ਭਾਰਤ ਅਤੇ ਪਾਕਿਸਤਾਨ ਵਿਚਾਲੇ ਵਿਸ਼ਵ ਕੱਪ ਮੈਚ ਦੀਆਂ ਸਾਰੀਆਂ ਟਿਕਟਾਂ ਵਿਕੀਆਂ: ਆਈ.ਸੀ.ਸੀ

Thursday, Sep 15, 2022 - 03:53 PM (IST)

ਭਾਰਤ ਅਤੇ ਪਾਕਿਸਤਾਨ ਵਿਚਾਲੇ ਵਿਸ਼ਵ ਕੱਪ ਮੈਚ ਦੀਆਂ ਸਾਰੀਆਂ ਟਿਕਟਾਂ ਵਿਕੀਆਂ: ਆਈ.ਸੀ.ਸੀ

ਦੁਬਈ (ਏਜੰਸੀ)- ਭਾਰਤ ਅਤੇ ਪਾਕਿਸਤਾਨ ਵਿਚਾਲੇ 23 ਅਕਤੂਬਰ ਨੂੰ ਮੈਲਬੌਰਨ ਕ੍ਰਿਕਟ ਗਰਾਊਂਡ (ਐੱਮ.ਸੀ.ਜੀ.) ਵਿੱਚ ਹੋਣ ਵਾਲੇ ਆਈ.ਸੀ.ਸੀ. ਟੀ-20 ਵਿਸ਼ਵ ਕੱਪ ਮੈਚ ਦੀਆਂ ਸਾਰੀਆਂ ਟਿਕਟਾਂ ਵਿਕ ਗਈਆਂ ਹਨ। ਟੀ-20 ਵਿਸ਼ਵ ਕੱਪ 16 ਅਕਤੂਬਰ ਤੋਂ ਆਸਟ੍ਰੇਲੀਆ 'ਚ ਸ਼ੁਰੂ ਹੋਵੇਗਾ, ਜਿਸ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲਾ ਮੈਚ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇੰਟਰਨੈਸ਼ਨਲ ਕ੍ਰਿਕੇਟ ਕੌਂਸਲ (ਆਈ.ਸੀ.ਸੀ.) ਦੇ ਅਨੁਸਾਰ, ਇਸ ਟੂਰਨਾਮੈਂਟ ਲਈ ਹੁਣ ਤੱਕ 5 ਲੱਖ ਤੋਂ ਵੱਧ ਪ੍ਰਸ਼ੰਸਕਾਂ ਨੇ ਟਿਕਟਾਂ ਖ਼ਰੀਦੀਆਂ ਹਨ। ਇਨ੍ਹਾਂ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲਾ ਮੈਚ ਵੀ ਸ਼ਾਮਲ ਹੈ, ਜਿਸ ਦੀਆਂ ਸਾਰੀਆਂ ਟਿਕਟਾਂ ਵਿਕ ਚੁੱਕੀਆਂ ਹਨ।

