PSEB ਦੀ ਵੱਡੀ ਲਾਪਰਵਾਹੀ! ਬੋਰਡ ਪ੍ਰੀਖਿਆਵਾਂ ''ਚ ਭਾਰਤ ਦਾ ਗਲਤ ਨਕਸ਼ਾ ਵੰਡਿਆ

Wednesday, Feb 25, 2026 - 08:40 PM (IST)

PSEB ਦੀ ਵੱਡੀ ਲਾਪਰਵਾਹੀ! ਬੋਰਡ ਪ੍ਰੀਖਿਆਵਾਂ ''ਚ ਭਾਰਤ ਦਾ ਗਲਤ ਨਕਸ਼ਾ ਵੰਡਿਆ

ਪਟਿਆਲਾ (ਸੁਖਦੀਪ ਸਿੰਘ ਮਾਨ) : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਲਈਆਂ ਜਾ ਰਹੀਆਂ ਸਾਲਾਨਾ ਪ੍ਰੀਖਿਆਵਾਂ 'ਚ ਇੱਕ ਵੱਡੀ ਪ੍ਰਸ਼ਾਸਨਿਕ ਅਤੇ ਤਕਨੀਕੀ ਲਾਪਰਵਾਹੀ ਸਾਹਮਣੇ ਆਈ ਹੈ। ਬੋਰਡ ਵੱਲੋਂ ਪ੍ਰੀਖਿਆ ਦੌਰਾਨ ਵਿਦਿਆਰਥੀਆਂ ਨੂੰ ਜੋ ਭਾਰਤ/ਪੰਜਾਬ ਦਾ ਨਕਸ਼ਾ ਦਿੱਤਾ ਗਿਆ ਹੈ, ਉਸ 'ਚ ਦੇਸ਼ ਦੀਆਂ ਸਰਹੱਦਾਂ ਤੇ ਸੂਬਿਆਂ ਦੀ ਸਥਿਤੀ ਨੂੰ ਇੰਨੀ ਗਲਤ ਰੂਪ 'ਚ ਦਰਸਾਇਆ ਗਿਆ ਹੈ ਕਿ ਇਸ ਨੇ ਸਿੱਖਿਆ ਵਿਭਾਗ ਦੀ ਕਾਰਗੁਜ਼ਾਰੀ 'ਤੇ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ।

ਸੰਵਿਧਾਨਕ ਤਬਦੀਲੀਆਂ ਤੋਂ ਅਣਜਾਣ ਹੈ ਸਿੱਖਿਆ ਬੋਰਡ?
ਹੈਰਾਨੀ ਦੀ ਗੱਲ ਹੈ ਕਿ ਸਾਲ 2019 ਵਿੱਚ ਕੇਂਦਰ ਸਰਕਾਰ ਵੱਲੋਂ ਜੰਮੂ-ਕਸ਼ਮੀਰ ਅਤੇ ਲਦਾਖ ਨੂੰ ਵੱਖ-ਵੱਖ ਕੇਂਦਰ ਸ਼ਾਸਤ ਪ੍ਰਦੇਸ਼ ਐਲਾਨਿਆ ਗਿਆ ਸੀ, ਪਰ ਬੋਰਡ ਦੇ ਨਕਸ਼ੇ ਵਿੱਚ ਅਜੇ ਵੀ ਇਹ ਇੱਕ ਹੀ ਰਾਜ ਦਿਖਾਇਆ ਜਾ ਰਿਹਾ ਹੈ। ਇਸੇ ਤਰ੍ਹਾਂ 2014 ਵਿੱਚ ਬਣਿਆ ਤੇਲੰਗਾਨਾ ਰਾਜ ਵੀ ਨਕਸ਼ੇ ਵਿੱਚੋਂ ਗਾਇਬ ਹੈ। ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਵਿਦਿਆਰਥੀ ਨਕਸ਼ੇ ਵਿੱਚ ਸਹੀ ਜਾਣਕਾਰੀ ਭਰਨਾ ਵੀ ਚਾਹੁਣ, ਤਾਂ ਉਹ ਇਨ੍ਹਾਂ ਤਕਨੀਕੀ ਗਲਤੀਆਂ ਕਾਰਨ ਅਜਿਹਾ ਨਹੀਂ ਕਰ ਸਕਦੇ।

ਪੰਜਾਬ ਦੀਆਂ ਆਪਣੀਆਂ ਹੱਦਾਂ ਹੀ ਗਲਤ ਦਰਸਾਈਆਂ?
ਪੰਜਾਬ ਦੇ ਵਿਦਿਆਰਥੀਆਂ ਨੂੰ ਵੰਡੇ ਗਏ ਇਸ ਨਕਸ਼ੇ ਵਿੱਚ ਖ਼ੁਦ ਪੰਜਾਬ ਅਤੇ ਹਰਿਆਣਾ ਦੀ ਹੱਦਬੰਦੀ ਹੀ ਗਲਤ ਹੈ ਤੇ ਨਕਸ਼ੇ ਵਿੱਚ ਚੰਡੀਗੜ੍ਹ ਨੂੰ ਕਿਤੇ ਵੀ ਨਹੀਂ ਦਰਸਾਇਆ ਗਿਆ।

