ਪੰਜਾਬ ’ਚ ਪਹਿਲੀ ਵਾਰ 13-0 ਨਾਲ ਜਿੱਤੇਗੀ ਆਮ ਆਦਮੀ ਪਾਰਟੀ: ਭਗਵੰਤ ਮਾਨ

04/05/2024 7:18:09 PM

ਜਲੰਧਰ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਉਹ ਪੰਜਾਬ ਦੇ ਵਿਕਾਸ ਦੇ ਮੁੱਦੇ ’ਤੇ ਸੂਬੇ ਦੀਆਂ 13 ਲੋਕ ਸਭਾ ਸੀਟਾਂ ’ਤੇ ਜਿੱਤ ਹਾਸਲ ਕਰਨਗੇ। ‘ਜਗ ਬਾਣੀ’ਦੇ ਵਿਸ਼ੇਸ਼ ਪੱਤਰਕਾਰ ਰਮਨਦੀਪ ਸੋਢੀ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਕਲੌਤੀ ਪਾਰਟੀ ਹੈ, ਜੋ ਆਮ ਲੋਕਾਂ ਨੂੰ ਖੁੱਲ੍ਹੇ ਤੌਰ ’ਤੇ ਕਹਿੰਦੀ ਹੈ ਕਿ ਜੇ ਜਨਤਾ ਨੂੰ ਉਨ੍ਹਾਂ ਦੇ ਕੰਮ ਪਸੰਦ ਹਨ ਤਾਂ ਉਹ ਉਸ ਦੇ ਉਮੀਦਵਾਰਾਂ ਨੂੰ ਵੋਟਾਂ ਪਾਉਣ। ਇਸ ਇੰਟਰਵਿਊ ਦੌਰਾਨ ਭਗਵੰਤ ਮਾਨ ਨੇ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ, ਆਮ ਆਦਮੀ ਪਾਰਟੀ ਦੀਆਂ ਚੋਣ ਤਿਆਰੀਆਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 10 ਸਾਲਾਂ ਦੇ ਕੰਮ-ਕਾਜ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਅਤੇ ਅਕਾਲੀ ਦਲ ਤੋਂ ਇਲਾਵਾ ਸੂਬੇ ਦੀ ਭਾਜਪਾ ਇਕਾਈ ਦੇ ਪ੍ਰਧਾਨ ਸੁਨੀਲ ਜਾਖੜ ’ਤੇ ਜਿੱਥੇ ਬੇਬਾਕ ਤਰੀਕੇ ਨਾਲ ਆਪਣੇ ਵਿਚਾਰ ਰੱਖੇ, ਉੱਥੇ ਹੀ ਆਪਣੇ ਪਰਿਵਾਰ ’ਚ ਹਾਲ ਹੀ ’ਚ ਆਈ ਖ਼ੁਸ਼ੀ ਨੂੰ ਲੈ ਕੇ ਵੀ ਦਿਲ ਖੋਲ੍ਹ ਕੇ ਚਰਚਾ ਕੀਤੀ। ਪੇਸ਼ ਹੈ ਭਗਵੰਤ ਮਾਨ ਦੀ ਪੂਰੀ ਇੰਟਰਵਿਊ

ਪੰਜਾਬ ’ਚ ਪਹਿਲੀ ਵਾਰ 13-0 ਦਾ ਹੋਵੇਗਾ ਨਤੀਜਾ
