ਟਰੈਕ ਏਸ਼ੀਆ ਕੱਪ ਲਈ ਤਿਆਰ ਹਨ ਭਾਰਤੀ ਸਾਈਕਲਿਸਟ
Friday, Sep 21, 2018 - 09:25 AM (IST)

ਨਵੀਂ ਦਿੱਲੀ— ਟਰੈਕ ਏਸ਼ੀਆ ਕੱਪ ਦਾ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਸਪੋਰਟਸ ਕੰਪਲੈਕਸ ਸਥਿਤ ਸਾਈਕਲਿੰਗ ਵੇਲੋਡ੍ਰੋਮ 'ਚ ਸ਼ੁੱਕਰਵਾਰ ਤੋਂ 23 ਸਤੰਬਰ ਤੱਕ ਆਯੋਜਨ ਕੀਤਾ ਜਾਵੇਗਾ ਜਿਸ 'ਚ 12 ਦੇਸ਼ਾਂ ਦੇ 150 ਤੋਂ ਜ਼ਿਆਦਾ ਸਾਈਕਲਿਸਟ ਹਿੱਸਾ ਲੈਣਗੇ। ਇਸ ਦੇ ਲਈ ਭਾਰਤੀ ਟੀਮ ਪੂਰੀ ਤਰ੍ਹਾਂ ਤਿਆਰ ਹੈ। ਭਾਰਤੀ ਟੀਮ ਨੂੰ ਤਮਗਾ ਸੂਚੀ 'ਚ ਚੋਟੀ 'ਤੇ ਰਹਿਣ ਦੀ ਉਮੀਦ ਹੈ। ਵਿਸ਼ਵ ਜੂਨੀਅਰ ਸਾਈਕਲਿੰਗ ਚੈਂਪੀਅਨਸ਼ਿਪ ਦੇ ਚਾਂਦੀ ਤਮਗਾ ਜੇਤੂ ਅਤੇ ਕੀਰੇਨ ਈਵੈਂਟ 'ਚ ਵਿਸ਼ਵ ਦੇ ਨੰਬਰ ਇਕ ਐਸਾਊ ਐਲਬੇਨ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ। ਉਹ ਸਪ੍ਰਿੰਟ, ਟੀਮ ਸਪ੍ਰਿੰਟ ਅਤੇ ਕੀਰੇਨ ਈਵੈਂਟ 'ਚ ਹਿੱਸਾ ਲੈਣਗੇ।
ਅਨੁਭਵੀ ਸਾਈਕਲਿਸਟ ਦੇਬੋਰਾਹ ਹੇਰਾਲਡ ਵੀ ਸਪ੍ਰਿੰਟ, ਟੀਮ ਸਪ੍ਰਿੰਟ ਅਤੇ ਕੀਰੇਨ ਈਵੈਂਟ 'ਚ ਆਪਣੀ ਚੁਣੌਤੀ ਪੇਸ਼ ਕਰੇਗੀ। ਭਾਰਤੀ ਜੂਨੀਅਰ ਮਹਿਲਾ ਟੀਮ 'ਚ ਅੰਡਮਾਨ ਅਤੇ ਨਿਕੋਬਾਰ ਦੇ ਐਸਾਊ, ਮਹਾਰਾਸ਼ਟਰ ਦੇ ਮਯੂਰ ਪਵਾਰ ਅਤੇ ਮਣੀਪੁਰ ਦੇ ਜੇਮਸ ਸਿੰਘ ਸ਼ਾਮਲ ਹਨ। ਮੇਜ਼ਬਾਨ ਹੋਣ ਦੇ ਕਾਰਨ ਭਾਰਤ ਨੂੰ ਇਕ ਵਾਧੂ ਟੀਮ ਉਤਾਰਨ ਦੀ ਇਜਾਜ਼ਤ ਮਿਲੀ ਹੈ ਜਿਸ 'ਚ ਯੁਵਾ ਸਾਈਕਲਿਸਟ ਸ਼ਾਮਲ ਹੋਣਗੇ।
ਇਸ ਪ੍ਰਤੀਯੋਗਿਤਾ 'ਚ ਹਿੱਸਾ ਲੈਣ ਵਾਲੀਆਂ ਟੀਮਾਂ 'ਚ ਭਾਰਤ, ਕਜ਼ਾਖਸਤਾਨ, ਬੰਗਲਾਦੇਸ਼, ਸ਼੍ਰੀਲੰਕਾ, ਹਾਂਗਕਾਂਗ, ਯੂ.ਏ.ਈ., ਥਾਈਲੈਂਡ, ਮਲੇਸ਼ੀਆ, ਇੰਡੋਨੇਸ਼ੀਆ, ਨੇਪਾਲ, ਸਿੰਗਾਪੁਰ ਅਤੇ ਆਸਟਰੇਲੀਆ ਸ਼ਾਮਲ ਹਨ। ਏਸ਼ੀਆ ਤੋਂ 13 ਟੀਮਾਂ ਹਿੱਸਾ ਲੈ ਰਹੀਆਂ ਹਨ ਜਦਕਿ ਆਸਟਰੇਲੀਆ ਇਸ ਮਹਾਦੀਪ ਤੋਂ ਬਾਹਰ ਦੀ ਇਕਮਾਤਰ ਟੀਮ ਹੈ। ਇਹ ਟੂਰਨਾਮੈਂਟ ਨਾ ਸਿਰਫ ਵਰਲਡ ਕੱਪ ਅਤੇ ਵਿਸ਼ਵ ਚੈਂਪੀਅਨਸ਼ਿਪ ਦਾ ਹਿੱਸਾ ਹੈ ਸਗੋਂ 2020 ਟੋਕੀਓ ਓਲੰਪਿਕ ਕੁਆਲੀਫਾਇਰ ਦਾ ਵੀ ਹਿੱਸਾ ਹੈ।