ਆਈ.ਸੀ.ਸੀ. ਦੀ ਇੱਕ ਰੀਲੀਜ਼ ਦੇ ਅਨੁਸਾਰ, "ਖੜ੍ਹੇ ਹੋ ਕੇ ਮੈਚ ਦੇਖਣ ਲਈ ਵਾਧੂ ਟਿਕਟਾਂ ਦਾ ਪ੍ਰਬੰਧ ਕੀਤਾ ਗਿਆ ਸੀ, ਜੋ ਵਿਕਰੀ ਲਈ ਰੱਖੇ ਜਾਣ ਦੇ ਕੁਝ ਮਿੰਟਾਂ ਵਿੱਚ ਹੀ ਵਿਕ ਗਈਆਂ।" ਇਸ ਵਿਚ ਕਿਹਾ ਗਿਆ ਹੈ, "ਮੁਕਾਬਲੇ ਤੋਂ ਪਹਿਲਾਂ ਅਧਿਕਾਰਤ ਵਿਕਰੀ ਕੇਂਦਰ ਸ਼ੁਰੂ ਕੀਤਾ ਜਾਵੇਗਾ, ਜਿੱਥੇ ਪ੍ਰਸ਼ੰਸਕ ਅੰਕਿਤ ਮੁੱਲ 'ਤੇ ਟਿਕਟਾਂ ਦਾ ਆਦਾਨ-ਪ੍ਰਦਾਨ ਕਰ ਸਕਦੇ ਹਨ।" ਆਈ.ਸੀ.ਸੀ. ਨੇ ਕਿਹਾ, 'ਟੀ-20 ਵਿਸ਼ਵ ਕੱਪ 'ਚ 16 ਅੰਤਰਰਾਸ਼ਟਰੀ ਟੀਮਾਂ ਦੇ ਮੈਚ ਦੇਖਣ ਲਈ 82 ਵੱਖ-ਵੱਖ ਦੇਸ਼ਾਂ ਦੇ ਪ੍ਰਸ਼ੰਸਕਾਂ ਨੇ ਟਿਕਟਾਂ ਖ਼ਰੀਦੀਆਂ ਹਨ। ਆਈ.ਸੀ.ਸੀ. ਮਹਿਲਾ ਟੀ-20 ਵਿਸ਼ਵ ਕੱਪ 2020 ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਕਿਸੇ ਆਈ.ਸੀ.ਸੀ. ਈਵੈਂਟ ਵਿੱਚ ਸਟੇਡੀਅਮ ਖਚਾਖਚ ਭਰੇ ਹੋਣਗੇ। ਐੱਮ.ਸੀ.ਜੀ. ਵਿੱਚ ਖੇਡੇ ਗਏ ਫਾਈਨਲ ਮੈਚ ਵਿੱਚ ਸਟੇਡੀਅਮ ਵਿੱਚ 86,174 ਦਰਸ਼ਕ ਮੌਜੂਦ ਸਨ।'

ਕ੍ਰਿਕੇਟ ਦੀ ਸਿਖਰ ਸੰਸਥਾ ਨੇ ਕਿਹਾ, "ਇਸ ਤੋਂ ਇਲਾਵਾ ਸਿਡਨੀ ਵਿੱਚ 27 ਅਕਤੂਬਰ ਨੂੰ ਦੱਖਣੀ ਅਫਰੀਕਾ ਅਤੇ ਬੰਗਲਾਦੇਸ਼ ਅਤੇ ਭਾਰਤ ਅਤੇ ਗਰੁੱਪ ਏ ਦੇ ਉਪ ਜੇਤੂ ਵਿਚਾਲੇ ਹੋਣ ਵਾਲੇ ਮੈਚਾਂ ਦੀਆਂ ਸਾਰੀਆਂ ਟਿਕਟਾਂ ਵੀ ਵਿਕ ਗਈਆਂ ਹਨ।" ਆਈ.ਸੀ.ਸੀ. ਨੇ ਕਿਹਾ, ''ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ 22 ਅਕਤੂਬਰ ਨੂੰ ਸਿਡਨੀ 'ਚ, ਪਾਕਿਸਤਾਨ ਅਤੇ ਗਰੁੱਪ ਏ ਦੇ ਉਪ ਜੇਤੂ ਅਤੇ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਪਰਥ ਵਿਚ 30 ਅਕਤੂਬਰ ਨੂੰ ਅਤੇ ਪਾਕਿਸਤਾਨ ਅਤੇ ਦੱਖਣੀ ਅਫਰੀਕਾ ਵਿਚਾਲੇ 3 ਨਵੰਬਰ ਨੂੰ ਸਿਡਨੀ 'ਚ ਹੋਣ ਵਾਲੇ ਸੁਪਰ 12 ਦੇ ਮੈਚਾਂ ਦੀਆਂ ਕੁੱਝ ਟਿਕਟਾਂ ਹੀ ਬਚੀਆਂ ਹੋਈਆਂ ਹਨ।'


author

cherry

Content Editor

Related News