ਬਜ਼ੁਰਗ ਅਖ਼ਬਾਰ ਵਿਕਰੇਤਾ ''ਤੇ ਹਮਲਾ, ਬੇਰਹਿਮੀ ਨਾਲ ਕੁੱਟਮਾਰ ਕਰਕੇ ਖੋਹ ਲਈ ਨਕਦੀ ਅਤੇ ਮੋਬਾਈਲ
Thursday, Feb 05, 2026 - 06:59 PM (IST)
ਲੁਧਿਆਣਾ (ਰਾਜ): ਲੁਧਿਆਣਾ ਵਿਚ ਬਦਮਾਸ਼ਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਹੁਣ ਉਹ ਬਜ਼ੁਰਗਾਂ ਨੂੰ ਵੀ ਨਹੀਂ ਬਖਸ਼ ਰਹੇ। ਥਾਣਾ ਡਵੀਜ਼ਨ ਨੰਬਰ 4 ਦੇ ਇਲਾਕੇ ਵਿਚ ਵੀਰਵਾਰ ਸਵੇਰੇ ਕਰੀਬ 6 ਵਜੇ ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਨੇ ਅਖ਼ਬਾਰ ਵੰਡਣ ਵਾਲੇ ਬਜ਼ੁਰਗ ਵਿਨੋਦ ਕੁਮਾਰ ਨੂੰ ਆਪਣਾ ਨਿਸ਼ਾਨਾ ਬਣਾਇਆ। ਲੁਟੇਰਿਆਂ ਨੇ ਨਾ ਸਿਰਫ਼ ਬਜ਼ੁਰਗ ਨਾਲ ਕੁੱਟਮਾਰ ਕੀਤੀ, ਸਗੋਂ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਨ੍ਹਾਂ ਤੋਂ 4 ਹਜ਼ਾਰ ਰੁਪਏ ਅਤੇ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ। ਜ਼ਖ਼ਮੀ ਵਿਨੋਦ ਕੁਮਾਰ ਨੂੰ ਗੰਭੀਰ ਹਾਲਤ ਵਿਚ ਡੀ.ਐੱਮ.ਸੀ. ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਪੀੜਤ ਦੇ ਬੇਟੇ ਅਖਿਲ ਨੇ ਦੱਸਿਆ ਕਿ ਉਸ ਦੇ ਪਿਤਾ ਹਰ ਰੋਜ਼ ਦੀ ਤਰ੍ਹਾਂ ਆਪਣੀ ਐਕਟਿਵਾ 'ਤੇ ਘੰਟਾ ਘਰ ਵੱਲ ਅਖ਼ਬਾਰ ਲੈਣ ਜਾ ਰਹੇ ਸਨ। ਰਸਤੇ ਵਿਚ ਸ਼ਿਵਪੁਰੀ ਚੌਕ ਦੇ ਕੋਲ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਵਿਨੋਦ ਨੂੰ ਖ਼ਤਰੇ ਦਾ ਅਹਿਸਾਸ ਹੋਇਆ, ਤਾਂ ਉਨ੍ਹਾਂ ਨੇ ਸੜਕ 'ਤੇ ਜਾ ਰਹੀ ਇਕ ਟਰਾਲੀ ਦਾ ਸਹਾਰਾ ਲਿਆ ਅਤੇ ਉਸ ਦੀ ਆੜ ਵਿਚ ਲੁਕ ਕੇ ਅੱਗੇ ਨਿਕਲ ਗਏ। ਉਨ੍ਹਾਂ ਨੂੰ ਲੱਗਾ ਕਿ ਸ਼ਾਇਦ ਉਹ ਬਚ ਗਏ ਹਨ, ਪਰ ਬਦਮਾਸ਼ ਉਨ੍ਹਾਂ ਦੇ ਪਿੱਛੇ ਹੀ ਲੱਗੇ ਰਹੇ।
ਕੁਝ ਹੀ ਦੂਰੀ 'ਤੇ ਟੂਟੀ ਵਾਲੇ ਮੰਦਰ ਦੇ ਕੋਲ ਬਦਮਾਸ਼ਾਂ ਨੇ ਦੁਬਾਰਾ ਉਨ੍ਹਾਂ ਦਾ ਰਸਤਾ ਰੋਕ ਲਿਆ। ਮੁਲਜ਼ਮਾਂ ਨੇ ਵਿਨੋਦ ਨੂੰ ਧੱਕਾ ਦੇ ਕੇ ਐਕਟਿਵਾ ਸਮੇਤ ਹੇਠਾਂ ਸੁੱਟ ਦਿੱਤਾ ਅਤੇ ਉਨ੍ਹਾਂ 'ਤੇ ਲੱਤਾਂ-ਮੁੱਕਿਆਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਲੁਟੇਰਿਆਂ ਨੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਉਨ੍ਹਾਂ ਦੀ ਜੇਬ ਵਿਚ ਰੱਖੇ ਪੈਸੇ ਅਤੇ ਫ਼ੋਨ ਲੈ ਕੇ ਭੱਜ ਗਏ। ਇਸ ਮਾਮਲੇ ਵਿਚ ਥਾਣਾ ਪੁਲਸ ਦਾ ਕਹਿਣਾ ਹੈ ਕਿ ਉਹ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਚੈੱਕ ਕਰ ਰਹੇ ਹਨ ਤਾਂ ਜੋ ਮੁਲਜ਼ਮਾਂ ਦਾ ਕੁਝ ਪਤਾ ਲੱਗ ਸਕੇ।