ਭਗਵੰਤ ਮਾਨ ਨੇ ਕਿਹਾ ਕਿ ਅਸੀਂ ਸੂਬੇ ਦੀਆਂ 13 ਲੋਕ ਸਭਾ ਸੀਟਾਂ ਜਿੱਤਾਂਗੇ ਅਤੇ ਪਹਿਲੀ ਵਾਰ ਪੰਜਾਬ ’ਚ 13-0 ਦਾ ਨਤੀਜਾ ਹੋਵੇਗਾ। ਵਿਧਾਨ ਸਭਾ ਚੋਣਾਂ ’ਚ ਵੀ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ 92 ਸੀਟਾਂ ਦਾ ਬੰਪਰ ਬਹੁਮਤ ਦਿੱਤਾ ਸੀ ਅਤੇ ਇਸ ਪਿਆਰ ਦੇ ਅਸੀਂ ਸ਼ੁਕਰਗੁਜ਼ਾਰ ਹਾਂ। ਇਸੇ ਪਿਆਰ ਕਾਰਨ ਅਸੀਂ ਪਿਛਲੇ ਦੋ ਸਾਲਾਂ ’ਚ ਜਨਤਾ ਦੇ ਵਿਚ ਜਾ ਕੇ ਕੰਮ ਕੀਤਾ ਹੈ ਅਤੇ ਹੁਣ ਲੋਕ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਜਿੱਤ ਕੇ ਇਤਿਹਾਸ ਰਚੇਗੀ। ਮੈਂ ਵੱਖ-ਵੱਖ ਥਾਵਾਂ ’ਤੇ ਜਾ ਕੇ ਖ਼ੁਦ ਲੋਕਾਂ ਨਾਲ ਰੂ-ਬ-ਰੂ ਹੋ ਰਿਹਾ ਹਾਂ। ਸੂਬੇ ’ਚ ਪਹਿਲਾ ਮੁੱਦਾ ਬਿਜਲੀ ਦਾ ਹੈ, ਅੱਜ 90 ਫ਼ੀਸਦੀ ਘਰਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ। ਨਾਲ ਹੀ ਬਿਜਲੀ ਬੋਰਡ ਨੂੰ ਵੀ ਕੋਈ ਘਾਟਾ ਨਹੀਂ ਪੈਣ ਦਿੱਤਾ। ਨਾਲ ਹੀ, ਖੇਤਾਂ ’ਚ ਲਗਾਤਾਰ ਬਿਜਲੀ ਸਪਲਾਈ ਹੋ ਰਹੀ ਹੈ। ਪਹਿਲਾਂ 8 ਘੰਟੇ ਬਿਜਲੀ ਕੱਟ ਲੱਗਦੇ ਸਨ, ਅੱਜ ਉਹ ਸਥਿਤੀ ਨਹੀਂ ਹੈ। ਨਾਲ ਹੀ, ਝੋਨੇ ਦੀ ਬਿਜਾਈ ਦੌਰਾਨ 12 ਤੋਂ 14 ਘੰਟੇ ਬਿਜਲੀ ਸਪਲਾਈ ਲਗਾਤਾਰ ਦਿੱਤੀ ਜਾ ਰਹੀ ਹੈ। ਝਾਰਖੰਡ ’ਚ ਕੋਲਾ ਖਾਨ ’ਚ 70 ਲੱਖ ਮਿਲੀਅਨ ਟਨ ਕੋਲੇ ਦਾ ਉਤਪਾਦਨ ਹੁੰਦਾ ਹੈ। ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਆਪਣੇ ਚਹੇਤਿਆਂ ਨੂੰ ਕੋਲੇ ਦੀ ਸਪਲਾਈ ਕਰਦੀਆਂ ਰਹੀਆਂ ਹਨ ਪਰ ਅਸੀਂ ਪ੍ਰਾਈਵੇਟ ਥਰਮਲ ਪਲਾਟ ਵੀ ਖ਼ਰੀਦਿਆ ਹੈ। ਹੁਣ ਇੰਡਸਟਰੀ ’ਚ ਵੀ ਬਿਜਲੀ ਸਸਤੀ ਕੀਤੀ ਜਾਵੇਗੀ, ਤਾਂ ਕਿ ਪੰਜਾਬ ’ਚ ਇੰਡਸਟਰੀ ਨੂੰ ਹੁਲਾਰਾ ਮਿਲ ਸਕੇ। ਹੁਣ ਆਪਣਾ ਕੋਲਾ ਹੋਣ ਨਾਲ ਬਿਜਲੀ ਸਸਤੀ ਮਿਲਣੀ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਪੂਰੇ ਵਿਜ਼ਨ ਨਾਲ ਚੱਲਦੇ ਹਾਂ। ਅਸੀਂ 1100 ਮੈਗਾਵਾਟ ਦੇ ਸੋਲਰ ਪਾਵਰ ਦਾ ਸੌਦਾ ਕੀਤਾ ਹੈ, ਜੋ 2.76 ਪੈਸੇ ਰੇਟ ’ਤੇ ਮਿਲ ਰਿਹਾ ਸੀ, ਪਰ ਉਸ ’ਚ ਅਸੀਂ ਰੇਟ ਘਟਾਏ, ਜਿਸ ’ਚ ਇਕ ਸਾਲ ਦੇ ਅੰਦਰ 300 ਕਰੋੜ ਰੁਪਏ ਦੀ ਬੱਚਤ ਹੋਣ ਵਾਲੀ ਹੈ, ਜਿਸ ਨੂੰ ਸੂਬੇ ਦੇ ਵਿਕਾਸ ’ਤੇ ਖ਼ਰਚਿਆ ਜਾਵੇਗਾ। ਇਸ ਤਰ੍ਹਾਂ ਸਾਡੀ ਸਰਕਾਰ ਲੋਕਾਂ ਦਾ ਪੈਸਾ ਬਚਾ ਕੇ ਖਜ਼ਾਨੇ ’ਚ ਲਿਆ ਕੇ ਲੋਕਾਂ ਦੇ ਵਿਕਾਸ ’ਤੇ ਹੀ ਲਗਾ ਰਹੀ ਹੈ, ਜਿਸ ਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਹਨ। ਸਾਰੇ ਵਿਧਾਇਕਾਂ ਦੀ ਇਕ ਪੈਨਸ਼ਨ ਕੀਤੀ ਗਈ, ਉਸ ਤੋਂ ਬਾਅਦ 43000 ਤੋਂ ਵੱਧ ਨੌਕਰੀਆਂ ਦਿੱਤੀਆਂ ਗਈਆਂ, ਇਸ ਤੋਂ ਬਾਅਦ ਬਿਜਲੀ ਮੁਫ਼ਤ ਦਿੱਤੀ ਗਈ, ਇਸ ਤੋਂ ਬਾਅਦ ਤੀਰਥ ਯਾਤਰਾ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ, ਇਸ ਤੋਂ ਬਾਅਦ ਸੜਕ ਸੁਰੱਖਿਆ ਫੋਰਸ ਬਣਾਈ ਗਈ, ਜਿਸ ਦੀ ਲੋਕਾਂ ਵੱਲੋਂ ਕਾਫ਼ੀ ਸ਼ਲਾਘਾ ਕੀਤੀ ਗਈ। ਕਿਉਂਕਿ ਜਦੋਂ ਮੈਂ ਅੰਕੜੇ ਕੱਢੇ ਤਾਂ ਪਤਾ ਲੱਗਾ ਕਿ ਪੰਜਾਬ ’ਚ ਰੋਜ਼ਾਨਾ 14 ਮੌਤਾਂ ਹੋ ਰਹੀਆਂ ਹਨ, ਇਕ ਮਹੀਨੇ ’ਚ 510, ਸਾਲ ’ਚ 6000 ਤੋਂ ਵੱਧ ਮੌਤਾਂ ਹੁੰਦੀਆਂ ਹਨ, ਜਿਸ ’ਤੇ ਇਕ ਮੀਟਿੰਗ ਬੁਲਾ ਕੇ ਫ਼ੈਸਲਾ ਲਿਆ ਗਿਆ ਕਿ ਸੜਕ ਸੁਰੱਖਿਆ ਫੋਰਸ ਬਣਾਈ ਜਾਵੇ, ਜਿਸ ’ਚ ਨਵੀਆਂ ਭਰਤੀਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ, ਜਿਸ ’ਚ ਸੜਕ ਸੁਰੱਖਿਆ ਫੋਰਸ ਬਣਾਈ ਗਈ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਐਨਕਾਊਂਟਰ ਦੌਰਾਨ ਫੜੇ ਗਏ ਚਿੰਟੂ ਗਰੁੱਪ ਦੇ ਬਦਮਾਸ਼ ਦੀ ਮੌਤ, ਭੈਣ ਨੇ ਲਗਾਏ ਗੰਭੀਰ ਦੋਸ਼

4 ਜੂਨ ਨੂੰ ਖੁੱਲ੍ਹ ਜਾਣਗੀਆਂ ਜਲੰਧਰ ਦੇ ਭਾਜਪਾ ਉਮੀਦਵਾਰ ਦੀਆਂ ਅੱਖਾਂ
ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਅਤੇ ਪਾਰਟੀ ਦੇ ਐਲਾਨੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਵੱਲੋਂ ਭਾਜਪਾ ਜੁਆਇਨ ਕੀਤੇ ਜਾਣ ਦੇ ਸਵਾਲ ’ਤੇ ਭਗਵੰਤ ਮਾਨ ਨੇ ਕਿਹਾ ਕਿ 4 ਜੂਨ ਨੂੰ ਵੇਖ ਲੈਣਾ ਉਹ ਇਨਸਾਨ ਫਿਰ ਉਥੇ ਹੀ ਆ ਜਾਵੇਗਾ, ਜਿੱਥੋਂ ਉਹ ਸ਼ੁਰੂ ਹੋਇਆ ਸੀ। ਕਈ ਵਾਰ ਇਨਸਾਨ ਨੂੰ ਗਲਤਫਹਿਮੀ ਹੋ ਜਾਂਦੀ ਹੈ ਕਿ ਮੈਂ ਅਜਿਹਾ ਕਰਾਂਗਾ ਤਾਂ ਅਜਿਹਾ ਹੋ ਜਾਵਾਂਗਾ ਪਰ ਉੱਪਰ ਪਰਮਾਤਮਾ ਹੁੰਦਾ ਹੈ, ਜੋ ਸਭ ਕੁਝ ਵੇਖਦਾ ਹੈ। ਲੋਕਾਂ ਵਿਚ ਪਰਮਾਤਮਾ ਵੱਸਦਾ ਹੈ ਅਤੇ ਲੋਕਾਂ ਨੂੰ ਵੀ ਸਭ ਪਤਾ ਹੈ ਕਿ ਅਸੀਂ ਉਸ ਨੂੰ ਕਿਥੋਂ ਲੈ ਆਏ ਸੀ ਅਤੇ ਕਿਥੇ ਚਲੇ ਗਿਆ। ਜਲੰਧਰ ਵਿਚ ਮੈਂ ਹੁਣ ਵੀ ਪ੍ਰਚਾਰ ਕਰਾਂਗਾ। ਪਿਛਲੀ ਵਾਰ ਦੇ ਮੁਕਾਬਲੇ ਜ਼ਿਆਦਾ ਵੋਟਾਂ ਨਾਲ ਜਿੱਤਾਂਗੇ।

