ਹਰਮਨਪ੍ਰੀਤ ਅਤੇ ਸਮ੍ਰਿਤੀ ਨੇ ਲਾਏ ਅਰਧ-ਸੈਂਕੜੇ
Monday, Dec 10, 2018 - 12:45 AM (IST)

ਸਿਡਨੀ— ਭਾਰਤੀ ਮਹਿਲਾ ਟੀ-20 ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਅਤੇ ਉਪ-ਕਪਤਾਨ ਸਮ੍ਰਿਤੀ ਮੰਧਾਨਾ ਦੇ ਅਰਧ-ਸੈਂਕੜਿਆਂ ਨਾਲ ਉਨ੍ਹਾਂ ਦੀ ਟੀਮ ਨੇ ਮਹਿਲਾ ਬਿੱਗ ਬੈਸ਼ ਟੀ-20 ਲੀਗ 'ਚ ਜਿੱਤ ਦਰਜ ਕੀਤੀ।
ਹਰਮਨਪ੍ਰੀਤ ਨੇ 26 ਗੇਂਦਾਂ 'ਚ 56 ਦੌੜਾਂ ਦੀ ਪਾਰੀ ਖੇਡੀ। ਇਸ ਨਾਲ ਸਿਡਨੀ ਥੰਡਰ ਨੇ ਬ੍ਰਿਸਬੇਨ ਹੀਟ ਵਿਰੁੱਧ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ 'ਚ 4 ਵਿਕਟਾਂ 'ਤੇ 192 ਦੌੜਾਂ ਬਣਾਈਆਂ।
ਸਿਡਨੀ ਥੰਡਰ ਨੇ ਇਸ ਤੋਂ ਬਾਅਦ ਬ੍ਰਿਸਬੇਨ ਹੀਟ ਨੂੰ ਨਾਰਥ ਸਿਡਨੀ ਓਵਲ ਮੈਦਾਨ 'ਤੇ 18.5 ਓਵਰਾਂ ਵਿਚ 164 ਦੌੜਾਂ 'ਤੇ ਸਮੇਟ ਕੇ 28 ਦੌੜਾਂ ਨਾਲ ਜਿੱਤ ਦਰਜ ਕੀਤੀ।
ਸਮ੍ਰਿਤੀ ਆਪਣੀ ਟੀਮ ਹੋਬਾਰਟ ਹਰੀਕੇਨਸ ਵਲੋਂ ਚੋਟੀ ਦੀ ਸਕੋਰਰ ਰਹੀ। ਉਸ ਨੇ 41 ਗੇਂਦਾਂ ਵਿਚ 69 ਦੌੜਾਂ ਬਣਾਈਆਂ। ਇਸ ਨਾਲ ਉਸ ਦੀ ਟੀਮ ਮੈਲਬੋਰਨ ਸਟਾਰਸ ਵਿਰੁੱਧ ਵੈਸਟ ਪਾਰਕ ਓਵਲ ਵਿਚ 6 ਵਿਕਟਾਂ 'ਤੇ 196 ਦੌੜਾਂ ਬਣਾਉਣ ਵਿਚ ਸਫਲ ਰਹੀ। ਸਮ੍ਰਿਤੀ ਨੇ ਆਪਣੀ ਪਾਰੀ ਵਿਚ 13 ਚੌਕੇ ਜੜੇ। ਹੋਬਾਰਟ ਦੀ ਟੀਮ ਨੇ ਇਸ ਤੋਂ ਬਾਅਦ ਮੈਲਬੋਰਨ ਸਟਾਰਸ ਨੂੰ 16.5 ਓਵਰਾਂ 'ਚ 124 ਦੌੜਾਂ 'ਤੇ ਢੇਰ ਕਰ ਕੇ 72 ਦੌੜਾਂ ਦੀ ਵੱਡੀ ਜਿੱਤ ਦਰਜ ਕੀਤੀ।