ਭਾਰਤ ਦੇ ਡੀ. ਗੁਕੇਸ਼ ਨੇ ਜਿੱਤਿਆ ਮੇਨੋਰਕਾ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ ਦਾ ਖਿਤਾਬ
Tuesday, Apr 18, 2023 - 07:49 PM (IST)
ਮੇਨੋਰਕਾ (ਸਪੇਨ), (ਨਿਕਲੇਸ਼ ਜੈਨ)–ਮੇਨੋਰਕਾ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ ਵਿਚ ਆਪਣੇ ਖਿਤਾਬ ਨੂੰ ਬਚਾਉਣ ਉਤਰੇ ਭਾਰਤ ਦੇ ਨੰਬਰ-2 ਸ਼ਤਰੰਜ ਖਿਡਾਰੀ 16 ਸਾਲਾ ਗ੍ਰੈਂਡ ਮਾਸਟਰ ਡੀ. ਗੁਕੇਸ਼ ਨੇ ਆਖਿਰਕਾਰ ਇਸ ਵਿਚ ਸਫਲਤਾ ਹਾਸਲ ਕਰ ਲਈ ਹੈ। ਹਾਲਾਂਕਿ ਆਖਰੀ ਰਾਊਂਡ ਤੋਂ ਬਾਅਦ 7 ਅੰਕਾਂ ’ਤੇ ਉਸ ਨੂੰ ਬਰਾਬਰ ਟਾਈਬ੍ਰੇਕ ਅੰਕਾਂ ਦੇ ਕਾਰਨ ਹਮਵਤਨ ਗ੍ਰੈਂਡ ਮਾਸਟਰ ਪ੍ਰਣਵ ਵੀ. ਨਾਲ ਬਲਿਟਜ਼ ਟਾਈਬ੍ਰੇਕਰ ਖੇਡਣਾ ਪਿਆ, ਜਿਸ ਵਿਚ ਗੁਕੇਸ਼ 1.5-0.5 ਨਾਲ ਜਿੱਤਣ ਵਿਚ ਸਫਲ ਰਿਹਾ।
ਪ੍ਰਣਵ ਨੂੰ ਉਪ ਜੇਤੂ ਦਾ ਸਥਾਨ ਮਿਲਿਆ। ਵੱਡੀ ਗੱਲ ਇਹ ਰਹੀ ਕਿ 2730 ਰੇਟਿੰਗ ਵਾਲਾ ਗੁਕੇਸ਼ ਪ੍ਰਤੀਯੋਗਿਤਾ ਤੋਂ ਬਾਅਦ 2 ਅੰਕਾਂ ਦਾ ਸੁਧਾਰ ਕਰਦੇ ਹੋਏ ਲਾਈਵ ਰੇਟਿੰਗ ਵਿਚ 2732 ਅੰਕਾਂ ਨਾਲ 3 ਸਥਾਨਾਂ ਦਾ ਸੁਧਾਰ ਕਰਦੇ ਹੋਏ ਵਿਸ਼ਵ ਰੈਂਕਿੰਗ ’ਚ 17ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਨੀਦਰਲੈਂਡ ਦਾ ਵਾਨ ਫੋਰੇਸਟ ਜੌਰਡਨ ਤੀਜੇ ਸਥਾਨ ’ਤੇ ਰਿਹਾ ਜਦਕਿ ਹੋਰਨਾਂ ਖਿਡਾਰੀਆਂ ਵਿਚ ਭਾਰਤ ਦਾ ਆਰੀਅਨ ਚੋਪੜਾ, ਰੂਸ ਦਾ ਵਲਾਦੀਮਿਰ ਫੇਡੋਸੀਵ, ਯੂ. ਐੱਸ. ਏ. ਦਾ ਨੀਮਨ ਹੰਸ ਮੋਕੇ, ਇਸਰਾਈਲ ਦਾ ਕੋਬੋ ਓਰੀ, ਰੂਸ ਦਾ ਮੈਕਸੀਮ ਚਿਗੇਵ, ਚੀਨ ਦਾ ਕਸੂ ਜਿਯਾਂਗਯੂ ਤੇ ਭਾਰਤ ਦਾ ਕੌਸਤਵ ਚੈਟਰਜੀ ਕ੍ਰਮਵਾਰ ਚੌਥੇ ਤੋਂ ਦਸਵੇਂ ਸਥਾਨ ’ਤੇ ਰਹੇ।