ਵੱਡੀ ਖ਼ਬਰ: ਲੁਧਿਆਣਾ ਸੈਂਟਰਲ ਜੇਲ ’ਚ ਕੈਦੀਆਂ ਵਿਚਾਲੇ ਖੂਨੀ ਝੜਪ, ਜੇਲ ਸੁਪਰਡੈਂਟ ਦਾ ਪਾੜਿਆ ਸਿਰ
Wednesday, Dec 17, 2025 - 04:26 AM (IST)
ਲੁਧਿਆਣਾ (ਸਿਆਲ) - ਤਾਜਪੁਰ ਰੋਡ ਕੇਂਦਰੀ ਜੇਲ ’ਚ ਸ਼ਾਮ 7.30 ਵਜੇ ਦੇ ਕਰੀਬ ਕੈਦੀਆਂ ਦੇ 2 ਗਰੁੱਪਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਖੂਨੀ ਝੜਪ ਹੋ ਗਈ, ਜਿਸ ਦੌਰਾਨ ਇਕ-ਦੂਜੇ ’ਤੇ ਇੱਟਾਂ-ਰੋੜੇ ਸੁੱਟੇ ਗਏ। ਜੇਲ ਅਧਿਕਾਰੀ ਸਥਿਤੀ ਨੂੰ ਕਾਬੂ ਕਰਨ ਲਈ ਭਾਰੀ ਫੋਰਸ ਨਾਲ ਮੌਕੇ ’ਤੇ ਪਹੁੰਚੇ।
ਜੇਲ ਸੁਪਰਡੈਂਟ ਕੁਲਵੰਤ ਸਿੰਘ ਸਿੱਧੂ ਨੇ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਵੱਡੀ ਗਿਣਤੀ ’ਚ ਕੈਦੀਆਂ ਨੇ ਅਧਿਕਾਰੀਆਂ ਦੇ ਵੀ ਇੱਟਾਂ-ਰੋੜੇ ਮਾਰਨੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਜੇਲ ਸੁਪਰਡੈਂਟ ਦਾ ਸਿਰ ਇੱਟ ਵੱਜਣ ਕਾਰਨ ਪਾਟ ਗਿਆ। ਉਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ।
ਪੁਲਸ ਕਮਿਸ਼ਨਰ ਸਵਪਨ ਸ਼ਰਮਾ, ਜ਼ਿਲਾ ਪ੍ਰਸ਼ਾਸਨਿਕ ਅਧਿਕਾਰੀ ਅਤੇ ਕਈ ਥਾਣਿਆਂ ਦੇ ਐੱਸ. ਐੱਚ. ਓਜ਼ ਭਾਰੀ ਪੁਲਸ ਫੋਰਸ ਨਾਲ ਸਥਿਤੀ ਨੂੰ ਸ਼ਾਂਤ ਕਰਨ ਲਈ ਜੇਲ ਪਹੁੰਚੇ।
ਉਨ੍ਹਾਂ ਦੱਸਿਆ ਕਿ ਜੇਲ ਅੰਦਰ 2 ਗਰੁੱਪਾਂ ’ਚ ਲੜਾਈ ਹੋਈ ਸੀ। ਉਨ੍ਹਾਂ ਨੇ ਜੇਲ ਅੰਦਰ ਬਣੀਆਂ ਫੁੱਲਾਂ ਦੀਆਂ ਕਿਆਰੀਆਂ ’ਚੋਂ ਇੱਟਾਂ ਚੁੱਕ ਕੇ ਇਕ-ਦੂਜੇ ਦੇ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਕੈਦੀਆਂ ਨੇ ਜੇਲ ਗਾਰਦ ਤੋਂ ਚਾਬੀਆਂ ਖੋਹ ਕੇ ਕੈਦੀਆਂ ਨੂੰ ਸੈੱਲ ’ਚੋਂ ਬਾਹਰ ਕੱਢ ਦਿੱਤਾ ਅਤੇ ਭੰਨਤੋੜ ਕੀਤੀ। ਉਨ੍ਹਾਂ ਦੱਸਿਆ ਕਿ ਫਿਲਹਾਲ ਸਥਿਤੀ ਕਾਬੂ ’ਚ ਹੈ।
ਜੇਲ ਦੇ ਕੰਪਲੈਕਸ ’ਚ ਕਿਸੇ ਵੀ ਮੀਡੀਆ ਨੂੰ ਜਾਣ ਦੀ ਇਜਾਜ਼ਤ ਨਹੀਂ ਸੀ ਅਤੇ ਮੀਡੀਆ ਕਰਮਚਾਰੀ ਦੇਰ ਰਾਤ ਤੱਕ ਸੜਕ ’ਤੇ ਖੜ੍ਹੇ ਸਨ। ਰਾਤ 11 ਵਜੇ ਦੇ ਕਰੀਬ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਪਹੁੰਚੇ ਅਤੇ ਮੀਡੀਆ ਨੂੰ ਜਾਣਕਾਰੀ ਦਿੱਤੀ।
