ਰੇਡ ‘ਆਪ’ ਸਰਕਾਰ ਦੀ ਬੌਖਲਾਹਟ ਅਤੇ ਦਮਨਕਾਰੀ ਸੋਚ ਦਾ ਨਤੀਜਾ : ਸੈਣੀ
Friday, Feb 06, 2026 - 01:07 AM (IST)
ਚੰਡੀਗੜ੍ਹ - ‘ਪੰਜਾਬ ਕੇਸਰੀ’ ਦੇ ਦਫ਼ਤਰਾਂ ’ਤੇ ਸੂਬਾ ਜੀ. ਐੱਸ. ਟੀ. ਵੱਲੋਂ ਕੀਤੀ ਗਈ ਰੇਡ ਲਈ ਪੰਜਾਬ ਦੀ ‘ਆਪ’ ਸਰਕਾਰ ਨੂੰ ਘੇਰਦਿਆਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਹ ਸਰਕਾਰ ਦੀ ਬੌਖਲਾਹਟ ਅਤੇ ਦਮਨਕਾਰੀ ਸੋਚ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਸੱਤਾ ਜਾਣ ਦਾ ਡਰ ਇੰਨਾ ਗਹਿਰਾ ਹੈ ਕਿ ਉਹ ਲਗਾਤਾਰ ਮੀਡੀਆ ਨੂੰ ਡਰਾਉਣ ਅਤੇ ਦਬਾਉਣ ਦਾ ਯਤਨ ਕਰ ਰਹੀ ਹੈ। ਸਰਕਾਰ ਆਪਣੀਆਂ ਨਾਕਾਮੀਆਂ, ਭ੍ਰਿਸ਼ਟਾਚਾਰ ਅਤੇ ਕੁਸ਼ਾਸਨ ਨੂੰ ਛੁਪਾਉਣ ਲਈ ਪ੍ਰੈੱਸ ਦੀ ਆਜ਼ਾਦੀ ’ਤੇ ਯੋਜਨਾਬੱਧ ਹਮਲੇ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਲੋਕਤੰਤਰਿਕ ਪ੍ਰਣਾਲੀ ਵਿਚ ਅਜਿਹੀ ਸੋਚ ਲਈ ਕੋਈ ਥਾਂ ਨਹੀਂ ਹੈ। ਇਹ ਕਿਸੇ ਕਾਨੂੰਨ-ਵਿਵਸਥਾ ਦੀ ਕਾਰਵਾਈ ਨਹੀਂ, ਸਗੋਂ ਲੋਕਤੰਤਰ ਵਿਚ ਮੀਡੀਆ ਦੀ ਭੂਮਿਕਾ ਨੂੰ ਕੁਚਲਣ ਦੀ ਖ਼ਤਰਨਾਕ ਕੋਸ਼ਿਸ਼ ਹੈ। ਸੱਤਾ ਖੁੱਸਣ ਦੇ ਡਰ ਕਾਰਨ ਪੰਜਾਬ ਸਰਕਾਰ ਤਾਨਾਸ਼ਾਹੀ ਰਵੱਈਆ ਅਪਣਾ ਰਹੀ ਹੈ ਪਰ ਇਤਿਹਾਸ ਗਵਾਹ ਹੈ ਕਿ ਜੋ ਸਰਕਾਰ ਪ੍ਰਗਟਾਵੇ ਦੀ ਆਜ਼ਾਦੀ ਨੂੰ ਦਬਾਉਂਦੀ ਹੈ, ਉਸ ਦਾ ਪਤਨ ਨਿਸ਼ਚਿਤ ਹੁੰਦਾ ਹੈ।