ਸਰਕਾਰ ਨਹੀਂ ਤੋੜ ਸਕਦੀ ਭਾਜਪਾ, ਕੋਈ ਨੇਤਾ ਸੰਪਰਕ ’ਚ ਨਹੀਂ
ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਭਾਜਪਾ ਵਿਚ ਸੰਪਰਕ ਹੋਣ ਦੀ ਆ ਰਹੀਆਂ ਖ਼ਬਰਾਂ ਦੇ ਸਵਾਲ ਦੇ ਜਵਾਬ ਵਿਚ ਭਗਵੰਤ ਮਾਨ ਨੇ ਕਿਹਾ ਕਿ ਕਿਸ ਚੀਜ਼ ਲਈ ਸੰਪਰਕ ਵਿਚ ਹਨ, ਕੀ ਮਤਲਬ, ਅਜਿਹਾ ਤਾਂ ਨਹੀਂ ਹੈ ਕਿ ਪੰਜਾਬ ਸਰਕਾਰ ਚੱਲ ਨਹੀਂ ਰਹੀ। ਪੰਜਾਬ ਸਰਕਾਰ ਮਜ਼ਬੂਤ ਸਥਿਤੀ ਵੀ ਹੈ ਅਤੇ ਸਹੀ ਤਰੀਕੇ ਨਾਲ ਚੱਲ ਰਹੀ ਹੈ। ਕਿੰਨੇ ਸਾਰੇ ਕੰਮਾਂ ਵਿਚ ਪੰਜਾਬ ਨੰਬਰ ਇਕ ਹੈ। ਭਾਜਪਾ ਸਰਕਾਰ ਤੋੜਨ ਦੀਆਂ ਲੱਖ ਕੋਸ਼ਿਸ਼ਾਂ ਕਰ ਲਵੇ ਪਰ ਮੈਂ ਉਨ੍ਹਾਂ ਨੂੰ ਇਹ ਦੱਸ ਦਿੰਦਾ ਹਾਂ ਕਿ ਇਹ ਪੰਜਾਬ ਹੈ। ਪੰਜਾਬ ਦੇ ਲੋਕਾਂ ਨੂੰ ਜੇਕਰ ਪਿਆਰ ਨਾਲ ਬੁਲਾਓਗੇ ਤਾਂ ਜਾਹਰ ਹੈ ਪਿਆਰ ਮਿਲੇਗਾ ਪਰ ਜੇਕਰ ਧੱਕੇਸ਼ਾਹੀ ਕਰੋਗੇ ਤਾਂ ਇਸ ਦਾ ਜਵਾਬ ਠੋਕ ਕੇ ਦੇਣਗੇ। ਜਿਸ ਤਰ੍ਹਾਂ ਨਾਲ ਇਨ੍ਹਾਂ ਨੇ 26 ਜਨਵਰੀ ਨੂੰ ਝਾਂਕੀਆਂ ਨੂੰ ਬਾਹਰ ਕੱਢਿਆ ਹੈ ਅਤੇ ਭਗਤ ਸਿੰਘ ਅਤੇ ਰਾਜਗੁਰੂ ਵਰਗੇ ਸ਼ਹੀਦਾਂ ਦੀਆਂ ਝਾਂਕੀਆਂ ਨੂੰ ਰਿਜੈਕਟ ਕੀਤਾ ਹੈ ਤਾਂ ਇਹ ਭੁੱਲ ਜਾਓ ਕਿ ਪੰਜਾਬ ਦੇ ਲੋਕ ਇਸ ਗੱਲ ਨੂੰ ਮੁਆਫ਼ ਕਰ ਦੇਣਗੇ। ਮੈਂ ਤਾਂ ਇਹੋ ਕਹਿਣਾ ਚਾਹਾਂਗਾ ਕਿ ‘ਕੌਮ ਕੋ ਕਬੀਲੋਂ ਮੇਂ ਮਤ ਬਾਂਟੀਏ, ਲੰਬੇ ਸਫ਼ਰ ਕੋ ਮੀਲੋਂ ਮੇਂ ਮਤ ਬਾਂਟੀਏ, ਏਕ ਬਹਤਾ ਦਰੀਆ ਹੈ ਮੇਰਾ ਭਾਰਤ ਦੇਸ਼, ਇਸ ਕੋ ਨਦੀਓਂ ਔਰ ਝੀਲੋਂ ਮੇਂ ਮਤ ਬਾਂਟੀਏ।

