'ਆਪ' ਨੇ ਪੰਜਾਬ ਨੂੰ 'ਰੰਗਲਾ ਪੰਜਾਬ' ਬਣਾਉਣ ਦੀ ਥਾਂ 'ਕੰਗਲਾ ਪੰਜਾਬ' ਬਣਾ ਦਿੱਤਾ : ਤਰੁਣ ਚੁੱਘ
Saturday, Mar 14, 2026 - 05:27 PM (IST)
ਚੰਡੀਗੜ੍ਹ/ਮੋਗਾ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੋਗਾ ਰੈਲੀ ਨੂੰ ਪੰਜਾਬ ਦੀ ਸਿਆਸਤ 'ਚ ਇੱਕ ਇਤਿਹਾਸਕ ਮੋੜ ਦੱਸਦਿਆਂ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਇਸ ਰੈਲੀ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਬਿਗੁਲ ਵਜਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੋਗਾ ਦੀ ਪਵਿੱਤਰ ਧਰਤੀ 'ਤੇ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਤੋਂ ਇਕੱਠੀ ਹੋਈ ਜਨਤਾ ਦੀ ਆਵਾਜ਼ ਇੱਕ ਸਪੱਸ਼ਟ ਸੰਕੇਤ ਦੇ ਰਹੀ ਹੈ ਕਿ ਸੂਬੇ ਦੇ ਲੋਕ ਹੁਣ ਵੱਡਾ ਬਦਲਾਅ ਚਾਹੁੰਦੇ ਹਨ। ਚੁੱਘ ਅਨੁਸਾਰ ਲੋਕਾਂ ਦੇ ਇਸ ਉਤਸ਼ਾਹ ਤੋਂ ਇਹ ਸਾਫ਼ ਹੁੰਦਾ ਹੈ ਕਿ ਪੰਜਾਬ ਦੀ ਜਨਤਾ ਨੇ ਹੁਣ ਸੂਬੇ 'ਚ ਭਾਜਪਾ ਦੀ ਸਰਕਾਰ ਬਣਾਉਣ ਦਾ ਪੂਰਾ ਮਨ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਮੋਗਾ ਦਾ ਇਤਿਹਾਸ ਰਿਹਾ ਹੈ ਕਿ ਜਦੋਂ ਵੀ ਇੱਥੋਂ ਕੋਈ ਵੱਡੀ ਗਰਜ ਹੋਈ ਹੈ, ਪੰਜਾਬ ਦੀ ਸੱਤਾ 'ਚ ਤਬਦੀਲੀ ਆਈ ਹੈ। ਚੁੱਘ ਨੇ ਅਤੀਤ ਦਾ ਹਵਾਲਾ ਦਿੰਦੇ ਹੋਏ ਯਾਦ ਦਿਵਾਇਆ ਕਿ ਸਾਲ 1996 ਅਤੇ 2006 'ਚ ਭਾਰਤ ਰਤਨ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਇਸੇ ਮੋਗਾ ਦੀ ਧਰਤੀ ਤੋਂ ਵਿਸ਼ਾਲ ਜਨਸਭਾਵਾਂ ਨੂੰ ਸੰਬੋਧਨ ਕੀਤਾ ਸੀ।
ਇਹ ਵੀ ਪੜ੍ਹੋ : ਪੰਜਾਬ : LPG ਗੈਸ ਸੰਕਟ ਵਿਚਾਲੇ ਖ਼ਪਤਕਾਰਾਂ ਨੂੰ ਪਈ ਨਵੀਂ ਮੁਸੀਬਤ, KYC ਦੇ ਨਾਂ 'ਤੇ ਹੁਣ...
ਉਨ੍ਹਾਂ ਰੈਲੀਆਂ ਤੋਂ ਬਾਅਦ ਹੀ ਪੰਜਾਬ ਦੀ ਸਿਆਸਤ 'ਚ ਸੱਤਾ ਪਰਿਵਰਤਨ ਦਾ ਰਾਹ ਪੱਧਰਾ ਹੋਇਆ ਸੀ। ਹੁਣ 2026 'ਚ ਉਸੇ ਮਿੱਟੀ ਤੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੇਰ ਵਰਗੀ ਗਰਜ ਨਾਲ ਪੰਜਾਬ 'ਚ ਬਦਲਾਅ ਦਾ ਬਿਗੁਲ ਫੂਕ ਦਿੱਤਾ ਹੈ। ਚੁੱਘ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ਅੱਜ ਪੰਜਾਬ ਕਰਜ਼ੇ, ਨਸ਼ਿਆਂ, ਭ੍ਰਿਸ਼ਟਾਚਾਰ, ਗੈਂਗਸਟਰਵਾਦ ਅਤੇ ਪ੍ਰਸ਼ਾਸਨਿਕ ਅਰਾਜਕਤਾ ਵਰਗੀਆਂ ਗੰਭੀਰ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨੇ 2022 ਦੀਆਂ ਚੋਣਾਂ ਦੌਰਾਨ ਕੀਤੇ ਆਪਣੇ ਸਾਰੇ ਵਾਅਦਿਆਂ ਨੂੰ ਪੂਰੀ ਤਰ੍ਹਾਂ ਭੁਲਾ ਦਿੱਤਾ ਹੈ। ਚੁੱਘ ਨੇ ਕਿਹਾ ਕਿ ਪੰਜਾਬ ਨੂੰ 'ਰੰਗਲਾ ਪੰਜਾਬ' ਬਣਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਗਏ ਸਨ, ਪਰ ਅਸਲੀਅਤ 'ਚ ਇਸ ਨੂੰ 'ਕੰਗਲਾ ਪੰਜਾਬ' ਬਣਾ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਸੂਬੇ ਸਿਰ ਲਗਾਤਾਰ ਵੱਧਦਾ ਕਰਜ਼ਾ ਅਤੇ ਨੌਜਵਾਨਾਂ 'ਚ ਫੈਲੀ ਨਿਰਾਸ਼ਾ ਇਸ ਸਰਕਾਰ ਦੀ ਵੱਡੀ ਨਾਕਾਮੀ ਦਾ ਸਭ ਤੋਂ ਵੱਡਾ ਸਬੂਤ ਹੈ।
ਇਹ ਵੀ ਪੜ੍ਹੋ : ਅਮਿਤ ਸ਼ਾਹ ਦੀ ਮੋਗਾ ਰੈਲੀ ਇਤਿਹਾਸਕ ਰੈਲੀ ਸਾਬਿਤ ਹੋਵੇਗੀ : ਪਰਮਪਾਲ ਕੌਰ ਸਿੱਧੂ
ਤਰੁਣ ਚੁੱਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸੰਬੋਧਨ ਦਾ ਹਵਾਲਾ ਦਿੰਦੇ ਹੋਏ ਸਪੱਸ਼ਟ ਕੀਤਾ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਸਿਰਫ਼ ਸੱਤਾ ਹਾਸਲ ਕਰਨ ਲਈ ਨਹੀਂ, ਸਗੋਂ ਸੂਬੇ 'ਚ ਬੁਨਿਆਦੀ ਤਬਦੀਲੀ ਲਿਆਉਣ ਲਈ ਚੋਣ ਮੈਦਾਨ 'ਚ ਉਤਰੇਗੀ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ 'ਚ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਸੂਬੇ ਦੇ ਵਿਕਾਸ ਅਤੇ ਸੁਰੱਖਿਆ ਲਈ ਹਰ ਤਰ੍ਹਾਂ ਦੇ ਕਦਮ ਚੁੱਕੇ ਜਾਣਗੇ। ਚੁੱਘ ਨੇ ਦਾਅਵਾ ਕੀਤਾ ਹੈ ਕਿ ਮੋਗਾ 'ਚ ਹੋਈ ਰੈਲੀ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਹੁਣ ਇੱਕ ਫ਼ੈਸਲਾਕੁੰਨ ਬਦਲਾਅ ਵੱਲ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਜਨਤਾ ਹੁਣ ਅਜਿਹੀ ਸਰਕਾਰ ਦੀ ਤਲਾਸ਼ 'ਚ ਹੈ, ਜੋ ਪੰਜਾਬ ਨੂੰ ਮੁੜ ਦੇਸ਼ ਦੇ ਮੋਹਰੀ ਸੂਬਿਆਂ 'ਚ ਸ਼ਾਮਲ ਕਰ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
