ICC ਦਾ ਪਾਕਿਸਤਾਨ ਨੂੰ ਝਟਕਾ, ਵਿਸ਼ਵ ਕੱਪ ਦੇ 2 ਮੈਚਾਂ ਨੂੰ ਲੈ ਕੇ PCB ਦੀ ਅਪੀਲ ਨੂੰ ਕੀਤਾ ਖਾਰਜ
Tuesday, Jun 27, 2023 - 04:03 PM (IST)
ਕਰਾਚੀ (ਭਾਸ਼ਾ)- ਭਾਰਤ ਵਿੱਚ ਹੋਣ ਵਾਲੇ ਇੱਕ ਰੋਜ਼ਾ ਵਿਸ਼ਵ ਕੱਪ ਲਈ ਟੀਮ ਦੇ ਪ੍ਰੋਗਰਾਮ ਅਤੇ ਸਥਾਨਾਂ ਨੂੰ ਲੈ ਕੇ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਵੱਲੋਂ ਉਠਾਏ ਗਏ ਸਾਰੇ ਇਤਰਾਜ਼ਾਂ ਨੂੰ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਖਾਰਜ ਕਰ ਦਿੱਤਾ ਹੈ। ਮੰਗਲਵਾਰ ਨੂੰ ਆਈ.ਸੀ.ਸੀ. ਅਤੇ ਬੀ.ਸੀ.ਸੀ.ਆਈ. (ਭਾਰਤੀ ਕ੍ਰਿਕਟ ਬੋਰਡ) ਵੱਲੋਂ ਜਾਰੀ ਵਿਸ਼ਵ ਕੱਪ ਦੇ ਸ਼ਡਿਊਲ ਵਿੱਚ, ਭਾਰਤ ਦੇ ਖ਼ਿਲਾਫ਼ ਪਾਕਿਸਤਾਨ ਦਾ ਮੈਚ ਅਹਿਮਦਾਬਾਦ ਵਿੱਚ ਤੈਅ ਕੀਤਾ ਗਿਆ ਹੈ ਜਿਵੇਂ ਕਿ ਪਹਿਲਾਂ ਦੇ ਡਰਾਫਟ ਵਿੱਚ ਪ੍ਰਸਤਾਵਿਤ ਸੀ। ਇਸ ਵਿੱਚ ਅਫਗਾਨਿਸਤਾਨ ਅਤੇ ਆਸਟਰੇਲੀਆ ਦੇ ਖਿਲਾਫ ਮੈਚਾਂ ਲਈ ਸਥਾਨ ਬਦਲਣ ਦੀ ਪੀ.ਸੀ.ਬੀ. ਦੀ ਬੇਨਤੀ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਸੁਰੇਸ਼ ਰੈਨਾ ਨੇ ਐਮਸਟਰਡਮ 'ਚ ਖੋਲ੍ਹਿਆ ਰੈਸਟੋਰੈਂਟ, ਕਿਚਨ 'ਚ ਖਾਣਾ ਬਣਾਉਂਦੇ ਆਏ ਨਜ਼ਰ
ਪੀ.ਸੀ.ਬੀ. ਨੇ ਆਈ.ਸੀ.ਸੀ. ਅਤੇ ਬੀ.ਸੀ.ਸੀ.ਆਈ. ਨੂੰ ਅਫਗਾਨਿਸਤਾਨ ਦੇ ਖ਼ਿਲਾਫ਼ ਆਪਣੇ ਮੈਚ ਨੂੰ ਚੇਨਈ ਤੋਂ ਬੈਂਗਲੁਰੂ ਅਤੇ ਆਸਟਰੇਲੀਆ ਦੇ ਖਿਲਾਫ ਮੈਚ ਨੂੰ ਬੈਂਗਲੁਰੂ ਤੋਂ ਚੇਨਈ ਵਿਚ ਮੁੜ ਤੈਅ ਕਰਨ ਲਈ ਕਿਹਾ ਸੀ। ਪਾਕਿਸਤਾਨ ਟੀਮ ਮੈਨੇਜਮੈਂਟ ਨੂੰ ਚਿੰਤਾ ਸੀ ਕਿ ਚੇਪੌਕ (ਚੇਨਈ) ਦੀ ਪਿੱਚ ਸਪਿਨਰਾਂ ਦੀ ਮਦਦਗਾਰ ਹੁੰਦੀ ਹੈ ਅਤੇ ਅਜਿਹੇ ਵਿਚ ਅਫਗਾਨਿਸਤਾਨ ਦੇ ਖਿਲਾਫ ਟੀਮ ਨੂੰ ਨੁਕਸਾਨ ਹੋਵੇਗਾ, ਜਿਸ ਕੋਲ ਸ਼ਾਨਦਾਰ ਸਪਿਨ ਗੇਂਦਬਾਜ਼ ਹਨ। ਆਈ.