ਗ੍ਰੇਂਕੇ ਸੁਪਰ ਗ੍ਰਾਂਡ ਮਾਸਟਰਸ ਟੂਰਨਾਮੈਂਟ : ਆਨੰਦ ਅਤੇ ਕਾਰੂਆਨਾ ਦੀ ਬਾਜ਼ੀ ਡਰਾਅ

04/08/2018 12:07:15 PM

ਬਡੇਨ-ਬਡੇਨ (ਜਰਮਨੀ) (ਨਿਕਲੇਸ਼ ਜੈਨ)— ਜਰਮਨੀ 'ਚ ਹੋ ਰਹੇ ਸੁਪਰ ਗ੍ਰਾਂਡ ਮਾਸਟਰਸ ਟੂਰਨਾਮੈਂਟ ਦੇ ਰਾਊਂਡ 5 'ਚ ਸਾਰੇ ਮੁਕਾਬਲੇ ਬਰਾਬਰੀ 'ਤੇ ਰਹੇ ਅਤੇ ਇਸ ਦੇ ਨਾਲ ਹੀ ਅਜੇ ਫੇਬੀਆਨੋ ਕਾਰੂਆਨਾ, ਮੈਕਸਿਮ ਲਾਗ੍ਰੇਵ ਅਤੇ ਨਿਕਿਤਾ ਵਿਤੁਗੋਵ ਸਾਂਝੀ ਬੜ੍ਹਤ 'ਤੇ ਬਰਕਰਾਰ ਹਨ। ਰਾਊਂਡ 5 ਦੇ ਇਸ ਮੁਕਾਬਲੇ 'ਚ ਸਾਰਿਆਂ ਦੀਆਂ ਨਜ਼ਰਾਂ ਲੱਗੀਆਂ ਸਨ। ਕਿਉਂਕਿ ਅਜੇ ਵੀ ਕੈਂਡੀਡੇਟ ਚੈਂਪੀਅਨ ਬਣਕੇ ਵਿਸ਼ਵ ਚੈਂਪੀਅਨਸ਼ਿਪ ਦੇ ਚੈਲੰਜਰ ਬਣੇ ਕਾਰੂਆਨਾ ਦਾ ਮੁਕਾਬਲਾ ਭਾਰਤ ਦੇ ਪੰਜ ਵਾਰ ਦੇ ਵਿਸ਼ਵ ਚੈਂਪੀਅਨ ਰਹੇ ਵਿਸ਼ਵਨਾਥਨ ਆਨੰਦ ਨਾਲ ਸੀ। ਸਫੈਦ ਮੋਹਰਿਆਂ ਨਾਲ ਖੇਡ ਰਹੇ ਆਨੰਦ ਦੇ ਸਾਹਮਣੇ ਕਾਰੂਆਨਾ ਨੇ ਕਾਲੇ ਮੋਹਰਿਆਂ ਨਾਲ ਆਪਣੇ ਸਰਗਰਮ ਮੋਹਰਿਆਂ ਦੀ ਮਦਦ ਨਾਲ ਚੰਗੀ ਖੇਡ ਦਿਖਾਈ ਅਤੇ ਖੇਡ 'ਚ ਕਦੀ ਵੀ ਆਨੰਦ ਨੂੰ ਬੜ੍ਹਤ ਨਹੀਂ ਬਣਾਉਣ ਦਿੱਤੀ। ਆਨੰਦ ਓਪਨਿੰਗ 'ਚ ਹੋਏ ਇਸ ਮੁਕਾਬਲੇ 'ਚ ਇਕ ਸਮੇਂ ਤਾਂ ਇਕ ਪਿਆਦੇ ਦੀ ਬੜ੍ਹਤ ਵੀ ਹਸਲ ਕਰ ਲਈ ਪਰ ਕਾਰੂਆਨਾ ਦੇ ਸ਼ਾਨਦਾਰ ਖੇਡ ਰਹੇ ਮੋਹਰਿਆਂ ਨੇ ਉਨ੍ਹਾਂ ਨੂੰ ਲਾਹਾ ਲੈਣ ਨਹੀਂ ਦਿੱਤਾ ਅਤੇ ਮੈਚ ਬਰਾਬਰੀ 'ਤੇ ਰਿਹਾ।

ਟੂਰਨਾਮੈਂਟ ਦੇ ਦੂਜੇ ਸਭ ਤੋਂ ਅੱਗੇ ਚਲ ਰਹੇ ਖਿਡਾਰੀ ਮੈਕਸਿਮ ਲਾਗ੍ਰਵੇ ਨੇ ਵਿਸ਼ਵ ਕੱਪ ਜੇਤੂ ਲੇਵਾਨ ਆਰੋਨੀਅਨ ਨਾਲ ਡਰਾਅ ਖੇਡਿਆ। ਰਾਏ ਲੋਪੇਜ ਓਪਨਿੰਗ 'ਚ ਹੋਏ ਇਸ ਮਕਾਬਲੇ 'ਚ ਅੰਤ ਸਮੇਂ 'ਚ ਦੋਹਾਂ ਦੇ ਕੋਲ ਕਾਲੇ ਖਾਨੇ ਦੇ ਊਂਠ ਸਨ ਅਤੇ ਕਿਸੇ ਦੇ ਲਈ ਵੀ ਜਿੱਤ ਨਜ਼ਰ ਨਹੀਂ ਆ ਰਹੀ ਸੀ। ਹੋਰ ਸਾਰੇ ਮੁਕਾਬਲੇ ਵੀ ਡਰਾਅ ਰਹੇ । ਹੁਣ ਛੇਵੇਂ ਰਾਊਂਡ 'ਚ ਆਨੰਦ ਜਰਮਨੀ ਦੇ ਮੈਥਿਸ ਬਲੂਮ ਨਾਲ ਮੁਕਾਬਲਾ ਖੇਡਣਗੇ ਤਾਂ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਆਨੰਦ ਆਪਣੀ ਪਹਿਲੀ ਜਿੱਤ ਦਰਜ ਕਰਨਗੇ।


Related News