ਪੰਜਾਬ ''ਚ ਕੂੜੇ ਦੇ ਪਹਾੜਾਂ ਦੀ ਚੁਣੌਤੀ : 2027 ਤੱਕ ਹੀ ਮੁਕੰਮਲ ਸਫ਼ਾਈ ਦੀ ਉਮੀਦ

Wednesday, Mar 04, 2026 - 12:43 PM (IST)

ਪੰਜਾਬ ''ਚ ਕੂੜੇ ਦੇ ਪਹਾੜਾਂ ਦੀ ਚੁਣੌਤੀ : 2027 ਤੱਕ ਹੀ ਮੁਕੰਮਲ ਸਫ਼ਾਈ ਦੀ ਉਮੀਦ

ਚੰਡੀਗੜ੍ਹ : ਪੰਜਾਬ ਦੇ ਸ਼ਹਿਰਾਂ 'ਚ ਸਾਲਾਂ ਤੋਂ ਜਮ੍ਹਾਂ ਹੋਇਆ 41.11 ਲੱਖ ਮੀਟ੍ਰਿਕ ਟਨ 'ਲੈਗੇਸੀ ਵੇਸਟ' (ਪੁਰਾਣਾ ਕੂੜਾ) ਪ੍ਰਸ਼ਾਸਨ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ। ਸਰਕਾਰੀ ਰਿਪੋਰਟ ਅਨੁਸਾਰ ਇਸ ਕੂੜੇ ਦਾ ਮੁਕੰਮਲ ਨਿਪਟਾਰਾ ਅਪ੍ਰੈਲ 2027 ਤੱਕ ਹੀ ਹੋਣ ਦੀ ਸੰਭਾਵਨਾ ਹੈ। ਇਸ ਕੂੜੇ 'ਚ ਨਗਰ ਨਿਗਮ ਦੀ ਰਹਿੰਦ-ਖੂੰਹਦ, ਉਦਯੋਗਿਕ ਕੂੜਾ ਅਤੇ ਉਸਾਰੀ ਦਾ ਮਲਬਾ ਸ਼ਾਮਲ ਹੈ, ਜੋ ਧਰਤੀ ਹੇਠਲੇ ਪਾਣੀ ਨੂੰ ਦੂਸ਼ਿਤ ਕਰਨ ਅਤੇ ਅੱਗ ਲੱਗਣ ਵਰਗੇ ਗੰਭੀਰ ਵਾਤਾਵਰਣ ਖ਼ਤਰੇ ਪੈਦਾ ਕਰਦਾ ਹੈ। 
ਰੋਜ਼ਾਨਾ ਪੈਦਾ ਹੋਣ ਵਾਲੇ ਕੂੜੇ ਦੇ ਨਿਪਟਾਰੇ 'ਚ 90 ਫ਼ੀਸਦੀ ਸਫ਼ਲਤਾ
ਸੂਬੇ ਦੀਆਂ 166 ਸ਼ਹਿਰੀ ਸਥਾਨਕ ਇਕਾਈਆਂ 'ਚ ਰੋਜ਼ਾਨਾ 4,008 ਟਨ ਠੋਸ ਕੂੜਾ ਪੈਦਾ ਹੁੰਦਾ ਹੈ। ਰਾਹਤ ਦੀ ਗੱਲ ਇਹ ਹੈ ਕਿ ਇਸ ਵਿੱਚੋਂ 89.95 ਫ਼ੀਸਦੀ (ਲਗਭਗ 3,605 ਟਨ) ਕੂੜੇ ਨੂੰ ਰੋਜ਼ਾਨਾ ਪ੍ਰੋਸੈੱਸ ਕੀਤਾ ਜਾ ਰਿਹਾ ਹੈ। ਹਾਲਾਂਕਿ ਅਜੇ ਵੀ ਰੋਜ਼ਾਨਾ 403 ਟਨ ਕੂੜੇ ਦਾ ਪਾੜਾ ਬਾਕੀ ਹੈ, ਜਿਸ ਨੂੰ ਪੂਰਾ ਕਰਨ ਲਈ ਬੁਨਿਆਦੀ ਢਾਂਚੇ 'ਚ ਸੁਧਾਰ ਕੀਤਾ ਜਾ ਰਿਹਾ ਹੈ।
