ਕਿਸਾਨਾਂ ਅਤੇ ਪਾਵਰਕਾਮ ਮੁਲਾਜ਼ਮ ਜਥੇਬੰਦੀਆਂ ਨੇ ਪੰਜਾਬ ਤੇ ਕੇਂਦਰ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ
Thursday, Feb 12, 2026 - 02:29 PM (IST)
ਭਵਾਨੀਗੜ੍ਹ (ਕਾਂਸਲ)- ਟਰੇਡ ਯੂਨੀਅਨਾਂ ਵੱਲੋਂ ਅੱਜ ਭਾਰਤ ਬੰਦ ਦੇ ਦਿੱਤੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਪਾਵਰਕਾਮ ਦੇ ਮੁਲਾਜ਼ਮਾਂ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਸਥਾਨਕ ਸੰਗਰੂਰ ਰੋਡ ਉਪਰ ਸਥਿਤ ਪਾਵਰਕਾਮ ਦੇ ਦਫ਼ਤਰ ਅੱਗੇ ਰੋਸ ਧਰਨਾ ਦਿੰਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਪਾਵਰਕਾਮ ਠੇਕਾ ਮੁਲਾਜ਼ਮ ਆਗੂ ਜੁਗਰਾਜ ਸਿੰਘ, ਟੈਕਨੀਕਲ ਸਰਵਿਸ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਆਈ.ਟੀ.ਆਈ. ਇੰਪਲਾਈਜ਼ ਐਸੋਸੀਏਸ਼ਨ ਦੇ ਸਬ ਡਵੀਜ਼ਨ ਪ੍ਰਧਾਨ ਰਾਜਿੰਦਰ ਸਿੰਘ ਨੇ ਭਾਰਤ ਅਮਰੀਕਾਂ ਵਾਪਰਕ ਸਮਝੌਤੇ ਦੀ ਤਿੱਖੇ ਸਬਦਾਂ ’ਚ ਨਿਖੇਧੀ ਕਰਦਿਆਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਨਾਲ ਕੀਤਾ ਗਿਆ ਵਪਾਰਕ ਸਮਝੌਤਾ ਸਾਡੇ ਦੇਸ਼ ਦੀ ਆਰਥਿਕਤਾ ਨੂੰ ਪੂਰੀ ਤਰ੍ਹਾਂ ਕਮਜੋਰ ਕਰ ਦੇਵਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨਿੱਤ ਵੱਖ-ਵੱਖ ਦੇਸ਼ਾਂ ਨਾਲ ਵਪਾਰਕ ਸਮਝੌਤੇ ਕਰਕੇ ਅਤੇ ਨਵੇਂ ਨਵੇਂ ਕਾਨੂੰਨ ਬਣਾ ਕੇ ਦੇਸ਼ ਦੇ ਕਿਸਾਨ ਅਤੇ ਕਿਰਤੀ ਵਰਗ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਘੜ ਰਹੀ ਹੈ। ਉਨ੍ਹਾਂ ਇਸ ਵਪਾਰਕ ਸਮਝੌਤੇ ਨੂੰ ਰੱਦ ਕਰਵਾਉਣ ਲਈ ਦੇਸ਼ ਦੇ ਕਿਸਾਨਾਂ ਅਤੇ ਕਿਰਤੀਆਂ ਨੂੰ ਇੱਕ ਮੰਚ ’ਤੇ ਇਕੱਠੇ ਹੋ ਕੇ ਵੱਡਾ ਸੰਘਰਸ਼ ਛੇੜਣ ਦਾ ਸੱਦਾ ਦਿੱਤਾ। ਆਗੂਆਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲਏ ਜਾ ਰਹੇ ਕਿਸਾਨ ਅਤੇ ਮੁਲਾਜ਼ਮ ਵਿਰੋਧੀ ਫੈਸਲਿਆਂ ਦੀ ਵੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ।
ਇਸ ਮੌਕੇ ’ਤੇ ਆਈ.ਡੀ.ਪੀ. ਦੇ ਜ਼ਿਲ੍ਹਾ ਪ੍ਰਧਾਨ ਤਾਰਾ ਸਿੰਘ ਫੱਗੂਵਾਲਾ, ਬੀ.ਕੇ.ਯੂ. ਡਕੌਂਦਾ ਦੇ ਬਲਾਕ ਪ੍ਰਧਾਨ ਚਮਕੌਰ ਸਿੰਘ ਭੱਟੀਵਾਲ, ਅਮਰੀਕ ਸਿੰਘ ਅਮਨ, ਕ੍ਰਿਸ਼ਨ ਦਾਸ, ਗੁਰਪ੍ਰੀਤ ਸਿੰਘ, ਮਿਸਰਾ ਸਿੰਘ, ਗੁਰਮੇਲ ਸਿੰਘ ਭੜ੍ਹੋ, ਨਛੱਤਰ ਸਿੰਘ ਝਨੇੜੀ, ਗੁਰਧਿਆਨ ਸਿੰਘ (ਜਨਰਲ ਸਕੱਤਰ), ਗੁਰਮੇਲ ਸਿੰਘ ਘਨੌੜ ਜੱਟਾਂ, ਬਲਵੀਰ ਸਿੰਘ ਛੰਨਾਂ, ਦੇਵ ਸਿੰਘ ਭਵਾਨੀਗੜ੍ਹ, ਲਾਭ ਸਿੰਘ ਭੜ੍ਹੋ, ਛੱਜੂ ਸਿੰਘ ਥੰਮਣ ਸਿੰਘ ਵਾਲਾ, ਵਰਿੰਦਰ ਸਿੰਘ ਰਾਮਪੁਰਾ, ਗੁਰਜੰਟ ਸਿੰਘ ਰਾਮਪੁਰਾ, ਪਿਆਰਾ ਸਿੰਘ ਨਾਗਰਾ, ਦੇਵ ਸਿੰਘ ਝਨੇੜੀ ਅਤੇ ਟਹਿਲ ਸਿੰਘ ਫੰਮਣਵਾਲ ਸਮੇਤ ਵੱਡੀ ਗਿਣਤੀ ’ਚ ਕਿਸਾਨ ਅਤੇ ਪਾਵਰਕੌਮ ਦੇ ਹੋਰ ਆਗੂ ਵੀ ਮੌਜੂਦ ਸਨ।
