ਫਿਨਿਸ਼ਿੰਗ ''ਚ ਸੁਧਾਰ ''ਤੇ ਰਹੇਗਾ ਧਿਆਨ : ਹਰਮਨਪ੍ਰੀਤ
Wednesday, Aug 31, 2022 - 09:50 PM (IST)

ਬੈਂਗਲੁਰੂ : ਸਟਾਰ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਭਾਰਤੀ ਪੁਰਸ਼ ਹਾਕੀ ਟੀਮ ਆਗਾਮੀ ਐੱਫ. ਆਈ. ਐੱਚ. ਹਾਕੀ ਪ੍ਰੋ ਲੀਗ ਦੀ ਤਿਆਰੀ ਲਈ ਆਪਣੇ ਫਿਨਿਸ਼ਿੰਗ ਕੌਸ਼ਲ 'ਤੇ ਕੰਮ ਕਰੇਗੀ। ਇਸ ਮਹੀਨੇ ਦੇ ਸ਼ੁਰੂ ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤਣ ਵਾਲੀ ਭਾਰਤੀ ਟੀਮ 28 ਅਕਤੂਬਰ ਤੋਂ ਸ਼ੁਰੂ ਹੋ ਰਹੀ ਹਾਕੀ ਪ੍ਰੋ ਲੀਗ ਦੀਆਂ ਤਿਆਰੀਆਂ ਤੋਂ ਪਹਿਲਾਂ ਸੋਮਵਾਰ ਤੋਂ ਇੱਥੇ ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ) ਦੇ ਕੇਂਦਰ ਦੇ ਕੈਂਪ ਵਿੱਚ ਹਿੱਸਾ ਲੈ ਰਹੀ ਹੈ।
ਹਾਕੀ ਇੰਡੀਆ ਵੱਲੋਂ ਜਾਰੀ ਇਕ ਬਿਆਨ 'ਚ ਹਰਮਨਪ੍ਰੀਤ ਨੇ ਕਿਹਾ, 'ਅਸੀਂ ਅਭਿਆਸ ਸੈਸ਼ਨ 'ਚ ਹਿੱਸਾ ਲਵਾਂਗੇ ਅਤੇ ਸਾਡਾ ਮੁੱਖ ਧਿਆਨ ਹਮੇਸ਼ਾ ਸਾਡੀ ਫਿਨਿਸ਼ਿੰਗ ਅਤੇ ਖਿਡਾਰੀਆਂ ਵਿਚਾਲੇ ਤਾਲਮੇਲ ਅਤੇ ਇਸ ਤਾਲਮੇਲ ਨੂੰ ਬਿਹਤਰ ਬਣਾਉਣ 'ਤੇ ਹੋਵੇਗਾ।' ਉਸ ਨੇ ਕਿਹਾ, "ਅਸੀਂ ਇਸ ਗੱਲ 'ਤੇ ਧਿਆਨ ਦੇਵਾਂਗੇ ਕਿ ਖਿਡਾਰੀਆਂ ਵਿਚਕਾਰ ਗੇਂਦ ਨੂੰ ਲਿਜਉਂਦੇ ਵੇਲੇ ਅਸੀਂ ਆਪਣੇ ਸਮੇਂ ਨੂੰ ਕਿਵੇਂ ਸੁਧਾਰ ਸਕਦੇ ਹਾਂ ਅਤੇ ਗੇਂਦ ਨੂੰ ਡਿਫੈਂਸ ਤੋਂ ਲੈ ਕੇ ਹਮਲਾਵਰਤਾ ਤਕ ਲੈ ਜਾਂਦੇ ਵੇਲੇ ਆਪਣੇ ਸਮੇਂ 'ਚ ਕਿਵੇਂ ਸੁਧਾਰ ਸਕਦੇ ਹਾਂ।"
ਇਹ ਵੀ ਪੜ੍ਹੋ : ਏਸ਼ੀਆ ਕੱਪ 2022 : ਭਾਰਤ-ਪਾਕਿਸਤਾਨ ਕੋਲੋਂ ਮੈਚ ਦੌਰਾਨ ਹੋਈ ਇਹ ਗ਼ਲਤੀ, ਹੁਣ ਭਰਨਾ ਪਵੇਗਾ ਜੁਰਮਾਨਾ
