ਪੰਜਾਬ ''ਚ ਲਿਆਂਦਾ ਜਾ ਰਿਹੈ ਨਵਾਂ ਕਾਨੂੰਨ! ਖਰੜਾ ਤਿਆਰ
Monday, Dec 22, 2025 - 11:53 AM (IST)
ਜਲੰਧਰ/ਚੰਡੀਗੜ੍ਹ (ਧਵਨ)- ਸੂਬੇ ਭਰ ਵਿਚ ਜੰਗਲਾਂ ਹੇਠ ਰਕਬੇ ਨੂੰ ਵਧਾਉਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਸਾਫ਼ ਵਾਤਾਵਰਣ ਯਕੀਨੀ ਬਣਾਉਣ ਦੇ ਮਕਸਦ ਨਾਲ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਅਗਵਾਈ ਹੇਠ ਜੰਗਲਾਤ ਅਤੇ ਜੰਗਲੀ ਜੀਵ ਸੰਭਾਲ ਵਿਭਾਗ ਨੇ ਸਾਲ 2025 ਦੌਰਾਨ ਕਈ ਮੁੱਖ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ। ਇਨ੍ਹਾਂ ਮੁੱਖ ਪਹਿਲਕਦਮੀਆਂ ਵਿਚ 8 ਜੰਗਲ ਅਤੇ ਪ੍ਰਾਕਿਰਤਕ ਜਾਗਰੂਕਤਾ ਪਾਰਕਾਂ ਦਾ ਵਿਕਾਸ ਸ਼ਾਮਲ ਹੈ। ਇਨ੍ਹਾਂ ਵਿਚੋਂ 4 ਪਾਰਕ ਪਠਾਨਕੋਟ ਵਿਚ, 2 ਪਟਿਆਲਾ ਵਿਚ ਅਤੇ ਇਕ-ਇਕ ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਵਿੱਚ ਗ੍ਰੀਨਿੰਗ ਪੰਜਾਬ ਮਿਸ਼ਨ ਤਹਿਤ ਵਿਕਸਤ ਕੀਤੇ ਜਾ ਰਹੇ ਹਨ।
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਅਗਵਾਈ ਹੇਠ ਜੰਗਲਾਤ ਅਤੇ ਜੰਗਲੀ ਜੀਵ ਸੰਭਾਲ ਵਿਭਾਗ ਇਨ੍ਹਾਂ ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ ਜੰਗੀ ਪੱਧਰ 'ਤੇ ਕੰਮ ਕਰ ਰਿਹਾ ਹੈ। ਇਹ ਗੱਲ ਧਿਆਨ ਦੇਣ ਯੋਗ ਹੈ ਕਿ ਪਠਾਨਕੋਟ ਵਿੱਚ, ਪਿੰਡ ਘਰੋਟਾ ਵਿੱਚ 0.50 ਹੈਕਟੇਅਰ, ਪਿੰਡ ਕਟਾਰੂਚੱਕ ਵਿੱਚ 0.75 ਹੈਕਟੇਅਰ, ਪਿੰਡ ਹੈਬਤ ਪਿੰਡੀ ਵਿੱਚ 0.60 ਹੈਕਟੇਅਰ, ਪੰਚਾਇਤੀ ਜ਼ਮੀਨ 'ਤੇ ਅਤੇ ਆਈ.ਟੀ.ਆਈ. ਬਮਿਆਲ ਵਿੱਚ ਵਾਤਾਵਰਣ ਪਾਰਕ ਵਿਕਸਤ ਕੀਤੇ ਜਾ ਰਹੇ ਹਨ।
ਇਸੇ ਤਰ੍ਹਾਂ, ਪਟਿਆਲਾ ਵਿਚ ਦੋ ਥਾਵਾਂ 'ਤੇ ਵਾਤਾਵਰਣ ਪਾਰਕ ਵਿਕਸਤ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚ ਬੈਰਨ ਮਾਈਨਰ ਵੀ ਸ਼ਾਮਲ ਹੈ। ਅੰਮ੍ਰਿਤਸਰ ਵਿਚ, ਪਿੰਡ ਜਗਦੇਵ ਕਲਾਂ ਵਿਚ ਇਕ ਵਾਤਾਵਰਣ ਪਾਰਕ ਬਣਾਇਆ ਜਾ ਰਿਹਾ ਹੈ, ਜਦੋਂ ਕਿ ਬਸੀ ਪੁਰਾਣੀ, ਹੁਸ਼ਿਆਰਪੁਰ ਵਿਚ ਇਕ ਵਣ ਚੇਤਨਾ ਪ੍ਰੋਜੈਕਟ ਚੱਲ ਰਿਹਾ ਹੈ। ਹੈਬਤ ਪਿੰਡੀ ਵਿਚ ਪਾਰਕ ਦੇ ਸਬੰਧ ਵਿਚ, ਇੰਟਰਲਾਕਿੰਗ ਟਾਈਲਡ ਨੇਚਰ ਟ੍ਰੇਲ ਪੂਰਾ ਹੋ ਗਿਆ ਹੈ, ਜਦੋਂ ਕਿ ਝੂਲਿਆਂ ਅਤੇ ਓਪਨ ਏਅਰ ਸ਼ੈਲਟਰ (ਗੇਜ਼ੇਬੋ) ਦੀ ਸਥਾਪਨਾ ਇਸ ਸਮੇਂ ਚੱਲ ਰਹੀ ਹੈ।
ਪੰਜਾਬ ਪ੍ਰੋਟੈਕਸ਼ਨ ਆਫ਼ ਟ੍ਰੀਜ਼ ਐਕਟ ਦਾ ਖਰੜਾ ਤਿਆਰ
ਰਾਜ ਸਰਕਾਰ ਦੀ ਹਮੇਸ਼ਾ ਤੋਂ ਵੱਧ ਤੋਂ ਵੱਧ ਹਰਿਆਲੀ ਨੂੰ ਯਕੀਨੀ ਬਣਾਉਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਣ ਸੰਭਾਲ ਦੇ ਉਪਾਅ ਕਰਨ ਦੀ ਕੋਸ਼ਿਸ਼ ਰਹੀ ਹੈ। ਇਸ ਸਬੰਧ ਵਿਚ, ਜੰਗਲਾਤ ਅਤੇ ਜੰਗਲੀ ਜੀਵ ਸੰਭਾਲ ਵਿਭਾਗ, ਪੰਜਾਬ ਨੇ "ਪੰਜਾਬ ਪ੍ਰੋਟੈਕਸ਼ਨ ਆਫ਼ ਟ੍ਰੀਜ਼ ਐਕਟ, 2025" ਦਾ ਖਰੜਾ ਤਿਆਰ ਕੀਤਾ ਹੈ, ਜਿਸ ਦਾ ਉਦੇਸ਼ ਹਰਿਆਲੀ ਬਣਾਈ ਰੱਖਣਾ, ਵਾਤਾਵਰਣ ਸੰਤੁਲਨ ਨੂੰ ਯਕੀਨੀ ਬਣਾਉਣਾ, ਵਾਤਾਵਰਣ ਪ੍ਰਦੂਸ਼ਣ ਨੂੰ ਰੋਕਣਾ ਅਤੇ ਮਿੱਟੀ ਦੀ ਸੰਭਾਲ ਕਰਨਾ ਹੈ। ਇਹ ਐਕਟ ਪੰਜਾਬ ਦੇ ਸਾਰੇ ਸ਼ਹਿਰੀ ਖੇਤਰਾਂ 'ਤੇ ਲਾਗੂ ਹੋਵੇਗਾ।
