ਇਆਨ ਚੈਪਲ ਨੇ ਕ੍ਰਿਕਟ ਕਮੈਂਟਰੀ ਨੂੰ ਕਿਹਾ ਅਲਵਿਦਾ

Tuesday, Aug 16, 2022 - 12:42 PM (IST)

ਇਆਨ ਚੈਪਲ ਨੇ ਕ੍ਰਿਕਟ ਕਮੈਂਟਰੀ ਨੂੰ ਕਿਹਾ ਅਲਵਿਦਾ

ਮੈਲਬੌਰਨ (ਏਜੰਸੀ)- ਆਸਟ੍ਰੇਲੀਆ ਦੇ ਸਾਬਕਾ ਕਪਤਾਨ ਅਤੇ ਮਸ਼ਹੂਰ ਕੁਮੈਂਟੇਟਰ ਇਆਨ ਚੈਪਲ ਨੇ ਲਗਭਗ 45 ਸਾਲ ਮਾਈਕ ਸੰਭਾਲਣ ਤੋਂ ਬਾਅਦ ਕ੍ਰਿਕਟ ਕਮੈਂਟਰੀ ਨੂੰ ਅਲਵਿਦਾ ਕਹਿਣ ਦਾ ਫੈਸਲਾ ਕੀਤਾ ਹੈ। ਰਿਚੀ ਬੇਨੋ, ਬਿਲ ਲਾਰੀ ਅਤੇ ਟੋਨੀ ਗ੍ਰੇਗ ਨਾਲ ਮਿਲ ਕੇ ਚੈਪਲ ਨੇ ਕਮੈਂਟਰੀ ਦੀ ਮਸ਼ਹੂਰ ਟੀਮ ਬਣਾਈ ਸੀ। ਚੈਪਲ ਨੂੰ 2019 ਵਿੱਚ ਚਮੜੀ ਦੇ ਕੈਂਸਰ ਦਾ ਪਤਾ ਲੱਗਾ ਸੀ ਅਤੇ ਇਸ ਬਿਮਾਰੀ ਤੋਂ ਠੀਕ ਹੋਣ ਵਿੱਚ ਉਨ੍ਹਾਂ ਨੂੰ 5 ਮਹੀਨੇ ਲੱਗ ਗਏ ਸਨ।

ਸਿਡਨੀ ਮਾਰਨਿੰਗ ਹੇਰਾਲਡ ਮੁਤਾਬਕ ਚੈਪਲ ਨੇ ਕਿਹਾ, "ਜਦੋਂ ਕਮੈਂਟਰੀ ਦੀ ਗੱਲ ਆਉਂਦੀ ਹੈ ਤਾਂ ਮੈਂ ਇਸ ਬਾਰੇ ਸੋਚ ਰਿਹਾ ਸੀ।" ਉਨ੍ਹਾਂ ਕਿਹਾ, 'ਕੁੱਝ ਸਾਲ ਪਹਿਲਾਂ ਮੈਂ ਬੀਮਾਰ ਹੋਇਆ ਸੀ ਪਰ ਖ਼ੁਸ਼ਕਿਸਮਤੀ ਰਹੀ ਕਿ ਉਸ ਤੋਂ ਉਭਰਨ ਵਿਚ ਸਫ਼ਲ ਰਿਹਾ ਪਰ ਹੁਣ ਚੀਜ਼ਾਂ ਮੁਸ਼ਕਲ ਹੋ ਰਹੀਆਂ ਹਨ ਅਤੇ ਮੈਂ ਸੋਚਿਆ ਕਿ ਇੰਨਾ ਸਫ਼ਰ ਅਤੇ ਪੌੜੀਆਂ ਚੜ੍ਹਨ ਵਰਗੀਆਂ ਚੀਜ਼ਾਂ ਹੁਣ ਮੇਰੇ ਲਈ ਮੁਸ਼ਕਲ ਹੁੰਦੀਆਂ ਜਾ ਰਹੀਆਂ ਹਨ।'

ਚੈਪਲ ਨੇ ਕਿਹਾ, 'ਫਿਰ ਮੈਂ ਪੜ੍ਹਿਆ ਕਿ ਰੈਬਿਟਸ (ਰਗਬੀ ਲੀਗ ਕਮੈਂਟੇਟਰ ਰੇ ਵਾਰੇਨ) ਦਾ ਰਿਟਾਇਰਮੈਂਟ ਬਾਰੇ ਕੀ ਕਹਿਣਾ ਸੀ ਅਤੇ ਮੈਨੂੰ ਉਨ੍ਹਾਂ ਦੀ ਗੱਲ ਪਸੰਦ ਆਈ। ਉਨ੍ਹਾਂ ਕਿਹਾ ਸੀ ਕਿ ਤੁਸੀਂ ਗ਼ਲਤੀ ਕਰਨ ਤੋਂ ਸਿਰਫ਼ ਇੱਕ ਵਾਕ ਦੂਰ ਹੁੰਦੇ ਹੋ।' ਚੈਪਲ 78 ਸਾਲ ਦੇ ਹੋ ਗਏ ਹਨ। ਉਨ੍ਹਾਂ ਨੇ  1964 ਅਤੇ 1980 ਦੇ ਵਿਚਕਾਰ ਇੱਕ ਸਿਖਰਲੇ ਕ੍ਰਮ ਦੇ ਬੱਲੇਬਾਜ਼ ਵਜੋਂ ਟੈਸਟ ਕ੍ਰਿਕਟ ਵਿੱਚ 5345 ਦੌੜਾਂ ਬਣਾਈਆਂ ਸਨ। ਉਨ੍ਹਾਂ ਨੇ 30 ਟੈਸਟ ਮੈਚਾਂ ਵਿੱਚ ਆਸਟਰੇਲੀਆ ਦੀ ਕਪਤਾਨੀ ਵੀ ਕੀਤੀ ਸੀ। ਉਨ੍ਹਾਂ ਨੇ 30 ਵਨਡੇ ਵੀ ਖੇਡੇ ਅਤੇ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਇੱਕ ਕਮੈਂਟੇਟਰ ਬਣ ਗਏ ਸਨ।


author

cherry

Content Editor

Related News