4 ਸਾਲਾਂ 'ਚ ਪਹਿਲੀ ਵਾਰ ਘੱਟ ਹੋਈ ਵਿਕਰੀ, ਟੈਸਲਾ 'ਚ ਜਾਏਗੀ 6 ਹਜ਼ਾਰ ਤੋਂ ਵੱਧ ਲੋਕਾਂ ਦੀ ਨੌਕਰੀ
Thursday, Apr 25, 2024 - 12:56 PM (IST)
ਨਵੀਂ ਦਿੱਲੀ- ਅਰਬਪਤੀ ਕਾਰੋਬਾਰੀ ਐਲੋਨ ਮਸਕ ਦੀ ਕੰਪਨੀ ਟੈਸਲਾ ਨੇ ਆਪਣੇ ਤਿਮਾਹੀ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ ਅਤੇ ਕੰਪਨੀ ਦੇ ਪ੍ਰਦਰਸ਼ਨ ਨੂੰ ਲੈ ਕੇ ਕੋਈ ਬਹੁਤੀ ਚੰਗੀ ਖ਼ਬਰ ਨਹੀਂ ਹੈ। ਟੈਸਲਾ ਦੇ ਤਿਮਾਹੀ ਨਤੀਜਿਆਂ 'ਚ ਇਸ ਦੇ ਮੁਨਾਫੇ 'ਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ 2020 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਕੰਪਨੀ ਨੇ ਮਾਲੀਏ 'ਚ ਗਿਰਾਵਟ ਦਰਜ ਕੀਤੀ ਹੈ। 2024 ਦੀ ਪਹਿਲੀ ਤਿਮਾਹੀ ਲਈ ਟੈਸਲਾ ਦੇ ਨਤੀਜਿਆਂ ਨੇ ਦਿਖਾਇਆ ਹੈ ਕਿ ਈ.ਵੀ. ਮਾਰਕੀਟ ਵਿੱਚ ਟੈਸਲਾ ਕਾਰਾਂ ਦੀ ਦਿਲਚਸਪੀ ਘੱਟ ਗਈ ਹੈ। ਦੂਜੇ ਪਾਸੇ ਕੰਪਨੀ ਆਉਣ ਵਾਲੇ ਦਿਨਾਂ ਵਿੱਚ ਹਜ਼ਾਰਾਂ ਕਰਮਚਾਰੀਆਂ ਦੀ ਛਾਂਟੀ ਕਰਨ ਜਾ ਰਹੀ ਹੈ।
6 ਹਜ਼ਾਰ ਤੋਂ ਵੱਧ ਕਰਮਚਾਰੀਆਂ 'ਤੇ ਅਸਰ
ਕੰਪਨੀ ਨੇ ਮੰਗਲਵਾਰ ਨੂੰ ਮਾਰਚ ਤਿਮਾਹੀ ਦੇ ਨਤੀਜੇ ਜਾਰੀ ਕੀਤੇ। ਇਸ ਤੋਂ ਪਹਿਲਾਂ ਕੰਪਨੀ ਨੇ ਹਜ਼ਾਰਾਂ ਕਰਮਚਾਰੀਆਂ ਦੀ ਛਾਂਟੀ ਕਰਨ ਦੀ ਆਪਣੀ ਯੋਜਨਾ ਦੀ ਜਾਣਕਾਰੀ ਦਿੱਤੀ ਸੀ। ਟੈਸਲਾ ਦੀ ਯੋਜਨਾ ਦੇ ਅਨੁਸਾਰ, ਕੁੱਲ 6,020 ਕਰਮਚਾਰੀ ਪ੍ਰਭਾਵਿਤ ਹੋਣਗੇ ਜਿਨ੍ਹਾਂ ਦੀ ਛਾਂਟੀ ਕੀਤੀ ਜਾਵੇਗੀ, ਉਹ ਕੈਲੀਫੋਰਨੀਆ ਅਤੇ ਟੈਕਸਾਸ ਬੇਸਡ ਹਨ। ਕੈਲੀਫੋਰਨੀਆ ਵਿੱਚ 3,332 ਲੋਕਾਂ ਦੀਆਂ ਨੌਕਰੀਆਂ ਜਾਣ ਵਾਲੀਆਂ ਹਨ, ਜਦੋਂ ਕਿ ਟੈਕਸਾਸ ਵਿੱਚ, 2,688 ਕਰਮਚਾਰੀਆਂ ਦੀ ਛਾਂਟੀ ਕੀਤੀ ਜਾ ਰਹੀ ਹੈ। ਨਿਊਯਾਰਕ ਵਿਚ ਟੈਸਲਾ ਦੇ ਬਫੇਲੋ ਪਲਾਂਟ ਤੋਂ 285 ਕਰਮਚਾਰੀਆਂ ਨੂੰ ਵੀ ਕੱਢਿਆ ਜਾਵੇਗਾ।
