ਭਾਰਤੀ ਮਹਿਲਾ ਤੇ ਪੁਰਸ਼ ਹਾਕੀ ਟੀਮਾਂ ਦੀਆਂ ਨਜ਼ਰਾਂ ਸਪੇਨ ’ਚ ਚੰਗੇ ਪ੍ਰਦਰਸ਼ਨ ’ਤੇ
Tuesday, Jul 25, 2023 - 02:57 PM (IST)
ਨਵੀਂ ਦਿੱਲੀ (ਭਾਸ਼ਾ)– ਭਾਰਤੀ ਮਹਿਲਾ ਤੇ ਪੁਰਸ਼ ਹਾਕੀ ਟੀਮਾਂ ਸਪੇਨ ਦੇ ਟੇਰਾਸਾ ’ਚ ਮੰਗਲਵਾਰ ਯਾਨੀ ਅੱਜ ਤੋਂ ਸ਼ੁਰੂ ਹੋ ਰਹੇ ਸਪੈਨਿਸ਼ ਹਾਕੀ ਸੰਘ ਦੀ 100ਵੀਂ ਵਰ੍ਹੇਗੰਢ ਵਾਲੇ ਕੌਮਾਂਤਰੀ ਟੂਰਨਾਮੈਂਟ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਦੇ ਇਰਾਦੇ ਨਾਲ ਉਤਰਨਗੀਆਂ। ਟੂਰਨਾਮੈਂਟ ’ਚ ਭਾਰਤੀ ਪੁਰਸ਼ ਟੀਮ ਦਾ ਸਾਹਮਣਾ ਇੰਗਲੈਂਡ, ਨੀਦਰਲੈਂਡ ਤੇ ਮੇਜ਼ਬਾਨ ਸਪੇਨ ਨਾਲ ਹੋਵੇਗਾ, ਜਦਕਿ ਮਹਿਲਾ ਟੀਮ ਇੰਗਲੈਂਡ ਤੇ ਸਪੇਨ ਨਾਲ ਭਿੜੇਗੀ। ਪੁਰਸ਼ ਟੀਮ ਲਈ ਇਹ ਟੂਰਨਾਮੈਂਟ 3 ਤੋਂ 12 ਅਗਸਤ ਤਕ ਚੇਨਈ ’ਚ ਹੋਣ ਵਾਲੀ ਹੀਰੋ ਏਸ਼ੀਆਈ ਚੈਂਪੀਅਨਜ਼ ਟਰਾਫੀ ਦੀ ਤਿਆਰੀ ਦਾ ਸੁਨਹਿਰੀ ਮੌਕਾ ਹੈ। ਉਸ ਤੋਂ ਬਾਅਦ ਚੀਨ ਦੇ ਹਾਂਗਝੋਓ ’ਚ ਏਸ਼ੀਆਈ ਖੇਡਾਂ ਹੋਣੀਆਂ ਹਨ।
ਭਾਰਤੀ ਪੁਰਸ਼ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਕਿਹਾ,‘‘ਸਪੇਨ ’ਚ ਟੂਰਨਾਮੈਂਟ ਨਾਲ ਸਾਨੂੰ ਸਖ਼ਤ ਵਿਰੋਧੀਆਂ ਵਿਰੁੱਧ ਖੁਦ ਦਾ ਮੁਲਾਂਕਣ ਕਰਨ ਦਾ ਮੌਕਾ ਮਿਲੇਗਾ। ਇਸ ਤੋਂ ਸਾਨੂੰ ਪਤਾ ਲੱਗੇਗਾ ਕਿ ਕਿਹੜੇ ਖੇਤਰਾਂ ’ਚ ਸੁਧਾਰ ਦੀ ਲੋੜ ਹੈ, ਜਿਸ ਨਾਲ ਏਸ਼ੀਆਈ ਚੈਂਪੀਅਨਜ਼ ਟਰਾਫੀ ਤੇ ਏਸ਼ੀਆਈ ਖੇਡਾਂ ਦੀਆਂ ਤਿਆਰੀਆਂ ਪੁਖਤਾ ਹੋਣਗੀਆਂ।’’ ਦੂਜੇ ਪਾਸੇ ਮਹਿਲਾ ਟੀਮ ਦੀ ਕਪਤਾਨ ਸਵਿਤਾ ਨੇ ਕਿਹਾ, ‘‘ਸਪੇਨ ਦੌਰੇ ਨਾਲ ਸਾਨੂੰ ਏਸ਼ੀਆਈ ਖੇਡਾਂ ਦੀਆਂ ਤਿਆਰੀਆਂ ’ਚ ਮਦਦ ਮਿਲੇਗੀ। ਉੱਥੇ ਫੋਕਸ ਰਣਨੀਤੀ ’ਤੇ ਅਮਲ ਕਰਨ ਅਤੇ ਟੀਮ ਭਾਵਨਾ ਦੇ ਨਾਲ ਚੰਗੇ ਪ੍ਰਦਰਸ਼ਨ ’ਤੇ ਹੋਵੇਗਾ। ਅਸੀਂ ਆਪਣੀ ਅੰਦਾਜ਼ ’ਚ ਖੇਡਾਂਗੇ ਪਰ ਪਿਛਲੇ ਦੌਰ ਦੀਆਂ ਕਮੀਆਂ ਦੀ ਭਰਪਾਈ ਵੀ ਕਰਾਂਗੇ।’