ਹਰਮਨਪ੍ਰੀਤ ਨੇ ਕਿਹਾ, 'ਸਾਡੇ ਲਈ ਹਰ ਮੈਚ ਮਹੱਤਵਪੂਰਨ ਹੁੰਦਾ ਹੈ। ਸਾਡਾ ਟੀਚਾ ਹਮੇਸ਼ਾ ਹਰ ਮੈਚ ਜਿੱਤਣਾ ਰਿਹਾ ਹੈ। ਵਿਸ਼ਵ ਕੱਪ ਤੋਂ ਪਹਿਲਾਂ ਸਾਡੇ ਕੋਲ ਜ਼ਿਆਦਾ ਸਮਾਂ ਨਹੀਂ ਬਚਿਆ ਹੈ। ਇਸ ਲਈ ਟੂਰਨਾਮੈਂਟ ਤੋਂ ਪਹਿਲਾਂ ਸਾਨੂੰ ਜਿੰਨੇ ਜ਼ਿਆਦਾ ਮੈਚ ਖੇਡਣ ਲਈ ਮਿਲਣਗੇ, ਇਹ ਸਾਡੇ ਲਈ ਓਨਾ ਹੀ ਫਾਇਦੇਮੰਦ ਹੋਵੇਗਾ।
ਐਫ. ਆਈ. ਐਚ. ਹਾਕੀ ਵਿਸ਼ਵ ਕੱਪ ਲਈ ਪੂਲ ਡਰਾਅ 8 ਸਤੰਬਰ ਨੂੰ ਹੋਵੇਗਾ ਅਤੇ ਹਰਮਨਪ੍ਰੀਤ ਨੇ ਕਿਹਾ ਕਿ ਟੀਮ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹੈ। ਉਸ ਨੇ ਕਿਹਾ, 'ਅਸੀਂ ਵਿਸ਼ਵ ਕੱਪ ਡਰਾਅ 'ਤੇ ਧਿਆਨ ਨਹੀਂ ਦੇ ਰਹੇ ਹਾਂ। ਸਾਨੂੰ ਮੈਚ ਖੇਡਣਾ ਹੋਵੇਗਾ ਅਤੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਹੋਵੇਗਾ, ਭਾਵੇਂ ਅਸੀਂ ਕਿਸੇ ਵੀ ਵਿਰੋਧੀ ਦੇ ਖਿਲਾਫ ਖੇਡ ਰਹੇ ਹੋਵਾਂਗੇ। ਸਾਨੂੰ ਆਪਣੀ ਖੇਡ ਅਤੇ ਆਪਣੀ ਤਾਕਤ ਦਿਖਾਉਣੀ ਹੋਵੇਗੀ ਅਤੇ ਹਾਂ-ਪੱਖੀ ਨਤੀਜੇ ਹਾਸਲ ਕਰਨੇ ਹੋਣਗੇ।' ਵਿਸ਼ਵ ਕੱਪ ਅਗਲੇ ਸਾਲ 13 ਤੋਂ 29 ਜਨਵਰੀ ਤੱਕ ਭੁਵਨੇਸ਼ਵਰ ਅਤੇ ਰਾਉਰਕੇਲਾ ਵਿੱਚ ਹੋਣ ਵਾਲਾ ਹੈ। ਭਾਰਤੀ ਟੀਮ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਬਰਮਿੰਘਮ ਵਿੱਚ ਫਾਈਨਲ ਵਿੱਚ ਆਸਟਰੇਲੀਆ ਤੋਂ 0-7 ਨਾਲ ਹਾਰ ਕੇ ਚਾਂਦੀ ਦਾ ਤਗ਼ਮਾ ਜਿੱਤਿਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।