ਮਹਿਲਾ ਵਿਸ਼ਵ ਕੱਪ ''ਚ ਜੇਤੂ ਸ਼ੁਰੂਆਤ ਕਰਨ ਉਤਰੇਗਾ ਭਾਰਤ

02/20/2020 7:16:38 PM

ਸਿਡਨੀ : ਧਮਾਕੇਦਾਰ ਬੱਲੇਬਾਜ਼ ਹਰਮਨਪ੍ਰੀਤ ਕੌਰ ਦੀ ਕਪਤਾਨੀ ਵਿਚ ਭਾਰਤੀ ਮਹਿਲਾ ਟੀਮ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ ਦੇ ਪਹਿਲੇ ਮੈਚ ਵਿਚ ਆਸਟਰੇਲੀਆ ਵਿਰੁੱਧ ਗਰੁੱਪ-ਏ ਦੇ ਮੁਕਾਬਲੇ ਵਿਚ ਜੇਤੂ ਸ਼ੁਰੂਆਤ ਕਰਨ ਦੇ ਇਰਾਦੇ ਨਾਲ ਉਤਰੇਗੀ। ਭਾਰਤੀ ਮਹਿਲਾ ਟੀਮ ਨੂੰ 2018 ਦੇ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਇੰਗਲੈਂਡ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਇਸ ਵਾਰ ਭਾਰਤ ਫਾਈਨਲ ਵਿਚ ਪਹੁੰਚ ਕੇ ਖਿਤਾਬ ਆਪਣੇ ਨਾਂ ਕਰਨਾ ਚਾਹੇਗਾ। 2018 ਦੇ ਵਿਸ਼ਵ ਕੱਪ ਵਿਚ ਤਜਰਬੇਕਾਰ ਬੱਲੇਬਾਜ਼ ਮਿਤਾਲੀ ਰਾਜ ਨੂੰ ਸੈਮੀਫਾਈਨਲ 'ਚੋਂ ਬਾਹਰ ਰੱਖਣ 'ਤੇ ਕਾਫੀ ਵਿਵਾਦ ਹੋਇਆ ਸੀ ਪਰ ਇਸ ਵਾਰ ਮਿਤਾਲੀ ਟੀਮ ਦਾ ਹਿੱਸਾ ਹੀ ਨਹੀਂ ਹੈ ਤੇ ਹਰਮਨਪ੍ਰੀਤ 'ਤੇ ਟੀਮ ਨੂੰ ਚੈਂਪੀਅਨ ਬਣਾਉਣ ਦੀ ਪੂਰੀ ਜ਼ਿੰਮੇਵਾਰੀ ਰਹੇਗੀ।

