ਪੰਜਾਬ ''ਚ ਬਦਲਿਆ ਮੌਸਮ ਦਾ ਮਿਜਾਜ਼, ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਚੌਕਸ ਰਹਿਣ ਦੀ ਕੀਤੀ ਅਪੀਲ
Tuesday, Feb 17, 2026 - 02:29 PM (IST)
ਗੁਰਦਾਸਪੁਰ (ਹਰਮਨ): ਫਰਵਰੀ ਮਹੀਨੇ ਦਾ ਅੱਧਾ ਮਹੀਨਾ ਬੀਤਣ ਤੋਂ ਬਾਅਦ ਹੁਣ ਮੌਸਮ ਨੇ ਅਚਾਨਕ ਤੇਜ਼ੀ ਨਾਲ ਆਪਣਾ ਰੁਖ ਬਦਲਣਾ ਸ਼ੁਰੂ ਕਰ ਦਿੱਤਾ ਹੈ, ਜਿਸ ਦੇ ਚਲਦਿਆਂ ਇਲਾਕੇ ’ਚ ਸਰਦੀ ਦੀ ਪਕੜ ਕਮਜ਼ੋਰ ਪੈਣ ਲੱਗੀ ਹੈ ਅਤੇ ਦਿਨ ਦਿਹਾੜੇ ਗਰਮਾਹਟ ਸਪੱਸ਼ਟ ਤੌਰ ’ਤੇ ਮਹਿਸੂਸ ਹੋ ਰਹੀ ਹੈ। ਅੱਜ ਗੁਰਦਾਸਪੁਰ ਖੇਤਰ ’ਚ ਦਿਨ ਦਾ ਤਾਪਮਾਨ ਕਰੀਬ 27 ਡਿਗਰੀ ਸੈਂਟੀਗ੍ਰੇਡ ਤੱਕ ਪਹੁੰਚ ਗਿਆ, ਜਦਕਿ ਰਾਤ ਦਾ ਤਾਪਮਾਨ ਵੀ 11 ਡਿਗਰੀ ਸੈਂਟੀਗ੍ਰੇਡ ਤੋਂ ਉਪਰ ਦਰਜ ਕੀਤਾ ਗਿਆ ਹੈ। ਇਸ ਤਬਦੀਲੀ ਕਾਰਨ ਲੋਕਾਂ ਨੂੰ ਹੁਣ ਸਰਦੀ ਦੇ ਭਾਰੀ ਕੱਪੜਿਆਂ ਤੋਂ ਵੱਡੀ ਹੱਦ ਤੱਕ ਮੁਕਤੀ ਮਿਲ ਗਈ ਹੈ ਅਤੇ ਦਿਨ ਦੇ ਸਮੇਂ ਲੋਕ ਗਰਮ ਕੱਪੜੇ ਪਾਉਣ ਤੋਂ ਗੁਰੇਜ਼ ਕਰ ਰਹੇ ਹਨ।
ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਦੀ AI ਵੀਡੀਓ 'ਤੇ ਹੈੱਡ ਗ੍ਰੰਥੀ ਵੱਲੋਂ ਸਖ਼ਤ ਨਿੰਦਾ, ਕਿਹਾ- ਹੋਵੇ ਸਖ਼ਤ ਕਾਰਵਾਈ
ਮੌਸਮ ’ਚ ਆਈ ਇਸ ਗਰਮੀ ਦਾ ਸਿੱਧਾ ਅਸਰ ਬਨਸਪਤੀ ਅਤੇ ਖੇਤੀਬਾੜੀ ’ਤੇ ਵੀ ਨਜ਼ਰ ਆ ਰਿਹਾ ਹੈ। ਠੰਡ ਦੀ ਮਾਰ ਕਾਰਨ ਸੁੱਕ ਚੁੱਕਾ ਘਾਹ ਅਤੇ ਫਸਲਾਂ ਦੇ ਪੱਤੇ ਹੁਣ ਮੁੜ ਨਿਕਲਣੇ ਸ਼ੁਰੂ ਹੋ ਗਏ ਹਨ ਅਤੇ ਜ਼ਿਆਦਾਤਰ ਫ਼ਲਦਾਰ ਪੌਦੇ ਤੇ ਖੇਤਾਂ ’ਚ ਖੜੀਆਂ ਫਸਲਾਂ ਧੁੱਪ ਨਾਲ ਹਰਿਆਲੀ ਅਤੇ ਤਾਜ਼ਗੀ ਨਾਲ ਮਹਿਕਣ ਲੱਗੀਆਂ ਹਨ, ਜਿਸ ਨਾਲ ਕਿਸਾਨਾਂ ਨੂੰ ਕੁਝ ਹੱਦ ਤੱਕ ਰਾਹਤ ਮਹਿਸੂਸ ਹੋ ਰਹੀ ਹੈ। ਦੂਜੇ ਪਾਸੇ ਮੌਸਮ ਦੇ ਇਸ ਅਚਾਨਕ ਬਦਲਾਅ ਨੇ ਖੇਤੀ ਮਾਹਿਰਾਂ ਦੀ ਚਿੰਤਾ ਵੀ ਵਧਾ ਦਿੱਤੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਫਸਲਾਂ ਦਾ ਨਿਰੰਤਰ ਨਿਰੀਖਣ ਕਰਨਾ ਬਹੁਤ ਜ਼ਰੂਰੀ ਹੈ, ਖ਼ਾਸ ਕਰ ਕੇ ਕਣਕ ਦੀ ਫਸਲ ਨੂੰ ਇਸ ਸਮੇਂ ਵੱਖ-ਵੱਖ ਸੰਭਾਵਿਤ ਸਮੱਸਿਆਵਾਂ ਤੋਂ ਬਚਾਉਣ ਲਈ ਪੂਰੀ ਚੌਕਸੀ ਵਰਤੀ ਜਾਵੇ।
ਇਹ ਵੀ ਪੜ੍ਹੋ- ਪੰਜਾਬ ਦੇ ਇਨ੍ਹਾਂ ਥਾਵਾਂ 'ਤੇ ਪੈ ਸਕਦੈ ਮੀਂਹ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ
ਮਾਹਿਰਾਂ ਨੇ ਸਪੱਸ਼ਟ ਕੀਤਾ ਹੈ ਕਿ ਹਾਲ ਦੀ ਘੜੀ ਕਿਸਾਨਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਅਤੇ ਨਾ ਹੀ ਕਿਸੇ ਫਸਲ ’ਤੇ ਕਿਸੇ ਗੰਭੀਰ ਬਿਮਾਰੀ ਦੀ ਪੁਸ਼ਟੀ ਹੋਈ ਹੈ, ਪਰ ਜਿਸ ਤਰ੍ਹਾਂ ਤਾਪਮਾਨ ਲਗਾਤਾਰ ਵਧ ਰਿਹਾ ਹੈ, ਉਸ ਨੂੰ ਦੇਖਦਿਆਂ ਫਸਲ ਵੱਲ ਧਿਆਨ ਰੱਖਣਾ ਬਹੁਤ ਲਾਜ਼ਮੀ ਹੈ। ਖਾਸ ਕਰ ਕੇ ਇਨ੍ਹਾਂ ਦਿਨਾਂ ’ਚ ਕਣਕ ਦੀ ਫਸਲ ਨੂੰ ਪੀਲੀ ਕੁੰਗੀ ਤੋਂ ਬਚਾਉਣ ਲਈ ਸੁਚੇਤ ਰਹਿਣ ਦੀ ਲੋੜ ਦੱਸੀ ਗਈ ਹੈ, ਕਿਉਂਕਿ ਪੰਜਾਬ ’ਚ ਹਰ ਸਾਲ ਇਸ ਬਿਮਾਰੀ ਦਾ ਸ਼ੁਰੂਆਤੀ ਹਮਲਾ ਨੀਂਮ ਪਹਾੜੀ ਖੇਤਰਾਂ ਜਿਵੇਂ ਰੋਪੜ, ਅਨੰਦਪੁਰ ਸਾਹਿਬ, ਨੂਰਪੁਰ ਬੇਦੀ, ਗੜਸ਼ੰਕਰ, ਨਵਾਂ ਸ਼ਹਿਰ, ਬਲਾਚੌਰ, ਹੁਸ਼ਿਆਰਪੁਰ, ਮਾਹਿਲਪੁਰ, ਮੁਕੇਰੀਆ, ਗੁਰਦਾਸਪੁਰ, ਡੇਰਾ ਬਾਬਾ ਨਾਨਕ, ਰਮਦਾਸ, ਕਲਾਨੌਰ ਅਤੇ ਪਠਾਨਕੋਟ ਆਦਿ ਇਲਾਕਿਆਂ ਤੋਂ ਹੁੰਦਾ ਹੈ।
ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਸਰੋਵਰ ’ਚ ਕੁਰਲੀ ਕਰਨ ਵਾਲੇ ਨੂੰ ਝਟਕਾ, ਅਦਾਲਤ ਨੇ ਜ਼ਮਾਨਤ ਅਰਜ਼ੀ ਠੁਕਰਾਈ
ਇਸ ਬਿਮਾਰੀ ’ਚ ਕਣਕ ਦੇ ਪੱਤਿਆਂ ਉੱਤੇ ਪੀਲੇ ਰੰਗ ਦੀਆਂ ਧਾਰੀਆਂ ਬਣਨ ਅਤੇ ਹਲਦੀਨੁਮਾ ਧੂੜਾ ਨਿਕਲਣ ਰਾਹੀਂ ਪਹਿਚਾਣ ਕੀਤੀ ਜਾਂਦੀ ਹੈ ਅਤੇ ਇਹ ਧੂੜਾ ਹਵਾ ਦੇ ਨਾਲ ਨੇੜਲੇ ਖੇਤਾਂ ’ਚ ਫੈਲ ਕੇ ਬਿਮਾਰੀ ਨੂੰ ਦੂਰ ਤੱਕ ਫੈਲਾ ਦਿੰਦਾ ਹੈ। ਖੇਤੀ ਮਾਹਿਰਾਂ ਅਨੁਸਾਰ ਨੀਂਮ ਪਹਾੜੀ ਖੇਤਰਾਂ ’ਚ ਕਣਕ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਹਾਲ ਹੀ ’ਚ ਰੋਪੜ ਦੇ ਚੰਦਪੁਰ ਬੇਲਾ ਅਤੇ ਗੁਰਦਾਸਪੁਰ ਦੇ ਕੁਝ ਪਿੰਡਾਂ ’ਚ ਇਕ-2 ਥਾਵਾਂ ’ਤੇ ਐੱਚ ਡੀ 3386, ਪੀ ਬੀ ਡਬਲਯੂ 872 ਅਤੇ ਪੀ ਬੀ ਡਬਲਯੂ 826 ਕਿਸਮਾਂ ’ਤੇ ਪੀਲੀ ਕੁੰਗੀ ਦੇ ਸ਼ੁਰੂਆਤੀ ਲੱਛਣ ਵੇਖੇ ਗਏ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ: ਇੰਟੈਲੀਜੈਂਸ ਦਾ ਅਫ਼ਸਰ ਨਸ਼ਾ ਸਮੱਗਲਿੰਗ ’ਚ ਨਾਮਜ਼ਦ, ਗ੍ਰਿਫ਼ਤਾਰੀ ਲਈ ANTF ਵੱਲੋਂ ਛਾਪੇਮਾਰੀ
ਕਿਸਾਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਜੇਕਰ ਫਸਲ ’ਚ ਅਜਿਹੇ ਲੱਛਣ ਨਜ਼ਰ ਆਉਣ ਤਾਂ ਤੁਰੰਤ ਆਪਣੇ ਨੇੜਲੇ ਖੇਤੀਬਾੜੀ ਦਫ਼ਤਰ, ਕ੍ਰਿਸ਼ੀ ਵਿਗਿਆਨ ਕੇਂਦਰ, ਫਾਰਮ ਸਲਾਹਕਾਰ ਸੇਵਾ ਕੇਂਦਰ ਜਾਂ ਯੂਨੀਵਰਸਿਟੀ ਦੇ ਮਾਹਿਰਾਂ ਨਾਲ ਸੰਪਰਕ ਕੀਤਾ ਜਾਵੇ, ਤਾਂ ਜੋ ਸਮੇਂ ਸਿਰ ਕਦਮ ਚੁੱਕ ਕੇ ਫਸਲ ਨੂੰ ਵੱਡੇ ਨੁਕਸਾਨ ਤੋਂ ਬਚਾਇਆ ਜਾ ਸਕੇ।
ਇਹ ਵੀ ਪੜ੍ਹੋ- ਪੰਜਾਬ ਦੀਆਂ ਮਾਈਨਿੰਗ ਸਾਈਟਾਂ ‘ਤੇ NGT ਵੱਲੋਂ ਪਾਬੰਦੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
