ਫ੍ਰੈਂਚ ਓਪਨ-2019 : ਵੀਨਸ ਪਹਿਲੇ ਹੀ ਦੌਰ 'ਚੋਂ ਬਾਹਰ
Monday, May 27, 2019 - 09:15 PM (IST)

ਪੈਰਿਸ— ਸਾਬਕਾ ਨੰਬਰ ਇਕ ਟੈਨਿਸ ਸਟਾਰ ਅਮਰੀਕਾ ਦੀ ਵੀਨਸ ਵਿਲੀਅਮਸ ਦਾ ਗ੍ਰੈਂਡ ਸਲੈਮ ਫ੍ਰੈਂਚ ਓਪਨ ਦੇ ਪਹਿਲੇ ਹੀ ਰਾਊਂਡ ਵਿਚ ਹਾਰ ਦੇ ਨਾਲ ਸਫਰ ਖਤਮ ਹੋ ਗਿਆ ਪਰ ਉਸ ਦੀ ਹਮਵਤਨ ਅਤੇ ਸੱਤਵੀਂ ਸੀਡ ਸਲੋਏਨ ਸਟੀਫਨਸ ਗੈਰ- ਦਰਜਾ ਪ੍ਰਾਪਤ ਖਿਡਾਰਨ ਵਿਰੁੱਧ ਉਲਟਫੇਰ ਤੋਂ ਬਚਣ 'ਚ ਕਾਮਯਾਬ ਰਹੀ।
ਮਹਿਲਾ ਸਿੰਗਲਜ਼ ਦੇ ਪਹਿਲੇ ਰਾਊਂਡ ਵਿਚ ਵੀਨਸ ਨੂੰ ਨੌਵਾਂ ਦਰਜਾ ਪ੍ਰਾਪਤ ਲੀਨਾ ਸਵੀਤੋਲਿਨਾ ਨੇ ਲਗਾਤਾਰ ਸੈੱਟਾਂ ਵਿਚ 6-3, 6-3 ਨਾਲ ਹਰਾ ਕੇ ਇਕ ਘੰਟਾ 13 ਮਿੰਟ ਵਿਚ ਜਿੱਤ ਆਪਣੇ ਨਾਂ ਕਰ ਲਈ, ਜਦਕਿ ਸੱਤਵਾਂ ਦਰਜਾ ਪ੍ਰਾਪਤ ਸਟੀਫਨਸ ਨੇ ਗੈਰ-ਦਰਜਾ ਪ੍ਰਾਪਤ ਜਾਪਾਨ ਦੀ ਮਿਸਾਕੀ ਡੋਈ ਤੋਂ ਮਿਲੀ ਸਖਤ ਚੁਣੌਤੀ ਤੋਂ ਬਾਅਦ 6-3, 7-6 (7-4) ਨਾਲ ਮੁਕਾਬਲਾ ਆਪਣੇ ਨਾਂ ਕਰ ਕੇ ਦੂਜੇ ਦੌਰ ਵਿਚ ਜਗ੍ਹਾ ਬਣਾ ਲਈ।
13ਵਾਂ ਦਰਜਾ ਪ੍ਰਾਪਤ ਡੈੱਨਮਾਰਕ ਦੀ ਕੈਰੋਲਿਨਾ ਵੋਜਨਿਆਕੀ ਨੂੰ 68ਵੀਂ ਰੈਂਕ ਰੂਸ ਦੀ ਵੇਰੋਨਿਕਾ ਕੁਦੇਰਮਿਤੋਵਾ ਹੱਥੋਂ ਦੋ ਘੰਟੇ ਚਾਰ ਮਿੰਟ ਤਕ ਚੱਲੇ ਮੁਕਾਬਲੇ ਵਿਚ 6-0, 3-6, 3-6 ਨਾਲ ਹਾਰ ਝੱਲਣੀ ਪਈ।
ਹੋਰਨਾਂ ਮੁਕਾਬਲਿਆਂ ਵਿਚ ਚੌਥਾ ਦਰਜਾ ਪ੍ਰਾਪਤ ਕਿਕੀ ਬਰਟਨਸ ਨੇ ਪਾਲਿਨ ਪੈਰਾਮੇਂਟੀਅਰ ਨੂੰ ਲਗਾਤਾਰ ਸੈੱਟਾਂ ਵਿਚ 6-3, 6-4 ਨਾਲ ਹਰਾਇਆ ਪਰ 18ਵਾਂ ਦਰਜਾ ਪ੍ਰਾਪਤ ਜੂਲੀਆ ਜਾਰਜੀਅਸ ਨੂੰ ਗੈਰ-ਦਰਜਾ ਪ੍ਰਾਪਤ ਕਾਇਆ ਕਾਨੇਪੀ ਨੇ 7-5, 6-1 ਨਾਲ ਹਰਾ ਕੇ ਪਹਿਲੇ ਹੀ ਦੌਰ 'ਚੋਂ ਬਾਹਰ ਕਰ ਦਿੱਤਾ।
ਪੁਰਸ਼ ਵਰਗ 'ਚ 21ਵਾਂ ਦਰਜਾ ਪ੍ਰਾਪਤ ਆਸਟਰੇਲੀਆ ਦੇ ਐਲੇਕਸ ਡੀ ਮਿਨੌਰ ਨੇ ਬ੍ਰੈਡਲੀ ਲਾਨ ਨੂੰ 1 ਘੰਟਾ 42 ਮਿੰਟ ਵਿਚ 6-1, 6-4, 6-4 ਨਾਲ ਹਰਾ ਕੇ ਦੂਜੇ ਦੌਰ ਵਿਚ ਪ੍ਰਵੇਸ਼ ਕੀਤਾ, ਜਦਕਿ 32ਵਾਂ ਦਰਜਾ ਪ੍ਰਾਪਤ ਫਰਾਂਸਿਸ ਟਿਆਫੋ ਨੂੰ ਫਿਲਿਪ ਕ੍ਰਾਜੋਵਿਚ ਨੇ ਪੰਜ ਸੈੱਟਾਂ ਦੇ ਸੰਘਰਸ਼ ਵਿਚ 6-2, 4-6, 6-3, 3-6, 6-0 ਨਾਲ ਹਰਾ ਕੇ 2 ਘੰਟੇ 53 ਮਿੰਟ ਵਿਚ ਜਿੱਤ ਆਪਣੇ ਨਾਂ ਕਰ ਲਈ। ਸਪੇਨ ਦੇ ਪਾਬਲੋ ਕਾਰੀਨੋ ਬੁਸਤਾ ਨੇ ਜਾਓ ਸੋਸਾ ਨੂੰ 6-3, 6-1, 6-2 ਨਾਲ ਲਗਾਤਾਰ ਸੈੱਟਾਂ ਵਿਚ 1 ਘੰਟਾ 42 ਮਿੰਟ ਵਿਚ ਹਰਾ ਕੇ ਦੂਜੇ ਦੌਰ 'ਚ ਜਗ੍ਹਾ ਬਣਾਈ।