ਵਰਲਡ ਕੱਪ 'ਚ ਸ਼ੁਭਮਨ ਗਿੱਲ ਨੇ ਬਣਾਇਆ ਅਜਿਹਾ ਰਿਕਾਰਡ, ਜੋ ਕੋਈ ਨਹੀਂ ਬਣਾ ਸਕਿਆ
Tuesday, Jan 30, 2018 - 12:52 PM (IST)

ਨਵੀਂ ਦਿੱਲੀ, (ਬਿਊਰੋ)— ਅੰਡਰ-19 ਵਰਲਡ ਕੱਪ ਦੇ ਸੈਮੀਫਾਈਨਲ 'ਚ ਟੀਮ ਇੰਡੀਆ ਨੇ ਪਾਕਿਸਤਾਨ ਨੂੰ 203 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਸਭ ਤੋਂ ਵੱਡੇ ਹੀਰੋ ਬਣੇ ਟੀਮ ਇੰਡੀਆ ਦੇ ਧਾਕੜ ਬੱਲੇਬਾਜ਼ ਸ਼ੁਭਮਨ ਗਿੱਲ। ਅਜੇ ਤੱਕ ਇਸ ਪੂਰੇ ਟੂਰਨਾਮੈਂਟ 'ਚ ਸ਼ਾਨਦਾਰ ਫਾਰਮ 'ਚ ਚਲ ਰਹੇ ਸ਼ੁਭਮਨ ਨੇ ਇਸ ਮੈਚ 'ਚ ਅਜੇਤੂ 102 ਦੌੜਾਂ ਦੀ ਪਾਰੀ ਖੇਡੀ। ਇਹ ਦੌੜਾਂ ਉਨ੍ਹਾਂ ਨੇ 94 ਗੇਂਦਾਂ 'ਚ ਬਣਾਈਆਂ। ਇਸ 'ਚ 7 ਚੌਕੇ ਸ਼ਾਮਲ ਸਨ। ਇਸ ਦੇ ਨਾਲ ਹੀ ਇਸ ਮੈਚ 'ਚ ਸ਼ੁਭਮਨ ਨੇ ਕਈ ਰਿਕਾਰਡ ਆਪਣੇ ਨਾਂ ਕੀਤੇ ਹਨ।
ਸੁਭਮਨ ਗਿੱਲ ਭਾਰਤ-ਪਾਕਿਸਤਾਨ ਵੱਲੋਂ ਅੰਡਰ-19 ਦੇ ਮੈਚਾਂ 'ਚ ਸੈਂਕੜਾ ਜੜਨ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ ਸਭ ਤੋਂ ਵੱਡਾ ਸਕੋਰ ਬਣਾਉਣ ਦਾ ਰਿਕਾਰਡ ਪਾਕਿਸਤਾਨ ਦੇ ਸਲਮਾਨ ਬਟ ਦੇ ਨਾਂ ਹੈ। ਸਲਮਾਨ ਬਟ ਨੇ 2002 'ਚ 85 ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ।
ਇਸ ਦੇ ਨਾਲ ਹੀ ਅੰਡਰ-19 ਵਰਲਡ ਕੱਪ ਦੇ ਇਤਿਹਾਸ 'ਚ ਸ਼ੁਭਮਨ ਨੇ ਅਜਿਹਾ ਰਿਕਾਰਡ ਕਾਇਮ ਕੀਤਾ, ਜਿਸ ਨੂੰ ਅੱਜ ਤੱਕ ਕੋਈ ਬੱਲੇਬਾਜ਼ ਨਹੀਂ ਬਣਾ ਸਕਿਆ ਹੈ। ਸ਼ੁਭਮਨ ਗਿੱਲ ਅੰਡਰ-19 ਵਰਲਡ ਕੱਪ ਦੇ ਇਤਿਹਾਸ 'ਚ ਅਜਿਹੇ ਇਕੱਲੇ ਬੱਲੇਬਾਜ਼ ਹਨ, ਜਿਨ੍ਹਾਂ ਨੇ ਲਗਾਤਾਰ 6 ਮੈਚਾਂ 'ਚ 50 ਜਾਂ ਇਸ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ ਮੇਹਦੀ ਹਸਨ ਮਿਰਾਜ ਦੇ ਨਾਂ 'ਤੇ ਸੀ। ਉਨ੍ਹਾਂ ਨੇ 50 ਤੋਂ ਜ਼ਿਆਦਾ ਦੇ ਸਕੇਰ 4 ਵਾਰ ਬਣਾਏ ਸਨ।
ਅੰਡਰ-19 ਵਰਲਡ ਕੱਪ ਦੇ ਮੈਚਾਂ 'ਚ ਭਾਰਤ ਵੱਲੋਂ ਸਭ ਤੋਂ ਤੇਜ਼ੀ ਨਾਲ ਸੈਂਕੜਾ ਲਗਾਉਣ ਦੇ ਮਾਮਲੇ 'ਚ ਸ਼ੁਭਮਨ ਗਿੱਲ ਹੁਣ ਤੀਜੇ ਨੰਬਰ 'ਤੇ ਪਹੁੰਚ ਗਏ ਹਨ। ਇਹ ਰਿਕਾਰਡ ਅਜੇ ਤੱਕ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦੇ ਨਾਂ 'ਤੇ ਹੈ। ਉਨ੍ਹਾਂ ਨੇ 2008 'ਚ ਅੰਡਰ-19 ਟੀਮ ਦੀ ਅਗਵਾਈ ਕਰਦੇ ਹੋਏ ਵੈਸਟਇੰਡੀਜ਼ ਦੇ ਖਿਲਾਫ 73 ਗੇਂਦਾਂ 'ਚ ਸੈਂਕੜਾ ਬਣਾਇਆ ਸੀ। ਦੂਜੇ ਨੰਬਰ 'ਤੇ ਰਿਸ਼ਭ ਪੰਤ ਦਾ ਨਾਂ ਆਉਂਦਾ ਹੈ। ਪੰਤ ਨੇ 2016 'ਚ ਨਾਮੀਬੀਆ ਦੇ ਖਿਲਾਫ 82 ਗੇਂਦਾਂ 'ਚ ਸੈਂਕੜਾ ਲਗਾਇਆ ਸੀ।
ਅੰਡਰ-19 ਪੱਧਰ 'ਤੇ ਅਜੇ ਤੱਕ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਸਾਰੇ ਮੈਚਾਂ 'ਚ ਭਾਰਤ ਨੇ 13 'ਚ ਜਿੱਤ ਦਰਜ ਕੀਤੀ ਹੈ, ਜਦਕਿ ਪਾਕਿਸਤਾਨ ਅੱਠ ਮੈਚ ਜਿੱਤਣ 'ਚ ਕਾਮਯਾਬ ਰਿਹਾ ਹੈ। ਪਿਛਲੀ ਵਾਰ ਦੋਵੇਂ ਟੀਮਾਂ 2014 ਅੰਡਰ-19 ਵਰਲਡ ਕੱਪ 'ਚ ਆਹਮੋ-ਸਾਹਮਣੇ ਸਨ। ਭਾਰਤ ਨੇ ਉਸ ਮੈਚ 'ਚ 40 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ।