ਪੰਜਾਬ: ਮਾਰਚ ਦੇ ਪਹਿਲੇ ਹਫਤੇ ਹੀ ਕਿਉਂ ਪੈ ਰਹੀ ਕਹਿਰ ਦੀ ਗਰਮੀ ! ਮੌਸਮ ਵਿਗਿਆਨੀਆਂ ਨੇ ਦੱਸਿਆ ਵੱਡਾ ਕਾਰਨ
Saturday, Mar 07, 2026 - 12:14 PM (IST)
ਗੁਰਦਾਸਪੁਰ (ਹਰਮਨ)- ਇਸ ਸਾਲ ਮੌਸਮ ਵਿਚ ਆਏ ਤੇਜ਼ ਬਦਲਾਅ ਕਾਰਨ ਗੁਰਦਾਸਪੁਰ ਜ਼ਿਲੇ ਵਿਚ ਮਾਰਚ ਦੇ ਪਹਿਲੇ ਹਫ਼ਤੇ ਦੌਰਾਨ ਹੀ ਗਰਮੀ ਮਹਿਸੂਸ ਹੋਣ ਲੱਗੀ ਹੈ। ਜਿੱਥੇ ਸਰਦੀ ਦੇ ਮੌਸਮ ਵਿਚ ਆਮ ਨਾਲੋਂ ਘੱਟ ਮੀਂਹ ਪੈਣ ਕਾਰਨ ਲੋਕਾਂ ਨੂੰ ਸੁੱਕੀ ਠੰਢ ਦਾ ਸਾਹਮਣਾ ਕਰਨਾ ਪਿਆ, ਉੱਥੇ ਹੁਣ ਤਾਪਮਾਨ ਵਿਚ ਅਚਾਨਕ ਹੋਏ ਵਾਧੇ ਨੇ ਗਰਮੀ ਦੀ ਆਮਦ ਦਾ ਅਹਿਸਾਸ ਕਰਵਾ ਦਿੱਤਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਡਾਕਾ, ਦਿਨ-ਦਿਹਾੜੇ ਲੁੱਟ ਲਏ 7,00,00,000 ਕਰੋੜ ਰੁਪਏ
ਮੌਸਮੀ ਅੰਕੜਿਆਂ ਮੁਤਾਬਕ ਇਸ ਸਮੇਂ ਗੁਰਦਾਸਪੁਰ ਵਿਚ ਦਿਨ ਦਾ ਔਸਤ ਤਾਪਮਾਨ ਲਗਭਗ 35 ਡਿਗਰੀ ਸੈਂਟੀਗ੍ਰੇਡ ਦਰਜ ਕੀਤਾ ਜਾ ਰਿਹਾ ਹੈ, ਜਦਕਿ ਪਿਛਲੇ ਸਾਲਾਂ ਦੌਰਾਨ ਇਹਨਾਂ ਦਿਨਾਂ ਵਿਚ ਦਿਨ ਦਾ ਤਾਪਮਾਨ ਔਸਤਨ 29 ਤੋਂ 30 ਡਿਗਰੀ ਸੈਂਟੀਗ੍ਰੇਡ ਦੇ ਦਰਮਿਆਨ ਰਹਿੰਦਾ ਸੀ। ਇਸ ਤਰ੍ਹਾਂ ਤਾਪਮਾਨ ਵਿਚ ਲਗਭਗ 5 ਡਿਗਰੀ ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ ਮੌਸਮੀ ਤਬਦੀਲੀ ਦਾ ਸਾਫ਼ ਸੰਕੇਤ ਮੰਨਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਰਾਤ ਦੇ ਤਾਪਮਾਨ ਵਿਚ ਵੀ ਤੇਜ਼ੀ ਨਾਲ ਵਾਧਾ ਦਰਜ ਹੋ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ : ਦਰਜਨਾਂ ਪਿੰਡਾਂ 'ਤੇ ਮੰਡਰਾ ਰਿਹਾ ਖ਼ਤਰਾ, ਕਿਸੇ ਵੇਲੇ ਵੀ ਵਾਪਰ ਸਕਦੈ ਭਾਣਾ
ਮੌਸਮ ਵਿਗਿਆਨੀਆਂ ਨੇ ਦੱਸਿਆ ਕਾਰਨ