ਸੀਵਰੇਜ ਟ੍ਰੀਟਮੈਂਟ 'ਚ 210 ਐੱਮ. ਐੱਲ.  ਡੀ. ਦੀ ਕਮੀ 
ਕੂੜੇ ਦੇ ਨਾਲ-ਨਾਲ ਸੀਵਰੇਜ ਪ੍ਰਬੰਧਨ ਵੀ ਇੱਕ ਵੱਡੀ ਸਮੱਸਿਆ ਹੈ। ਪੰਜਾਬ ਦੇ ਸ਼ਹਿਰੀ ਖੇਤਰਾਂ 'ਚ ਰੋਜ਼ਾਨਾ 2,219.91 ਐੱਮ. ਐੱਲ. ਡੀ. ਸੀਵਰੇਜ ਪੈਦਾ ਹੁੰਦਾ ਹੈ, ਜਿਸ ਵਿੱਚੋਂ 2,000.50 ਐੱਮ. ਐੱਲ. ਡੀ. ਨੂੰ ਹੀ ਸੋਧਿਆ (ਜਾ ਰਿਹਾ ਹੈ। ਸੂਬੇ 'ਚ ਅਜੇ ਵੀ 210.41 ਐੱਮ. ਐੱਲ. ਡੀ. ਸੀਵਰੇਜ ਦੇ ਟ੍ਰੀਟਮੈਂਟ ਦੀ ਕਮੀ ਹੈ। ਇਸ ਘਾਟ ਨੂੰ ਪੂਰਾ ਕਰਨ ਲਈ 35 ਨਵੇਂ ਸੀਵਰੇਜ ਟ੍ਰੀਟਮੈਂਟ ਪਲਾਂਟ ਉਸਾਰੀ ਅਧੀਨ ਹਨ ਅਤੇ 30 ਹੋਰ ਯੋਜਨਾਬੱਧ ਕੀਤੇ ਗਏ ਹਨ।
ਐੱਨ. ਜੀ. ਟੀ. ਦੇ ਨਿਰਦੇਸ਼ਾਂ ਤਹਿਤ ਸਖ਼ਤ ਕਾਰਵਾਈ 
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਨਿਰਦੇਸ਼ਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਕੂੜੇ ਦੇ ਅੰਕੜਿਆਂ ਦਾ ਮੁੜ ਮੁਲਾਂਕਣ ਕੀਤਾ ਹੈ। ਸਰਕਾਰ ਨੇ ਟ੍ਰਿਬੀਊਨਲ ਨੂੰ ਭਰੋਸਾ ਦਿੱਤਾ ਹੈ ਕਿ ਕੂੜੇ ਨੂੰ ਵੱਖ ਕਰਨ ਅਤੇ ਪ੍ਰੋਸੈੱਸਿੰਗ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਤਾਂ ਜੋ ਡੰਪ ਸਾਈਟਾਂ ਦਾ ਹੋਰ ਵਿਸਥਾਰ ਨਾ ਹੋਵੇ ਅਤੇ ਨਵਾਂ ਲੈਗੇਸੀ ਵੇਸਟ ਪੈਦਾ ਨਾ ਹੋਵੇ। ਚਾਰ ਸ਼ਹਿਰਾਂ ਵਿੱਚ ਜ਼ਮੀਨ ਦੀ ਉਪਲੱਬਧਤਾ ਨਾ ਹੋਣਾ ਅਜੇ ਵੀ ਨਵੇਂ ਪਲਾਂਟ ਲਗਾਉਣ ਵਿੱਚ ਇੱਕ ਵੱਡੀ ਰੁਕਾਵਟ ਹੈ।


 


author

Babita

Content Editor

Related News