''ਆਪ'' ਸਰਕਾਰ ਹੇਠ ਪੰਜਾਬ ''ਬੇਗਮ ਪੁਰਾ'' ਨਹੀਂ, ਡਰ ਅਤੇ ਅਸੁਰੱਖਿਆ ਦਾ ਕੇਂਦਰ ਬਣਿਆ: ਅਸ਼ਵਨੀ ਸ਼ਰਮਾ
Saturday, Feb 07, 2026 - 04:48 PM (IST)
ਚੰਡੀਗੜ੍ਹ: ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਕੇਵਲ ਅਧਿਆਤਮਿਕ ਮਾਰਗਦਰਸ਼ਨ ਹੀ ਨਹੀਂ, ਸਗੋਂ ਇਕ ਆਦਰਸ਼ ਸਮਾਜ ਦੀ ਸਿਰਜਣਾ ਦਾ ਰਾਹ ਵੀ ਦਿਖਾਉਂਦੀ ਹੈ। ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦਾ। ਉਹ ਅੱਜ ਗੁਰੂ ਰਵਿਦਾਸ ਮਹਾਰਾਜ ਦੇ 649ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੰਡੀਗੜ੍ਹ ਵਿਖੇ ਪੰਜਾਬ ਭਾਜਪਾ ਦੇ ਸੂਬਾ ਹੈੱਡਕੁਆਰਟਰ ਵਿਚ ਐੱਸ.ਸੀ. ਮੋਰਚਾ ਪੰਜਾਬ ਭਾਜਪਾ ਵੱਲੋਂ ਆਯੋਜਿਤ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।

ਐੱਸ. ਸੀ. ਮੋਰਚਾ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਐੱਸ. ਆਰ. ਲੱਦਰ ਦੀ ਹਾਜ਼ਰੀ 'ਚ ਸ਼ਰਮਾ ਨੇ ਕਿਹਾ ਕਿ ਅੱਜ ਦੇ ਪੰਜਾਬ ਦੇ ਹਾਲਾਤ, ਖਾਸ ਕਰਕੇ ਲਾਅ ਐਂਡ ਆਰਡਰ ਅਤੇ ਸਮਾਜਿਕ ਤਾਣੇ-ਬਾਣੇ ਨੂੰ ਦੇਖਦਿਆਂ, ਗੁਰੂ ਰਵਿਦਾਸ ਜੀ ਦੀ ਬਾਣੀ ਵਿੱਚੋਂ ਸਭ ਤੋਂ ਢੁਕਵਾਂ ਸ਼ਬਦ “ਬੇਗਮਪੁਰਾ” ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੇ ਪੰਜਾਬ ਦੀ ਮੌਜੂਦਾ ਸਥਿਤੀ ਵੱਲ ਵੇਖਦੇ ਹਾਂ, ਜਿੱਥੇ ਆਏ ਦਿਨ ਅਮਨ-ਕਾਨੂੰਨ ਦੀਆਂ ਧੱਜੀਆਂ ਉੱਡ ਰਹੀਆਂ ਹਨ, ਨੌਜਵਾਨੀ ਨਸ਼ਿਆਂ ਅਤੇ ਗੈਂਗਸਟਰਵਾਦ ਵੱਲ ਵੱਧ ਰਹੀ ਹੈ ਅਤੇ ਆਮ ਆਦਮੀ ਅਸੁਰੱਖਿਆ ਦੇ ਮਾਹੌਲ ਵਿਚ ਜੀ ਰਹਿਆ ਹੈ, ਤਾਂ ਗੁਰੂ ਰਵਿਦਾਸ ਜੀ ਦੇ ਪਵਿੱਤਰ ਬਚਨ ਯਾਦ ਆਉਂਦੇ ਹਨ— “ਬੇਗਮ ਪੁਰਾ ਸਹਰ ਕੋ ਨਾਉ ॥ ਦੂਖੁ ਅੰਦੋਹੁ ਨਹੀਂ ਤਿਹਿ ਠਾਉ॥”