ਸੀ.ਸੀ. ਨੇ ਹਾਲਾਂਕਿ ਪਾਕਿਸਤਾਨ ਦੇ ਕਿਸੇ ਵੀ ਇਤਰਾਜ਼ ਜਾਂ ਬੇਨਤੀ 'ਤੇ ਧਿਆਨ ਨਹੀਂ ਦਿੱਤਾ ਅਤੇ ਇੱਥੇ ਤੱਕ ਕਿ ਸੈਮੀਫਾਈਨਲ ਮੈਚ ਵੀ ਮੁੰਬਈ ਅਤੇ ਕੋਲਕਾਤਾ ਵਿੱਚ ਤੈਅ ਕੀਤਾ ਹੈ। ਪੀ.ਸੀ.ਬੀ. ਨੇ ਆਈ.ਸੀ.ਸੀ. ਨੂੰ ਕਿਹਾ ਸੀ ਕਿ ਉਹ ਸਿਆਸੀ ਅਤੇ ਕੂਟਨੀਤਕ ਕਾਰਨਾਂ ਕਰਕੇ ਮੁੰਬਈ ਵਿੱਚ ਖੇਡਣ ਵਿਚ ਸਹਿਜ ਨਹੀਂ ਹੈ।
ਇਹ ਵੀ ਪੜ੍ਹੋ: ਧੋਨੀ ਨੇ ਵਧਾਈ 'Candy Crush' ਦੀ ਮੰਗ, 3 ਘੰਟਿਆਂ 'ਚ 30 ਲੱਖ ਤੋਂ ਵੱਧ ਲੋਕਾਂ ਨੇ ਗੇਮ ਕੀਤੀ ਡਾਊਨਲੋਡ
ਆਈ.ਸੀ.ਸੀ. ਵੱਲੋਂ ਪਾਕਿਸਤਾਨ ਦੀ ਬੇਨਤੀ 'ਤੇ ਵਿਚਾਰ ਨਾ ਕਰਨ ਦੀ ਉਮੀਦ ਪਹਿਲਾਂ ਹੀ ਕੀਤੀ ਰਹੀ ਸੀ, ਕਿਉਂਕਿ ਉਹ ਆਮ ਤੌਰ 'ਤੇ ਸੰਭਾਵੀ ਸੁਰੱਖਿਆ ਖਤਰੇ 'ਤੇ ਹੀ ਆਯੋਜਨ ਸਥਾਨਾਂ ਨੂੰ ਬਦਲਣ 'ਤੇ ਵਿਚਾਰ ਕਰਦਾ ਹੈ। ਪੀ.ਸੀ.ਬੀ. ਚੇਅਰਮੈਨ ਦੇ ਅਹੁਦੇ ਲਈ ਚੋਣ 17 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਅਜਿਹੇ ਵਿਚ ਇਹ ਦੇਖਣਾ ਬਾਕੀ ਹੈ ਕਿ ਬੋਰਡ ਵਿਸ਼ਵ ਕੱਪ ਦੇ ਪ੍ਰੋਗਰਾਮ ਦੇ ਐਲਾਨ 'ਤੇ ਕੀ ਪ੍ਰਤੀਕਿਰਿਆ ਦਿੰਦਾ ਹੈ। ਬੋਰਡ ਦੇ ਇੱਕ ਅਧਿਕਾਰਤ ਸੂਤਰ ਨੇ ਸਪੱਸ਼ਟ ਕੀਤਾ ਕਿ ਸ਼ਡਿਊਲ ਨੂੰ ਮਨਜ਼ੂਰੀ ਲਈ ਸਰਕਾਰ ਕੋਲ ਭੇਜਿਆ ਜਾਵੇਗਾ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।