ਪਹਿਲੀ ਵਾਰ ਜਿਮ ''ਚ ਮਿਲੇ ਸਨ ਕਾਰਤਿਕ-ਪੱਲੀਕਲ

04/21/2018 5:00:16 AM

ਜਲੰਧਰ — ਆਈ. ਪੀ. ਐੱਲ. ਦੀ ਟੀਮ ਕੋਲਕਾਤਾ ਨਾਈਟ ਰਾਈਡਰਜ਼ ਦੇ ਵਿਕਟਕੀਪਰ-ਬੱਲੇਬਾਜ਼ ਤੇ ਕਪਤਾਨ ਦਿਨੇਸ਼ ਕਾਰਤਿਕ ਦਾ ਕਰੀਅਰ ਜਿੰਨਾ ਡਾਵਾਂਡੋਲ ਰਿਹਾ ਹੈ, ਓਨਾ ਹੀ ਉਸ ਦੀ ਨਿੱਜੀ ਜ਼ਿੰਦਗੀ 'ਚ ਉਤਰਾਅ-ਚੜ੍ਹਾਅ ਵੀ ਰਿਹਾ ਹੈ। ਉਸ ਦਾ ਪਹਿਲਾ ਵਿਆਹ ਉਸ ਦੀ ਬਚਪਨ ਦੀ ਦੋਸਤ ਨਿਕਿਤਾ ਨਾਲ ਹੋਇਆ ਸੀ, ਜਿਸ ਤੋਂ ਬਾਅਦ ਟੀਮ ਇੰਡੀਆ ਦੇ ਹੀ ਖਿਡਾਰੀ ਮੁਰਲੀ ਵਿਜੇ ਨਾਲ ਉਸ ਦੇ ਸਬੰਧ ਬਣ ਗਏ। ਇਸ ਤੋਂ ਬਾਅਦ ਦੋਵਾਂ ਦਾ ਤਲਾਕ ਹੋ ਗਿਆ ਅਤੇ ਵਿਜੇ ਤੇ ਨਿਕਿਤਾ ਨੇ ਵਿਆਹ ਕਰ ਲਿਆ।
ਦਿਨੇਸ਼ ਕਾਰਤਿਕ ਲਈ ਇਹ ਕਿਸੇ ਸਦਮੇ ਤੋਂ ਘੱਟ ਨਹੀਂ ਸੀ ਕਿਉਂਕਿ ਮੁਰਲੀ ਵਿਜੇ ਉਸ ਦਾ ਚੰਗਾ ਦੋਸਤ ਵੀ ਸੀ। ਇਸ ਤੋਂ ਬਾਅਦ ਦਿਨੇਸ਼ ਕਾਰਤਿਕ ਨੇ ਸਕੁਐਸ਼ ਖਿਡਾਰਨ ਦੀਪਿਕਾ ਪੱਲੀਕਲ ਨਾਲ ਹਿੰਦੂ ਤੇ ਈਸਾਈ ਰੀਤੀ-ਰਿਵਾਜਾਂ ਮੁਤਾਬਕ ਵਿਆਹ ਕਰ ਲਿਆ ਪਰ ਦੋਵਾਂ ਦੀ ਲਵ ਸਟੋਰੀ ਸ਼ੁਰੂ ਕਿਵੇਂ ਹੋਈ, ਇਹ ਗੱਲ ਬਹੁਤ ਘੱਟ ਲੋਕਾਂ ਨੂੰ ਪਤਾ ਹੈ।
ਦੀਪਿਕਾ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਇਹ ਪਹਿਲੀ ਨਜ਼ਰ ਦਾ ਪਿਆਰ ਨਹੀਂ ਸੀ। ਅਸੀਂ ਦੋਵੇਂ 2009-10 'ਚ ਪਹਿਲੀ ਵਾਰ ਇਕ ਜਿਮ 'ਚ ਮਿਲੇ ਸੀ ਅਤੇ ਮੈਂ ਉਸ ਨੂੰ ਬਿਨਾਂ ਬਾਏ ਕਹੇ ਹੀ ਪ੍ਰੈਕਟਿਸ ਲਈ ਚਲੀ ਗਈ ਸੀ। ਦੋਵੇਂ ਖਿਡਾਰੀ ਇਕ ਹੀ ਕੋਚ ਦੇ ਅੰਡਰ ਟ੍ਰੇਨਿੰਗ ਕਰਦੇ ਸਨ। ਬਾਅਦ 'ਚ ਦੋਵਾਂ ਦੀ ਚੰਗੀ ਦੋਸਤੀ ਹੋ ਗਈ ਪਰ ਪਿਆਰ ਵਰਗਾ ਕੁਝ ਨਹੀਂ ਸੀ।
ਸਮੇਂ ਦੇ ਨਾਲ-ਨਾਲ ਦੋਵਾਂ ਦਾ ਰਿਸ਼ਤਾ ਹੋਰ ਡੂੰਘਾ ਹੋ ਗਿਆ ਪਰ ਪਿਆਰ 2013 'ਚ ਪ੍ਰਵਾਨ ਚੜ੍ਹਿਆ। ਉਸ ਸਮੇਂ ਦੀਪਿਕਾ ਲੀਡਸ 'ਚ ਟ੍ਰੈਨਿੰਗ ਲੈ ਰਹੀ ਸੀ ਤੇ ਕਾਰਤਿਕ ਤਲਾਕ ਤੋਂ ਬਾਅਦ ਘਰੇਲੂ ਲੜੀ ਖੇਡ ਰਿਹਾ ਸੀ। ਇਸ ਤੋਂ ਇਕ ਹਫਤੇ ਬਾਅਦ ਦੀਪਿਕਾ ਨੇ ਕੈਨੇਡਾ 'ਚ ਐੱਮ. ਐੈੱਫ. ਓਪਨ ਦਾ ਖਿਤਾਬ ਜਿੱਤ ਲਿਆ। ਉਸ ਸਮੇਂ ਕਾਰਤਿਕ ਉਸ ਨੂੰ ਉਥੇ ਮਿਲਣ ਪਹੁੰਚ ਗਿਆ। ਇਹ ਗੱਲ ਦੀਪਿਕਾ ਦਾ ਦਿਲ ਜਿੱਤ ਗਈ। ਇਸ ਤੋਂ ਬਾਅਦ ਜੂਨ 2013 'ਚ ਕਾਰਤਿਕ ਨੇ ਦੀਪਿਕਾ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਤੇ 5 ਮਹੀਨਿਆਂ ਬਾਅਦ 15 ਨਵੰਬਰ ਨੂੰ ਦੋਵਾਂ ਨੇ ਮੰਗਣੀ ਕਰ ਲਈ, ਫਿਰ 18 ਅਗਸਤ 2015 ਨੂੰ ਈਸਾਈ ਅਤੇ 20 ਅਗਸਤ ਨੂੰ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਦੋਵਾਂ ਨੇ ਵਿਆਹ ਕਰ ਲਿਆ।


Related News