾਂ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਸੁਤੰਤਰ ਮੀਡੀਆ ਲੋਕਤੰਤਰ ਦਾ ਚੌਥਾ ਸਤੰਭ ਹੈ ਅਤੇ ਉਹ ਮੀਡੀਆ ਦੀ ਆਜ਼ਾਦੀ ਦੇ ਹੱਕ ਵਿੱਚ ਡਟ ਕੇ ਖੜ੍ਹੇ ਹਨ।
ਭਾਜਪਾ ਆਗੂ ਨੇ ਮੀਡੀਆ ਨੂੰ ਦਬਾਉਣ ਦੀ ਇਸ ਕੋਸ਼ਿਸ਼ ਦਾ ਜ਼ੋਰਦਾਰ ਵਿਰੋਧ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮੀਡੀਆ ਦੀ ਆਜ਼ਾਦੀ ਦੀ ਰਾਖੀ ਲਈ ਪਹੁੰਚੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਕੀਤੀ ਗਈ ਗ੍ਰਿਫ਼ਤਾਰੀ ਦੀ ਵੀ ਸਖ਼ਤ ਨਿਖੇਦੀ ਕੀਤੀ ਹੈ। ਉਨ੍ਹਾਂ ਮੁਤਾਬਕ ਲੋਕਤੰਤਰ ਵਿੱਚ ਅਜਿਹੀਆਂ ਕਾਰਵਾਈਆਂ ਪ੍ਰੈਸ ਦੀ ਆਜ਼ਾਦੀ 'ਤੇ ਸਿੱਧਾ ਹਮਲਾ ਹਨ।