14 ਜੂਨ ਤੋਂ ਹੋਵੇਗਾ ਛਾਂਟੀ ਦੀ ਯੋਜਨਾ 'ਤੇ ਅਮਲ
ਇਸ ਤੋਂ ਪਹਿਲਾਂ, ਟੈਸਲਾ ਨੇ ਸਭ ਤੋਂ ਪਹਿਲਾਂ ਪਿਛਲੇ ਹਫਤੇ ਛਾਂਟੀ ਯੋਜਨਾ ਬਾਰੇ ਜਾਣਕਾਰੀ ਦਿੱਤੀ ਸੀ। ਉਸ ਸਮੇਂ ਕੰਪਨੀ ਨੇ ਕਿਹਾ ਸੀ ਕਿ ਉਹ ਆਪਣੇ ਗਲੋਬਲ ਵਰਕਫੋਰਸ ਨੂੰ 10 ਫੀਸਦੀ ਤੱਕ ਘਟਾਉਣ ਦੀ ਯੋਜਨਾ ਬਣਾ ਰਹੀ ਹੈ। ਹਾਲਾਂਕਿ, ਉਸ ਸਮੇਂ ਕੰਪਨੀ ਨੇ ਇਹ ਨਹੀਂ ਦੱਸਿਆ ਸੀ ਕਿ ਇਸ ਦੀ ਛਾਂਟੀ ਯੋਜਨਾ ਨਾਲ ਕਿਹੜੇ ਕਰਮਚਾਰੀ ਪ੍ਰਭਾਵਿਤ ਹੋਣਗੇ। ਹੁਣ ਕੰਪਨੀ ਨੇ ਇਹ ਵੀ ਦੱਸ ਦਿੱਤਾ ਹੈ ਕਿ ਛਾਂਟੀ ਕਦੋਂ ਹੋਣ ਵਾਲੀ ਹੈ। ਕੰਪਨੀ ਇਸ ਯੋਜਨਾ ਨੂੰ 14 ਜੂਨ ਤੋਂ ਲਾਗੂ ਕਰਨਾ ਸ਼ੁਰੂ ਕਰਨ ਜਾ ਰਹੀ ਹੈ।
ਅਜੇ ਹੋਰ ਕਰਮਚਾਰੀਾਂਦੀ ਹੋ ਸਕਦੀ ਹੈ ਛਾਂਟੀ
ਟੈਸਲਾ ਪਿਛਲੇ ਸਾਲ ਤੱਕ ਛਾਂਟੀ ਦੀ ਗਲੋਬਲ ਲਹਿਰ ਤੋਂ ਪ੍ਰਭਾਵਿਤ ਨਹੀਂ ਸੀ ਅਤੇ ਲਗਾਤਾਰ ਨਵੇਂ ਕਰਮਚਾਰੀਆਂ ਦੀ ਭਰਤੀ ਕਰ ਰਹੀ ਸੀ। ਸਾਲ 2021 ਵਿੱਚ, ਟੈਸਲਾ ਦੇ ਕੁੱਲ ਗਲੋਬਲ ਕਰਮਚਾਰੀਆਂ ਦੀ ਗਿਣਤੀ ਲਗਭਗ 1 ਲੱਖ ਸੀ, ਜੋ ਪਿਛਲੇ ਸਾਲ ਤੱਕ ਵਧ ਕੇ 1 ਲੱਖ 40 ਹਜ਼ਾਰ ਤੋਂ ਪਾਰ ਹੋ ਗਈ ਹੈ। ਹੁਣ ਕੰਪਨੀ ਨੇ ਇਸ 'ਚ 10 ਫੀਸਦੀ ਦੀ ਕਟੌਤੀ ਕਰਨ ਦੀ ਆਪਣੀ ਯੋਜਨਾ ਬਾਰੇ ਦੱਸਿਆ ਹੈ, ਜਿਸ ਦਾ ਮਤਲਬ ਹੈ ਕਿ ਆਉਣ ਵਾਲੇ ਦਿਨਾਂ 'ਚ ਟੈਸਲਾ ਦੇ ਹੋਰ ਕਰਮਚਾਰੀਆਂ ਨੂੰ ਛਾਂਟੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।