IPL 2022: ਬੱਚੇ ਦੇ ਜਨਮ ਤੋਂ ਬਾਅਦ ਹੈਟਮਾਇਰ ਨੇ ਕੀਤੀ ਟੀਮ ''ਚ ਵਾਪਸੀ
Monday, May 16, 2022 - 04:47 PM (IST)
ਮੁੰਬਈ (ਏਜੰਸੀ)- ਰਾਜਸਥਾਨ ਰਾਇਲਜ਼ ਦੇ ਬੱਲੇਬਾਜ਼ ਸ਼ਿਮਰੋਨ ਹੈਟਮਾਇਰ ਕੈਂਪ ਵਿਚ ਵਾਪਸੀ ਕਰ ਚੁੱਕੇ ਹਨ ਅਤੇ ਉਹ 20 ਮਈ ਨੂੰ ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਆਪਣੀ ਟੀਮ ਦੇ ਆਖ਼ਰੀ ਲੀਗ ਮੈਚ ਲਈ ਉਪਲੱਬਧ ਹੋਣਗੇ। ਉਹ 8 ਮਈ ਨੂੰ ਪੰਜਾਬ ਕਿੰਗਜ਼ ਖ਼ਿਲਾਫ਼ ਮੈਚ ਤੋਂ ਬਾਅਦ ਆਪਣੇ ਨਵਜੰਮੇ ਬੱਚੇ ਨੂੰ ਦੇਖਣ ਲਈ ਗੁਆਨਾ ਗਏ ਸਨ। ਮੰਨਿਆ ਜਾ ਰਿਹਾ ਹੈ ਕਿ ਹੈਟਮਾਇਰ ਫਿਲਹਾਲ ਕੁਆਰੰਟੀਨ 'ਚ ਹਨ ਅਤੇ ਉਹ ਸ਼ੁੱਕਰਵਾਰ ਦੇ ਮੈਚ ਤੋਂ ਪਹਿਲਾਂ ਟੀਮ ਨਾਲ ਜੁੜ ਕੇ ਅਭਿਆਸ ਸ਼ੁਰੂ ਕਰ ਦੇਣਗੇ।
ਐਤਵਾਰ ਨੂੰ ਲਖਨਊ ਸੁਪਰ ਜਾਇੰਟਸ ਨੂੰ 24 ਦੌੜਾਂ ਨਾਲ ਹਰਾ ਕੇ ਰਾਜਸਥਾਨ ਪਲੇਅ ਆਫ 'ਚ ਪਹੁੰਚ ਕੇ ਸਭ ਤੋਂ ਵੱਡਾ ਦਾਅਵੇਦਾਰ ਬਣ ਕੇ ਉਭਰਿਆ ਹੈ। ਇਸ ਜਿੱਤ ਨਾਲ ਰਾਜਸਥਾਨ 13 ਮੈਚਾਂ 'ਚ ਅੱਠ ਜਿੱਤਾਂ ਅਤੇ 16 ਅੰਕਾਂ ਨਾਲ ਗੁਜਰਾਤ ਟਾਈਟਨਸ ਤੋਂ ਬਾਅਦ ਅੰਕ ਸੂਚੀ 'ਚ ਦੂਜੇ ਸਥਾਨ 'ਤੇ ਪਹੁੰਚ ਗਿਆ ਹੈ। 8.5 ਕਰੋੜ ਰੁਪਏ ਵਿੱਚ ਖ਼ਰੀਦੇ ਗਏ ਹੈਟਮਾਇਰ ਨੇ ਇਸ ਸੀਜ਼ਨ ਵਿੱਚ ਆਪਣੀ ਟੀਮ ਲਈ ਫਿਨਿਸ਼ਰ ਦੀ ਭੂਮਿਕਾ ਨਿਭਾਈ ਹੈ।
ਖੱਬੇ ਹੱਥ ਦੇ ਇਸ ਕੈਰੇਬੀਆਈ ਬੱਲੇਬਾਜ਼ ਨੇ 11 ਪਾਰੀਆਂ ਵਿੱਚ ਸੱਤ ਵਾਰ ਅਜੇਤੂ ਰਹਿੰਦੇ ਹੋਏ ਕਰੀਬ 72 ਦੀ ਔਸਤ ਨਾਲ 291 ਦੌੜਾਂ ਬਣਾਈਆਂ ਹਨ। ਡੈੱਥ ਓਵਰਾਂ ਵਿੱਚ ਉਨ੍ਹਾਂ ਦਾ ਸਟ੍ਰਾਈਕ ਰੇਟ 214.27 ਹੈ, ਜੋ ਇਸ ਸੀਜ਼ਨ ਵਿੱਚ ਪੰਜਵਾਂ ਸਭ ਤੋਂ ਵੱਧ ਹੈ। ਇਸ ਪ੍ਰਦਰਸ਼ਨ ਕਾਰਨ ਹੀ ਉਨ੍ਹਾਂ ਨੂੰ ਵੈਸਟਇੰਡੀਜ਼ ਟੀਮ ਦੇ ਨੀਦਰਲੈਂਡ ਅਤੇ ਪਾਕਿਸਤਾਨ ਦੌਰੇ ਲਈ ਚੁਣਿਆ ਗਿਆ ਸੀ, ਪਰ ਉਨ੍ਹਾਂ ਨੇ ਬੱਚੇ ਦੇ ਜਨਮ ਕਾਰਨ ਆਪਣੇ ਆਪ ਨੂੰ ਅਣਉਪਲੱਬਧ ਐਲਾਨ ਦਿੱਤਾ। ਹਾਲਾਂਕਿ ਉਹ ਆਈ.ਪੀ.ਐੱਲ. ਲਈ ਵਾਪਸੀ ਕਰ ਰਹੇ ਹਨ।