ਕੇਜਰੀਵਾਲ ਨੂੰ ਤਾਂ ਗ੍ਰਿਫ਼ਤਾਰ ਕਰ ਲਿਆ, ਸੋਚ ਨੂੰ ਕਿਵੇਂ ਗ੍ਰਿਫ਼ਤਾਰ ਕਰੋਗੇ
ਭਗਵੰਤ ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਇਕ ਸੋਚ ਦਾ ਨਾਂ ਹੈ, ਇਕ ਸੋਚ ਨੂੰ ਕਿਵੇਂ ਕੈਦ ਕਰ ਲਵੋਗੇ। ਕੇਜਰੀਵਾਲ ਇਕ ਵਿਅਕਤੀ ਨਹੀਂ, ਸਗੋਂ ਇਕ ਸੰਸਥਾ ਹੈ। ਉਨ੍ਹਾਂ ਨੇ ਰਾਮਲੀਲਾ ਮੈਦਾਨ ਤੋਂ ਸਿਆਸਤ ਦੀ ਸ਼ੁਰੂਆਤ ਕੀਤੀ ਸੀ। ਅਸੀਂ ਸਿਆਸਤ ਕਰਨ ਨਹੀਂ, ਸਿਆਸਤ ਸਿਖਾਉਣ ਆਏ ਹਾਂ। 10 ਸਾਲਾਂ ਦੇ ਅੰਦਰ ਦੋ ਸੂਬਿਆਂ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। 10 ਐੱਮ. ਪੀ. ਸਾਡੇ ਰਾਜ ਸਭਾ ’ਚ ਹਨ, ਐੱਮ. ਸੀ. ਡੀ. ਦਿੱਲੀ ’ਚ ਅਸੀਂ ਬਹੁਮਤ ’ਚ ਹਾਂ। 5 ਐੱਮ. ਐੱਲ. ਏ. ਗੁਜਰਾਤ ’ਚ ਹਨ, 2 ਐੱਮ. ਐੱਲ. ਏ. ਗੋਆ ’ਚ ਹਨ। ਮੱਧ ਪ੍ਰਦੇਸ਼ ਦੇ ਸੰਗਰੌਲੀ ਸ਼ਹਿਰ ’ਚ ਸਾਡੀ ਮਹਿਲਾ ਮੇਅਰ ਹੈ। ਚੰਡੀਗੜ੍ਹ ’ਚ ਮੇਅਰ ਸਾਡਾ ਹੈ। 10 ਸਾਲਾਂ ਦੇ ਅੰਦਰ ਸਾਡੀ ਪਾਰਟੀ ਇਕ ਨੈਸ਼ਨਲ ਪਾਰਟੀ ਬਣ ਕੇ ਉੱਭਰੀ ਹੈ। ਬੱਸ ਇਹੀ ਗੱਲ ਦੂਜੀਆਂ ਪਾਰਟੀਆਂ ਨੂੰ ਚੁਭ ਰਹੀ ਹੈ। ਪਰ ਮੈਂ ਦੱਸ ਦੇਵਾਂ ਕਿ ਇਹ ਆਮ ਆਦਮੀ ਪਾਰਟੀ ਹੈ, ਕਦੇ ਡਰਦੀ ਨਹੀਂ।

ਇਹ ਵੀ ਪੜ੍ਹੋ: ਪੰਜਾਬ 'ਚ 13 ਸਾਲ ਬਾਅਦ ਠੰਡਾ ਬੀਤਿਆ ਮਾਰਚ, ਆਉਣ ਵਾਲੇ ਦਿਨਾਂ ਲਈ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ

ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਨਾਲ ਆਮ ਆਦਮੀ ਪਾਰਟੀ ਦੀਆਂ ਚੋਣ ਸੰਭਾਵਨਾਵਾਂ ’ਤੇ ਕਿੰਨਾ ਅਸਰ ਪਵੇਗਾ
ਆਮ ਆਦਮੀ ਪਾਰਟੀ ਹਮੇਸ਼ਾ ਚੁਣੌਤੀਆਂ ਨਾਲ ਭਰੀ ਹੈ। ਇਹ ਪਾਰਟੀ ਨਿਕਲੀ ਹੀ ਅੰਦੋਲਨ ’ਚੋਂ ਹੈ। ਦਿੱਲੀ ’ਚ ਹਰ ਰੋਜ਼ ਐੱਲ. ਜੀ. ਨਾਲ ਕਿਸੇ ਨਾ ਕਿਸੇ ਗੱਲ ’ਤੇ ਤਣਾਅ, ਹਰ ਰੋਜ਼ ਕੋਈ ਨਾ ਕੋਈ ਗ੍ਰਿਫ਼ਤਾਰੀ, ਹਰ ਰੋਜ਼ ਸਾਡੇ ਵਿਧਾਇਕਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਆਫਰਾਂ ਦੇਣਾ, ਸਤੇਂਦਰ ਜੈਨ ਅਤੇ ਮਨੀਸ਼ ਸਿਸੋਦੀਆ ਨੂੰ ਗ੍ਰਿਫ਼ਤਾਰ ਕਰਨਾ। ਇਸ ਤੋਂ ਬਾਅਦ ਪੰਜਾਬ ’ਚ ਸਾਡੀ ਸਰਕਾਰ ਬਣੀ, ਇਥੇ ਵੀ ਰਾਜਪਾਲ ਨਾਲ ਕਈ ਤਰ੍ਹਾਂ ਦੇ ਮੱਤਭੇਦ ਰਹੇ। ਬਜਟ ਸੈਸ਼ਨ ਨੂੰ ਰੋਕ ਲਿਆ ਗਿਆ, ਬਿੱਲਾਂ ਦੀ ਮਨਜ਼ੂਰੀ ’ਤੇ ਰੋਕ ਲਾ ਦਿੱਤੀ ਗਈ, ਜਿਸ ਤੋਂ ਬਾਅਦ ਸਾਨੂੰ ਸੁਪਰੀਮ ਕੋਰਟ ਜਾਣਾ ਪਿਆ ਅਤੇ ਸੁਪਰੀਮ ਕੋਰਟ ਵੱਲੋਂ ਬਜਟ ਸੈਸ਼ਨ ਦੀ ਮਨਜ਼ੂਰੀ ਦਿੱਤੀ ਗਈ। ਇਸੇ ਤਰ੍ਹਾਂ 26 ਜਨਵਰੀ ’ਚ ਸਾਡੀਆਂ ਝਾਕੀਆਂ ਬਾਹਰ ਕਰ ਦਿੱਤੀਆਂ ਗਈਆਂ। ਇਸ ਲਈ, ਇਸ ਤਰ੍ਹਾਂ ਸਾਡੇ ਲਈ ਹਮੇਸ਼ਾ ਚੁਣੌਤੀਆਂ ਹੀ ਰਹੀਆਂ ਹਨ। ਇਨ੍ਹਾਂ ਸਾਰਿਆਂ ਲਈ ਅਸੀਂ ਹਮੇਸ਼ਾ ਲੜਦੇ ਰਹੇ ਹਾਂ ਅਤੇ ਅੱਗੇ ਵੀ ਲੜਾਂਗੇ। ਆਉਣ ਵਾਲੇ ਸਮੇਂ ’ਚ ਅਸੀਂ ਇਕ ਵੱਡੀ ਸ਼ਕਤੀ ਬਣ ਕੇ ਉੱਭਰਾਂਗੇ ਅਤੇ ਪੰਜਾਬ ’ਚ 13 ਸੀਟਾਂ ’ਤੇ ਜਿੱਤ ਹਾਸਲ ਕਰਾਂਗੇ।

ਦੇਸ਼ ’ਚ ਆਮ ਆਦਮੀ ਪਾਰਟੀ ਲਈ ਪ੍ਰਚਾਰ ਕਿਵੇਂ ਕਰੋਗੇ
