ਹਾਕੀ ਪ੍ਰੋ ਲੀਗ : ਭਾਰਤ ਦੀਆਂ ਪੁਰਸ਼ ਤੇ ਮਹਿਲਾ ਟੀਮਾਂ ਨੂੰ ਯੂਰਪੀਅਨ ਗੇੜ ਦਾ ਫਾਇਦਾ ਚੁੱਕਣ ਦੀ ਉਮੀਦ
Tuesday, May 21, 2024 - 08:14 PM (IST)

ਐਂਟਵਰਪ (ਬੈਲਜੀਅਮ), (ਭਾਸ਼ਾ)– ਭਾਰਤੀ ਪੁਰਸ਼ ਹਾਕੀ ਟੀਮ ਓਲੰਪਿਕ ਤੋਂ ਪਹਿਲਾਂ ਬੁੱਧਵਾਰ ਨੂੰ ਅਰਜਨਟੀਨਾ ਵਿਰੁੱਧ ਮੁਕਾਬਲੇ ਨਾਲ ਸ਼ੁਰੂ ਹੋ ਰਹੀ ਐੱਫ. ਆਈ. ਐੱਚ. ਪ੍ਰੋ ਲੀਗ ਦੇ ਮੁਸ਼ਕਿਲ ਯੂਰਪੀਅਨ ਗੇੜ ਦੌਰਾਨ ਆਪਣੀਆਂ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੇਗੀ। ਭਾਰਤੀ ਮਹਿਲਾ ਹਾਕੀ ਟੀਮ ਦੀ ਨਵੀਂ ਕਪਤਾਨ ਸਲੀਮਾ ਟੇਟੇ ਦੀ ਅਗਵਾਈ ਵਿਚ ਜਦੋਂ ਅਰਜਨਟੀਨਾ ਨਾਲ ਭਿੜੇਗੀ ਤਾਂ ਪੈਰਿਸ ਖੇਡਾਂ ਲਈ ਕੁਆਲੀਫਾਈ ਨਾ ਕਰ ਸਕਣ ਦੀ ਨਿਰਾਸ਼ਾ ਤੋਂ ਉੱਭਰਨ ਦੀ ਕੋਸ਼ਿਸ਼ ਕਰੇਗੀ।
ਡ੍ਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਪੁਰਸ਼ ਟੀਮ ਆਸਟ੍ਰੇਲੀਆ ਹੱਥੋਂ ਟੈਸਟ ਸੀਰੀਜ਼ ਵਿਚ 0-5 ਨਾਲ ਸੂਪੜਾ ਸਾਫ ਹੋਣ ਤੋਂ ਬਾਅਦ ਇਸ ਟੂਰਨਾਮੈਂਟ ਵਿਚ ਖੇਡਦੇ ਹੋਏ ਨਜ਼ਰ ਆਵੇਗੀ ਤੇ ਪੈਰਿਸ ਖੇਡਾਂ ਤੋਂ ਪਹਿਲਾਂ ਜਿੱਤ ਦੇ ਰਸਤੇ ’ਤੇ ਪਰਤਣ ਲਈ ਯੂਰਪ ਵਿਚ ਮਿਲੇ ਮੌਕੇ ਦਾ ਪੂਰਾ ਫਾਇਦਾ ਚੁੱਕਣਾ ਚਾਹੇਗੀ।