ਮੌਸਮ ਵਿਗਿਆਨੀਆਂ ਦੇ ਅਨੁਸਾਰ ਸਰਦੀ ਦੇ ਮੌਸਮ ਦੌਰਾਨ ਆਮ ਨਾਲੋਂ ਘੱਟ ਮੀਂਹ ਪੈਣ ਕਾਰਨ ਮਿੱਟੀ ਵਿਚ ਨਮੀ ਦੀ ਕਮੀ ਆ ਗਈ ਹੈ, ਜਿਸ ਨਾਲ ਤਾਪਮਾਨ ਤੇਜ਼ੀ ਨਾਲ ਵਧ ਰਿਹਾ ਹੈ। ਦੂਜੇ ਪਾਸੇ ਹੋਲੀ ਦੇ ਨੇੜਲੇ ਦਿਨਾਂ ਵਿਚ ਆਮ ਤੌਰ ’ਤੇ ਦਰਮਿਆਨਾ ਜਾਂ ਭਾਰੀ ਮੀਂਹ ਪੈਣ ਦੀ ਪਰੰਪਰਾ ਰਹੀ ਹੈ, ਪਰ ਇਸ ਸਾਲ ਇਹ ਤਿਉਹਾਰ ਵੀ ਸੁੱਕਾ ਹੀ ਨਿਕਲਿਆ ਹੈ। ਮੀਂਹ ਦੀ ਕਮੀ ਕਾਰਨ ਮੌਸਮ ਵਿਚ ਆ ਰਹੀ ਇਹ ਤਬਦੀਲੀ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣ ਰਹੀ ਹੈ। ਜਿਸ ਨਾਲ ਤਾਪਮਾਨ 'ਚ ਲਗਾਤਾਰ ਵਧਾ ਹੋ ਰਿਹਾ ਹੈ।
ਇਹ ਵੀ ਪੜ੍ਹੋ- ਫਰੀਦਕੋਟ: ਖੇਡਦੇ-ਖੇਡਦੇ ਛੱਪੜ 'ਚ ਡੁੱਬ ਗਿਆ ਜਵਾਕ, NDRF ਦੀ ਟੀਮ ਵੱਲੋਂ ਕੀਤੀ ਜਾ ਰਹੀ ਭਾਲ
ਮੌਸਮ ਵਿਚ ਆਏ ਇਸ ਬਦਲਾਅ ਦਾ ਸਿੱਧਾ ਪ੍ਰਭਾਵ ਖੇਤੀਬਾੜੀ ’ਤੇ ਵੀ ਪੈ ਸਕਦਾ ਹੈ। ਵਧਦਾ ਤਾਪਮਾਨ ਅਤੇ ਨਮੀ ਦੀ ਕਮੀ ਕਾਰਨ ਰਬੀ ਫਸਲਾਂ ਦੀ ਪੈਦਾਵਾਰ ’ਤੇ ਅਸਰ ਪੈਣ ਦੀ ਸੰਭਾਵਨਾ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਜੇ ਤਾਪਮਾਨ ਇਸੇ ਤਰ੍ਹਾਂ ਵਧਦਾ ਰਿਹਾ ਤਾਂ ਕਣਕ ਦੀ ਦਾਣੇ ਬਣਨ ਦੀ ਪ੍ਰਕਿਰਿਆ ਪ੍ਰਭਾਵਿਤ ਹੋ ਸਕਦੀ ਹੈ ਅਤੇ ਪੈਦਾਵਾਰ ਘਟ ਸਕਦੀ ਹੈ। ਮਾਰਚ ਦੇ ਸ਼ੁਰੂ ਵਿਚ ਹੀ ਵਧੀ ਗਰਮੀ ਨੇ ਲੋਕਾਂ ਦੀ ਰੁਟੀਨ ’ਤੇ ਵੀ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ। ਦਿਨ ਦੇ ਸਮੇਂ ਧੁੱਪ ਦੀ ਤੀਬਰਤਾ ਵਧਣ ਨਾਲ ਲੋਕਾਂ ਨੂੰ ਗਰਮੀ ਮਹਿਸੂਸ ਹੋਣ ਲੱਗੀ ਹੈ ਅਤੇ ਦੁਪਹਿਰ ਵੇਲੇ ਬਾਜ਼ਾਰਾਂ ਅਤੇ ਸੜਕਾਂ ’ਤੇ ਆਵਾਜਾਈ ਵੀ ਕੁਝ ਘੱਟ ਹੋਣ ਲੱਗੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਅਚਾਨਕ ਵਧਦਾ ਤਾਪਮਾਨ ਸਿਹਤ ਸੰਬੰਧੀ ਸਮੱਸਿਆਵਾਂ ਜਿਵੇਂ ਡੀਹਾਈਡਰੇਸ਼ਨ, ਥਕਾਵਟ ਅਤੇ ਸਿਰਦਰਦ ਵਗੈਰਾ ਦਾ ਕਾਰਨ ਬਣ ਸਕਦਾ ਹੈ।
ਮਾਹਿਰਾਂ ਦੇ ਅਨੁਸਾਰ ਮੌਸਮ ਵਿਚ ਇਸ ਤਰ੍ਹਾਂ ਦੀ ਅਚਾਨਕ ਤਬਦੀਲੀ ਜਲ ਸਰੋਤਾਂ, ਜੀਵ-ਜੰਤੂਆਂ ਅਤੇ ਕੁੱਲ ਵਾਤਾਵਰਣ ’ਤੇ ਵੀ ਪ੍ਰਭਾਵ ਪਾ ਸਕਦੀ ਹੈ। ਜੇਕਰ ਆਉਣ ਵਾਲੇ ਦਿਨਾਂ ਵਿਚ ਮੀਂਹ ਨਾ ਪਿਆ ਤਾਂ ਤਾਪਮਾਨ ਵਿਚ ਹੋਰ ਵਾਧਾ ਹੋਣ ਦੀ ਸੰਭਾਵਨਾ ਵੀ ਪ੍ਰਗਟਾਈ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