ਮੈਂ ਪਾਰਟੀ ਦਾ ਵਫ਼ਾਦਾਰ ਸਿਪਾਹੀ ਹਾਂ, ਮੈਂ ਪ੍ਰਚਾਰ ਲਈ ਪਹਿਲਾਂ ਵੀ ਜਾਂਦਾ ਰਿਹਾ ਹਾਂ, ਹੁਣ ਵੀ ਜਾਵਾਂਗਾ। ਜੇ ਮੈਨੂੰ ਕੰਧਾਂ ’ਤੇ ਪੋਸਟਰ ਲਾਉਣ ਦੀ ਡਿਊਟੀ ਦਿੱਤੀ ਜਾਵੇ ਤਾਂ ਉਹ ਵੀ ਮੈਂ ਖ਼ੁਸ਼ੀ ਨਾਲ ਨਿਭਾਵਾਂਗਾ। ਜੇ ਮੇਰੀ ਲੁਧਿਆਣਾ ’ਚ ਝਾੜੂ ਲਾਉਣ ਦੀ ਡਿਊਟੀ ਲਾ ਦਿੱਤੀ ਜਾਵੇ, ਮੇਰੀ ਡਿਊਟੀ ਦਿੱਲੀ, ਕੁਰੂਕਸ਼ੇਤਰ, ਗੁਜਰਾਤ ਲੱਗੇ, ਆਸਾਮ ਲੱਗੇ, ਮੈਂ ਖ਼ੁਸ਼ੀ ਨਾਲ ਨਿਭਾਵਾਂਗਾ।

ਮੁੱਖ ਮੰਤਰੀ ਦੇ ਚੋਣ ਮੁੱਦੇ
•ਪੰਜਾਬ ਦੇ 90 ਫ਼ੀਸਦੀ ਲੋਕਾਂ ਨੂੰ ਮੁਫ਼ਤ ਬਿਜਲੀ ਦਿੱਤੀ ਗਈ
•ਝਾਰਖੰਡ ਦੀ ਖਾਨ ਤੋਂ 70 ਲੱਖ ਮਿਲੀਅਨ ਟਨ ਕੋਲੇ ਦਾ ਉਤਪਾਦਨ
•1100 ਮੈਗਾਵਾਟ ਸੋਲਰ ਪਾਵਰ ਦਾ ਸੌਦਾ ਕੀਤਾ, 300 ਕਰੋੜ ਰੁਪਏ ਦੀ ਬੱਚਤ ਹੋਵੇਗੀ
•ਝੋਨੇ ਦੀ ਬਿਜਾਈ ਦੌਰਾਨ 12 ਤੋਂ 14 ਘੰਟੇ ਬਿਜਲੀ ਸਪਲਾਈ ਕੀਤੀ ਗਈ
•ਸੂਬੇ ਦੇ 43000 ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ
• ਸੜਕ ਸੁਰੱਖਿਆ ਫੋਰਸ ਲਾਗੂ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਬਣਿਆ
•ਇਸ ਯੋਜਨਾ ਨਾਲ ਪੰਜਾਬ ’ਚ ਹਰ ਸਾਲ 6 ਹਜ਼ਾਰ ਕੀਮਤੀ ਜਾਨਾਂ ਬਚਣਗੀਆਂ

ਇਹ ਵੀ ਪੜ੍ਹੋ: ਸਪੇਨ ਦੀ ਥਾਂ ਭੇਜਿਆ ਮੋਰੱਕੋ, 20 ਲੱਖ ਦੇ ਕਰਜ਼ੇ ਹੇਠਾਂ ਆਇਆ ਗ਼ਰੀਬ ਪਰਿਵਾਰ, ਵਾਪਸ ਪਰਤ ਸੁਣਾਈ ਦੁੱਖ਼ਭਰੀ ਦਾਸਤਾਨ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News