ਉਨ੍ਹਾਂ ਕਿਹਾ ਕਿ ਗੁਰੂ ਜੀ ਨੇ ਇਕ ਅਜਿਹੇ ਸਮਾਜ ਦੀ ਕਲਪਨਾ ਕੀਤੀ ਸੀ ਜਿੱਥੇ ਨਾ ਕੋਈ ਡਰ ਹੋਵੇ ਤੇ ਨਾ ਕੋਈ ਜ਼ਬਰਦਸਤੀ ਵਸੂਲੀ। ਪਰ ਅੱਜ ਪੰਜਾਬ ਵਿਚ ਵਪਾਰੀ ਫਿਰੌਤੀਆਂ ਤੋਂ ਡਰੇ ਹੋਏ ਹਨ ਅਤੇ ਮਾਪੇ ਆਪਣੇ ਬੱਚਿਆਂ ਦੀ ਸੁਰੱਖਿਆ ਲਈ ਚਿੰਤਤ ਹਨ। ਗੁਰੂ ਜੀ ਦੇ ਬਚਨ “ਨਾ ਤਸਵੀਸ ਖਿਰਾਜੁ ਨ ਮਾਲੁ ॥ ਖਉਫੁ ਨ ਖਤਾ ਨ ਤਰਸੁ ਜਵਾਲੁ ॥” ਅੱਜ ਵੀ ਸਾਨੂੰ ਰਾਹ ਦਿਖਾਉਂਦੇ ਹਨ। ਸ਼ਰਮਾ ਨੇ ਕਿਹਾ ਕਿ ਪੰਜਾਬ ਵਿਚ ਵੱਧ ਰਹੇ ਸਮਾਜਿਕ ਪਾੜੇ ਦਾ ਹੱਲ ਗੁਰੂ ਜੀ ਦੇ ਸਮਾਨਤਾ ਦੇ ਸਿਧਾਂਤ ਵਿਚ ਹੈ — “ਕਾਇਮੁ ਦਾਇਮੁ ਸਦਾ ਪਾਤਿਸਾਹੀ ॥ ਡੋਮ ਨ ਸੇਮ ਏਕ ਸੋ ਆਹੀ ॥”। ਜਦੋਂ ਕਾਨੂੰਨ ਸਭ ਲਈ ਇਕਸਾਰ ਹੋਵੇਗਾ, ਤਦ ਹੀ ਸਥਿਰਤਾ ਆਵੇਗੀ।

ਅੰਤ ਵਿਚ ਸ਼ਰਮਾ ਨੇ ਕਿਹਾ ਕਿ ਜੇਕਰ ਇੱਕ ਆਮ ਨਾਗਰਿਕ ਰਾਤ ਸਮੇਂ ਬਿਨਾਂ ਡਰ ਦੇ ਸੜਕ 'ਤੇ ਨਹੀਂ ਤੁਰ ਸਕਦਾ, ਤਾਂ ਅਸੀਂ ਅਜੇ ਵੀ “ਬੇਗਮ ਪੁਰਾ” ਦੇ ਸੰਕਲਪ ਤੋਂ ਦੂਰ ਹਾਂ ਅਤੇ ਗੁਰੂ ਰਵਿਦਾਸ ਜੀ ਦੇ ਉਪਦੇਸ਼ਾਂ ਨੂੰ ਅਪਣਾਉਣ ਦੀ ਲੋੜ ਹੈ। ਇਸ ਮੌਕੇ ਉਚੋਚੇ ਤੌਰ 'ਤੇ ਹਾਜ਼ਰ ਸੀ ਸੂਬਾ ਜਨਰਲ ਸਕੱਤਰ ਸੰਗਠਨ ਮੰਥਰਿ ਸ਼੍ਰੀਨਿਵਾਸ ਸੁੱਲੁ, ਸੂਬਾ ਕੋਰ ਕਮੇਟੀ ਮੈਂਬਰ ਕੇਵਲ ਸਿੰਘ ਢਿੱਲੋਂ ਅਤੇ ਪੀ.ਐੱਸ. ਗਿੱਲ, ਸਾਬਕਾ ਮੰਤਰੀ ਸੁਰਜੀਤ ਜਿਆਨੀ, ਨੈਸ਼ਨਲ ਕੌਂਸਲ ਮੈਂਬਰ ਬੀਬੀ ਅਮਨਜੋਤ ਰਾਮੂਵਾਲੀਆ, ਸੂਬਾ ਮੀਤ ਪ੍ਰਧਾਨ ਜੈਸਮੀਨ ਸੰਧੇਵਾਲੀਆ, ਸਾਬਕਾ ਵਿਧਾਇਕ ਹਰਜੋਤ ਕਮਲ, ਸੂਬਾ ਮੀਡੀਆ ਮੁਖੀ ਵਿਨੀਤ ਜੋਸ਼ੀ, ਐਸੀ ਮੋਰਚਾ ਦੇ ਸੂਬਾ ਮੀਤ ਪ੍ਰਧਾਨ ਪਰਮਜੀਤ ਕੈਂਥ ਤੇ ਹੋਰ ਪਤਵੰਤੇ ਲੀਡਰ ਤੇ ਵਰਕਰ ਸਾਹਿਬਾਨ।
