ਅਕਾਲੀ ਦਲ (ਪੁਨਰ ਸੁਰਜੀਤ) ਦੇ ਸਮੁੱਚੇ ਆਗੂ ਪੰਥਕ ਏਕਤਾ ਚਾਹੁੰਦੇ ਹਨ : ਢੀਂਡਸਾ, ਬਰਨਾਲਾ, ਗਰਗ

Tuesday, Dec 23, 2025 - 03:55 PM (IST)

ਅਕਾਲੀ ਦਲ (ਪੁਨਰ ਸੁਰਜੀਤ) ਦੇ ਸਮੁੱਚੇ ਆਗੂ ਪੰਥਕ ਏਕਤਾ ਚਾਹੁੰਦੇ ਹਨ : ਢੀਂਡਸਾ, ਬਰਨਾਲਾ, ਗਰਗ

ਸੰਗਰੂਰ (ਬੇਦੀ, ਸਿੰਗਲਾ)- ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਮੀਤ ਪ੍ਰਧਾਨ ਪਰਮਿੰਦਰ ਸਿੰਘ ਢੀਂਡਸਾ, ਗਗਨਜੀਤ ਸਿੰਘ ਬਰਨਾਲਾ, ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਹਿੰਦੂ ਵਿੰਗ ਦੇ ਆਗੂ ਬਾਬੂ ਪ੍ਰਕਾਸ਼ ਚੰਦ ਗਰਗ ਨੇ ਸਾਂਝੇ ਤੌਰ ’ਤੇ ਪ੍ਰੈੱਸ ਕਾਨਫਰੰਸ ਕੀਤੀ, ਜਿਸ ’ਚ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀਆਂ ਨੀਤੀਆਂ ਅਤੇ ਮਿਸ਼ਨ ਬਾਰੇ ਵਿਚਾਰ ਪੇਸ਼ ਕੀਤੇ।

ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਜਲਦ ਹੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਕੇਂਦਰ ਸਰਕਾਰ ਨਾਲ ਗੱਲਬਾਤ ਕਰੇਗਾ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਨੇ ਜਲਦ ਚੋਣਾਂ ਕਰਵਾਉਣ ਦਾ ਵਾਅਦਾ ਨਾ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਜ਼ੋਰਦਾਰ ਸੰਘਰਸ਼ ਸ਼ੁਰੂ ਕਰੇਗਾ ਪਰ ਇਸ ਸੰਘਰਸ਼ ਦੀ ਰੂਪ-ਰੇਖਾ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਉਲੀਕੀ ਜਾਵੇਗੀ।

ਪੰਥਕ ਏਕਤਾ ਬਾਰੇ ਗੱਲਬਾਤ ਕਰਦਿਆਂ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸਮੁੱਚੇ ਆਗੂ ਪੰਥਕ ਏਕਤਾ ਚਾਹੁੰਦੇ ਹਨ ਪਰ ਇਹ ਏਕਤਾ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਹੋਏ ਹੁਕਮਨਾਮੇ ਦੀ ਰੌਸ਼ਨੀ ’ਚ ਹੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਮੁੱਚੇ ਆਗੂ ਪੰਥਕ ਸੋਚ ਨੂੰ ਸਮਰਪਿਤ ਹਨ। ਕਿਸੇ ਵੀ ਆਗੂ ਨੂੰ ਨਾ ਹੀ ਕੁਰਸੀ ਦਾ ਲਾਲਚ ਹੈ ਅਤੇ ਨਾ ਹੀ ਨਿੱਜੀ ਲਾਲਚ ਹੈ। ਇਹ ਅਕਾਲੀ ਦਲ ਪੰਥਕ ਅਤੇ ਪੰਜਾਬ ਦੇ ਭਲੇ ਲਈ ਹੋਂਦ ’ਚ ਆਇਆ ਹੈ। ਜਿਸ ਨੂੰ ਪੂਰੇ ਸਿੱਖ ਜਗਤ ਅੰਦਰ ਪੂਰਾ ਮਾਣ ਸਨਮਾਨ ਵੀ ਮਿਲਿਆ ਹੈ।

ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਰਾਜਨੀਤੀ ਦਾ ਸਵਾਲ ਹੈ, ਰਾਜਨੀਤੀ ’ਚ ਕਾਮਯਾਬੀ ਦਾ ਫੈਸਲਾ ਲੋਕਾਂ ਦੇ ਹੱਥ ’ਚ ਹੁੰਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵੇਲੇ ਹਾਲਾਤ ਇਹੋ ਜਿਹੇ ਬਣੇ ਹੋਏ ਹਨ ਕਿ ਆਗੂਆਂ ਦੀ ਸੋਚ ਨੂੰ ਜਾਣਨ ਅਤੇ ਸਮਝਣ ਦੀ ਲੋੜ ਹੈ।


author

Anmol Tagra

Content Editor

Related News