PunjabKesari

ਭਾਰਤ ਨੇ ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ਲਈ ਹਾਲ ਹੀ ਵਿਚ ਆਸਟਰੇਲੀਆ ਤੇ ਇੰਗਲੈਂਡ ਨਾਲ ਇਕ ਤਿਕੋਣੀ ਮਹਿਲਾ ਟੀ-20 ਸੀਰੀਜ਼ ਵੀ ਖੇਡੀ ਸੀ, ਜਿਸ ਦੇ ਫਾਈਨਲ ਵਿਚ ਭਾਰਤ ਨੂੰ ਆਸਟਰੇਲੀਆ ਹੱਥੋਂ ਸਖਤ ਮੁਕਾਬਲੇ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਆਸਟਰੇਲੀਆ ਵਿਰੁੱਧ 2017 ਵਿਚ ਵਨ ਡੇ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਮਿਲੀ ਜਿੱਤ ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਸਭ ਤੋਂ ਵੱਡੀ ਉਪਲੱਬਧੀ ਮੰਨੀ ਜਾਂਦੀ ਹੈ। ਭਾਰਤ ਲਈ ਵੱਡੀ ਰਾਹਤ ਦੀ ਗੱਲ ਇਹ ਹੈ ਕਿ ਆਸਟਰੇਲੀਆ ਵਿਰੁੱਧ 2016 ਵਿਚ ਟੀ-20 ਸੀਰੀਜ਼ ਵਿਚ ਜਿੱਤ ਹਾਸਲ ਕਰਨ ਵਾਲੀ ਟੀਮ ਦੇ 7 ਖਿਡਾਰੀ ਇਸ ਵਾਰ ਦੀ ਵਿਸ਼ਵ ਕੱਪ ਟੀਮ ਵਿਚ ਹਨ। ਭਾਰਤ ਹੀ ਇਕਲੌਤੀ ਅਜਿਹੀ ਟੀਮ ਹੈ, ਜਿਸ ਨੇ ਹਾਲ ਦੇ ਸਾਲਾਂ ਵਿਚ ਆਈ. ਸੀ. ਸੀ. ਦੇ ਵੱਡੇ ਟੂਰਨਾਮੈਂਟਾਂ ਵਿਚ ਆਸਟਰੇਲੀਆ ਨੂੰ ਹਰਾਇਆ ਹੈ। ਭਾਰਤ ਨੇ 2017 ਵਨ ਡੇ ਵਿਸ਼ਵ ਕੱਪ ਦੇ ਸੈਮੀਫਾਈਨਲ ਤੇ ਟੀ-20 ਦੇ ਸਾਲ 2018 ਵਿਸ਼ਵ ਕੱਪ ਦੇ ਲੀਗ ਪੱਧਰ ਦੇ ਮੈਚ ਵਿਚ ਆਸਟਰੇਲੀਆ ਨੂੰ ਹਰਾਇਆ ਸੀ, ਜਿਸ ਨਾਲ ਉਸਦੇ ਇਰਾਦੇ ਬੁਲੰਦ ਹਨ। ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਨੂੰ 2 ਅਭਿਆਸ ਮੈਚ ਵੀ ਖੇਡਣੇ ਸਨ। ਭਾਰਤ ਨੇ ਪਹਿਲੇ ਮੈਚ ਵਿਚ ਵੈਸਟਇੰਡੀਜ਼ ਨੂੰ ਸਖਤ ਮੁਕਾਬਲੇ ਵਿਚ 2 ਦੌੜਾਂ ਨਾਲ ਹਰਾਇਆ ਸੀ, ਜਦਕਿ ਪਾਕਿਸਤਾਨ ਵਿਰੁੱਧ ਦੂਜਾ ਅਭਿਆਸ ਮੈਚ ਮੀਂਹ ਕਾਰਣ ਨਹੀਂ ਹੋ ਸਕਿਆ ਸੀ।

ਟੀਮਾਂ ਇਸ ਤਰ੍ਹਾਂ ਹਨ :
ਭਾਰਤ-ਹਰਮਨਪ੍ਰੀਤ ਕੌਰ (ਕਪਤਾਨ), ਤਾਨੀਆ ਭਾਟੀਆ (ਵਿਕਟਕੀਪਰ), ਹਰਲੀਨ ਦਿਓਲ, ਰਾਜੇਸ਼ਵਰੀ ਗਾਇਕਵਾੜ, ਰਿਚਾ ਘੋਸ਼, ਵੇਦਾ ਕ੍ਰਿਸ਼ਣਾਮੂਰਤੀ, ਸਮ੍ਰਿਤੀ ਮੰਧਾਨਾ, ਸ਼ਿਖਾ ਪਾਂਡੇ, ਪੂਨਮ ਯਾਦਵ, ਅਰੁੰਧਤੀ ਰੈੱਡੀ, ਜੈਮਿਮਾ ਰੋਡ੍ਰਿਗੇਜ਼, ਸ਼ੈਫਾਲੀ ਵਰਮਾ, ਦੀਪਤੀ ਸ਼ਰਮਾ, ਪੂਜਾ ਵਸਤਰਾਕਰ ਤੇ ਰਾਧਾ ਯਾਦਵ।
ਆਸਟਰੇਲੀਆ- ਮੇਗ ਲੈਨਿੰਗ (ਕਪਤਾਨ), ਰਾਚੇਲ ਹੇਯੰਸ, ਇਰਿਨ ਬਰਨਸ, ਨਿਕੋਲ ਕੈਰੀ, ਐਸ਼ਲੇ ਗਾਰਡਨਰ, ਐਲਿਸਾ ਹੇਲੀ (ਵਿਕਟਕੀਪਰ), ਜੈਸ ਜੋਨਾਸਨ, ਡੇਲਿਸਾ ਕਿਮਿਨਸ, ਸੋਫੀ ਮੋਲੀਨਿਕਸ, ਬੇਥ ਮੂਨੀ, ਐਲਿਸ ਪੈਰੀ, ਮੇਗਨ ਸ਼ੂਟ, ਮੋਲੀ ਸਟੈਨੋ, ਅਨਾਬੇਲ ਸਦਰਲੈਂਡ ਤੇ ਜਾਰਜੀਆ ਬੇਰਹਮ।


Related News