ਹਿਮਾਚਲ ਨਾਲ ਲੱਗਦੀ ਹੱਦ ਧੁੰਦਲੀ
ਪੰਜਾਬ ਦੇ ਗੁਆਂਢੀ ਰਾਜ ਹਿਮਾਚਲ ਪ੍ਰਦੇਸ਼ ਦੀ ਕੋਈ ਸਪਸ਼ਟ ਸੀਮਾ ਨਾ ਹੋਣਾ ਬੋਰਡ ਦੀ ਅਣਗਹਿਲੀ ਦਾ ਸਬੂਤ ਹੈ। ਰਾਜਸਥਾਨ, ਗੁਜਰਾਤ ਅਤੇ ਉੱਤਰ-ਪੂਰਬੀ ਰਾਜਾਂ (Seven Sisters) ਦੀਆਂ ਸਰਹੱਦਾਂ ਨੂੰ ਬਹੁਤ ਹੀ ਗੈਰ-ਪ੍ਰਮਾਣਿਕ ਅਤੇ 'ਰਫ਼ ਸਕੈਚ' ਵਾਂਗ ਬਣਾਇਆ ਗਿਆ ਹੈ।

ਸਿੱਖਿਆ ਵਿਭਾਗ ਤੇ ਸਰਕਾਰ ਦੀ 'ਗੂੜ੍ਹੀ ਨੀਂਦ'!
ਇਸ ਘਟਨਾ ਨੇ ਪੰਜਾਬ ਸਰਕਾਰ ਦੇ ਸਿੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਸਵਾਲ ਉੱਠ ਰਹੇ ਹਨ ਕਿ ਕੀ ਸਵਾਲ ਪੇਪਰ ਅਤੇ ਨਕਸ਼ੇ ਤਿਆਰ ਕਰਨ ਵਾਲੀ ਕਮੇਟੀ ਨੇ ਇਸ ਦੀ ਪੜਤਾਲ ਨਹੀਂ ਕੀਤੀ? ਕੀ ਸਿੱਖਿਆ ਵਿਭਾਗ ਇੰਨਾ ਪਛੜਿਆ ਹੋਇਆ ਹੈ ਕਿ ਉਸ ਕੋਲ ਦੇਸ਼ ਦੇ ਮੌਜੂਦਾ ਰਾਜਨੀਤਿਕ ਨਕਸ਼ੇ ਦੀ ਵੀ ਸਹੀ ਜਾਣਕਾਰੀ ਨਹੀਂ ਹੈ? ਗਲਤ ਨਕਸ਼ੇ ਕਾਰਨ ਵਿਦਿਆਰਥੀਆਂ ਦੇ ਕੱਟੇ ਜਾਣ ਵਾਲੇ ਅੰਕਾਂ ਦਾ ਜ਼ਿੰਮੇਵਾਰ ਕੌਣ ਹੋਵੇਗਾ?

ਵਿਦਿਆਰਥੀਆਂ ਤੇ ਮਾਪਿਆਂ 'ਚ ਰੋਸ
ਪ੍ਰੀਖਿਆ ਕੇਂਦਰਾਂ ਤੋਂ ਬਾਹਰ ਆਏ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਦੱਸਿਆ ਕਿ ਗਲਤ ਨਕਸ਼ੇ ਕਾਰਨ ਉਹ ਭੰਬਲਭੂਸੇ ਵਿੱਚ ਰਹੇ। ਸਿੱਖਿਆ ਮਾਹਰਾਂ ਨੇ ਇਸ ਨੂੰ ਸਿੱਖਿਆ ਦੇ ਮਿਆਰ 'ਚ ਵੱਡੀ ਗਿਰਾਵਟ ਦੱਸਦਿਆਂ ਮੰਗ ਕੀਤੀ ਹੈ ਕਿ ਬੋਰਡ ਤੁਰੰਤ ਆਪਣੀ ਗਲਤੀ ਸਵੀਕਾਰ ਕਰੇ ਅਤੇ ਇਸ ਲਾਪਰਵਾਹੀ ਲਈ ਜ਼ਿੰਮੇਵਾਰ ਅਧਿਕਾਰੀਆਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਜੇਕਰ ਸੂਬੇ ਦੇ ਸਿੱਖਿਆ ਬੋਰਡ ਵੱਲੋਂ ਹੀ ਅਜਿਹੀਆਂ ਵੱਡੀਆਂ ਗਲਤੀਆਂ ਕੀਤੀਆਂ ਜਾਣਗੀਆਂ ਤਾਂ ਆਉਣ ਵਾਲੀ ਪੀੜ੍ਹੀ ਨੂੰ ਸਹੀ ਜਾਣਕਾਰੀ ਕਿੱਥੋਂ ਮਿਲੇਗੀ?

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News