ਹਾਰ ਕੇ ਵੀ ਵਾਰਨਰ ਆਪਣੇ ਨਾਂ ਦਰਜ ਕਰ ਗਏ ਇਹ ਸ਼ਾਨਦਾਰ, ਗੇਲ-ਬਟਲਰ ਨੂੰ ਛੱਡਿਆ ਪਿੱਛੇ
Tuesday, Apr 09, 2019 - 01:11 PM (IST)

ਨਵੀਂ ਦਿੱਲੀ : ਲੋਕੇਸ਼ ਰਾਹੁਲ (71 ਅਜੇਤੂ) ਅਤੇ ਮਯੰਕ ਅਗ੍ਰਵਾਲ (55) ਦੇ ਸ਼ਾਨਦਾਰ ਅਰਧ ਸੈਂਕੜੇ ਦੀ ਬਦੌਲਤ ਪੰਜਾਬ ਨੇ ਸੋਮਵਾਰ ਨੂੰ ਹੈਦਰਾਬਾਦ ਨੂੰ ਹਰਾ ਕੇ ਇਸ ਸੀਜ਼ਨ ਵਿਚ ਚੌਥੀ ਜਿੱਤ ਦਰਜ ਕੀਤੀ। ਮੋਹਾਲੀ ਦੇ ਆਈ. ਐੱਸ. ਬਿੰਦਰਾ ਸਟੇਡੀਅਮ ਵਿਚ ਖੇਡੇ ਗਏ ਇਸ ਮੁਕਾਬਲੇ ਵਿਚ ਪੰਜਾਬ ਨੇ ਮਿਹਮਾਨ ਟੀਮ ਨੂੰ 6 ਵਿਕਟਾਂ ਨਾਲ ਹਰਾਇਆ। ਇਸ ਜਿੱਤ ਨਾਲ ਹੀ ਪੰਜਾਬ ਦੀ ਟੀਮ ਅੰਕ ਸੂਚੀ ਵਿਚ 8 ਅੰਕਾਂ ਨਾਲ ਤੀਜੇ ਸਥਾਨ 'ਤੇ ਪਹੁੰਚ ਗਈ ਹੈ।
ਉੱਥੇ ਹੀ ਇਸ ਮੁਕਾਬਲੇ ਵਿਚ ਹੈਦਰਾਬਾਦ ਨੇ ਸਲਾਮੀ ਬੱਲੇਬਾਜ਼ ਨੇ ਇਕ ਬੇਹੱਦ ਹੀ ਸ਼ਾਨਦਾਰ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਵਾਰਨਰ ਨੇ ਇਸ ਮੈਚ ਵਿਚ 49 ਗੇਂਦਾਂ ਵਿਚ 50 ਦੌੜਾਂ ਦਾ ਅੰਕੜਾ ਪਾਰ ਕੀਤਾ। ਇਸ ਪਾਰੀ ਦੌਰਾਨ ਉਸ ਨੇ 5 ਚੌਕੇ ਅਤੇ 1 ਛੱਕਾ ਲਾਇਆ। ਖਾਸ ਗੱਲ ਇਹ ਰਹੀ ਕਿ ਵਾਰਨਰ ਨੇ ਪੰਜਾਬ ਖਿਲਾਫ ਹੁਣ ਤੱਕ ਕੁਲ 9 ਅਰਧ ਸੈਂਕੜੇ ਲਾਏ ਹਨ ਅਤੇ ਟੀਮ ਖਿਲਾਫ ਉਸ ਨੇ ਲਗਾਤਾਰ 7 ਮੈਚਾਂ ਵਿਚ 50 ਤੋਂ ਵੱਧ ਦੌੜਾਂ ਬਣਾਈਆਂ ਹਨ।
ਇਸ ਤੋਂ ਪਹਿਲਾਂ ਵਾਰਨਰ ਵਿਰਾਟ ਕੋਹਲੀ ਦੀ ਟੀਮ ਬੈਂਗਲੁਰੂ ਖਿਲਾਫ ਵੀ ਅਜਿਹਾ ਕਰ ਚੁੱਕੇ ਹਨ। ਹੁਣ ਵਾਰਨਰ ਇਨ੍ਹਾਂ ਦੋਵਾਂ ਟੀਮਾਂ ਖਿਲਾਫ ਲਗਾਤਾਰ 7 ਮੈਚਾਂ ਵਿਚ 50 ਤੋਂ ਵੱਧ ਦੌੜਾਂ ਬਣਾ ਚੁੱਕੇ ਹਨ। ਵਾਰਨਰ ਤੋਂ ਬਾਅਦ ਇਸ ਮਾਮਲੇ ਵਿਚ ਕ੍ਰਿਸ ਗੇਲ ਅਤੇ ਜੌਸ ਬਟਲਰ ਦਾ ਨੰਬਰ ਆਉਂਦਾ ਹੈ। ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੇ ਪੰਜਾਬ ਖਿਲਾਫ ਲਗਾਤਾਰ 4 ਵਾਰ 50 ਤੋਂ ਵੱਧ ਦੌੜਾਂ ਬਣਾਈਆਂ। ਦਿਲਚਸਪ ਗੱਲ ਹੈ ਕਿ ਗੇਲ ਪਿਛਲੇ 2 ਸੀਜ਼ਨ ਤੋਂ ਪੰਜਾਬ ਵੱਲੋਂ ਹੀ ਆਈ. ਪੀ. ਐੱਲ. ਖੇਡ ਰਹੇ ਹਨ।
ਵੈਸੇ ਵਾਰਨਰ ਦਾ ਪੰਜਾਬ ਖਿਲਾਫ ਇਹ ਅਰਧ ਸੈਂਕੜਾ ਉਸ ਦਾ ਆਈ. ਪੀ. ਐੱਲ. ਵਿਚ ਸਭ ਤੋਂ ਹੋਲੀ ਸੀ। ਉਸ ਨੇ ਪੰਜਾਬ ਖਿਲਾਫ 50 ਦੌੜਾਂ ਬਣਾਉਣ ਲਈ 49 ਗੇਂਦਾਂ ਖੇਡੀਆਂ। ਇਸ ਤੋਂ ਪਹਿਲਾਂ ਉਸ ਨੇ 2017 ਵਿਚ ਪੰਜਾਬ ਖਿਲਾਫ ਹੀ 45 ਗੇਂਦਾਂ ਵਿਚ ਅਰਧ ਸੈਂਕੜਾ ਲਾਇਆ ਸੀ। ਡੇਵਿਡ ਵਾਰਨ ਨੇ ਮੋਹਾਲੀ ਵਿਚ ਪਿਛਲੇ ਚਾਰ ਮੈਚਾਂ ਵਿਚ 70 ਅਜੇਤੂ, 51, 52 ਅਤੇ 58 ਦੀ ਪਾਰੀ ਖੇਡੀ ਹੈ। ਉੱਥੇ ਹੀ ਪੰਜਾਬ ਖਿਲਾਫ ਉਸ ਨੇ ਪਿਛਲੀ 7 ਪਾਰੀਆਂ ਵਿਚ ਅਜੇਤੂ 70, 51, ਅਜੇਤੂ 70, 52, 59, 81 ਅਤੇ 58 ਦੌੜਾਂ ਦੀ ਪਾਰੀ ਖੇਡੀ ਹੈ।