ਪੰਜਾਬ ਲਈ ਚੱਲੇਗੀ ਵਿਸ਼ੇਸ਼ Super Fast Train! ਪੜ੍ਹੋ ਪੂਰਾ ਸ਼ਡੀਊਲ
Thursday, Dec 18, 2025 - 05:58 PM (IST)
ਜੈਤੋ (ਰਘੁਨੰਦਨ ਪਰਾਸ਼ਰ): ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਰੇਲ ਯਾਤਰੀਆਂ ਦੀ ਸੁਵਿਧਾਜਨਕ ਆਵਾਜਾਈ ਅਤੇ ਵਾਧੂ ਭੀੜ ਨੂੰ ਕੰਟਰੋਲ ਕਰਨ ਲਈ ਰੇਲਵੇ ਦੁਆਰਾ ਵਿਸ਼ੇਸ਼ ਐਕਸਪ੍ਰੈਸ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਫਿਰੋਜ਼ਪੁਰ ਰੇਲ ਮੰਡਲ ਦੇ ਸੀਨੀਅਰ ਵਣਜ ਪ੍ਰਬੰਧਕ ਪਰਮਜੀਤ ਸਿੰਘ ਸੈਣੀ ਨੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਸੁਪਰਫਾਸਟ ਸਪੈਸ਼ਲ ਐਕਸਪ੍ਰੈਸ ਰੇਲਗੱਡੀ ਨੰਬਰ 04696/04695 ਅੰਮ੍ਰਿਤਸਰ-ਬਾਂਦਰਾ ਟਰਮੀਨਸ-ਅੰਮ੍ਰਿਤਸਰ ਦਾ ਸੰਚਾਲਨ ਕੀਤਾ ਜਾਵੇਗਾ।
ਇਹ ਰੇਲਗੱਡੀ 23 ਅਤੇ 27 ਦਸੰਬਰ 2025 ਨੂੰ ਸਵੇਰੇ 4:20 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ। ਇਹ 30 ਘੰਟੇ ਅਤੇ 40 ਮਿੰਟਾਂ ਬਾਅਦ ਸਵੇਰੇ 11:00 ਵਜੇ ਬਾਂਦਰਾ ਟਰਮੀਨਸ ਪਹੁੰਚੇਗੀ। ਵਾਪਸੀ ਵੇਲੇ ਇਹ ਰੇਲਗੱਡੀ 24 ਅਤੇ 28 ਦਸੰਬਰ 2025 ਨੂੰ ਦੁਪਹਿਰ 14:00 ਵਜੇ ਬਾਂਦਰਾ ਟਰਮੀਨਸ ਤੋਂ ਚੱਲੇਗੀ। ਇਹ 30 ਘੰਟੇ ਅਤੇ 40 ਮਿੰਟਾਂ ਬਾਅਦ ਸ਼ਾਮ 20:30 ਵਜੇ ਅੰਮ੍ਰਿਤਸਰ ਪਹੁੰਚੇਗੀ। ਇਹ ਵਿਸ਼ੇਸ਼ ਰੇਲਗੱਡੀ ਦੋਵਾਂ ਦਿਸ਼ਾਵਾਂ ਵਿਚ ਬਿਆਸ, ਜਲੰਧਰ ਸਿਟੀ, ਲੁਧਿਆਣਾ, ਅੰਬਾਲਾ ਛਾਉਣੀ, ਪਾਣੀਪਤ, ਦਿੱਲੀ ਸਫ਼ਦਰਜੰਗ, ਮਥੁਰਾ, ਭਰਤਪੁਰ, ਗੰਗਾਪੁਰ ਸਿਟੀ, ਸਵਾਈ ਮਾਧੋਪੁਰ, ਕੋਟਾ, ਰਤਲਾਮ, ਦਾਹੋਦ, ਗੋਧਰਾ, ਵਡੋਦਰਾ, ਭਰੂਚ, ਸੂਰਤ, ਵਲਸਾਡ, ਵਾਪੀ ਅਤੇ ਬੋਰੀਵਲੀ ਰੇਲਵੇ ਸਟੇਸ਼ਨਾਂ 'ਤੇ ਠਹਿਰੇਗੀ।
ਉਨ੍ਹਾਂ ਦੱਸਿਆ ਕਿ ਰੇਲ ਯਾਤਰੀ ਯਾਤਰਾ ਦੌਰਾਨ ਰੇਲਗੱਡੀ ਨਾਲ ਜੁੜੀ ਕਿਸੇ ਵੀ ਜਾਣਕਾਰੀ ਜਾਂ ਸੁਝਾਅ ਲਈ ਰੇਲ ਮਦਦ ਨੰਬਰ 139 'ਤੇ ਸੰਪਰਕ ਕਰ ਸਕਦੇ ਹਨ। ਇਸ ਨੰਬਰ 'ਤੇ ਯਾਤਰੀ, ਰੇਲ ਸੰਬੰਧੀ ਪੁੱਛਗਿੱਛ, ਪੀ.ਐੱਨ.ਆਰ., ਟਿਕਟ ਦੀ ਉਪਲਬਧਤਾ, ਰੇਲਗੱਡੀ ਦਾ ਆਗਮਨ-ਪ੍ਰਸਥਾਨ ਆਦਿ ਬਾਰੇ ਜਾਣਕਾਰੀ ਇੱਕ ਐਸ.ਐਮ.ਐਸ. ਭੇਜ ਕੇ ਵੀ ਪ੍ਰਾਪਤ ਕਰ ਸਕਦੇ ਹਨ।
